ਪੰਜਾਬ ਦੇ ਸਮੂਹ ਸਰਕਾਰੀ ਤੇ ਏਡਿਡ ਸਕੂਲਾਂ ਦਾ ਸਮਾਂ 7:30 ਤੋਂ 12 ਵਜੇ ਤੱਕ ਕੀਤਾ

daljit cheema

ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਅੱਜ 21 ਮਈ ਤੋਂ ਸਮਾਂ ਤਬਦੀਲ ਕੀਤਾ
ਛੁੱਟੀਆਂ ਤੱਕ ਸਵੇਰ ਦੀ ਸਭਾ ਕੀਤੀ ਬੰਦ, ਪਹਿਲੇ ਪੀਰੀਅਡ ਵਿੱਚ ਕਲਾਸ ਰੂਮ ਵਿੱਚ ਹੋਵੇਗਾ ਰਾਸ਼ਟਰ ਗਾਣ
ਸਿੱਖਿਆ ਮੰਤਰੀ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਆਪਣੇ ਪੱਧਰ ‘ਤੇ ਫੈਸਲਾ ਲੈਣ ਦੀਆਂ ਦਿੱਤੀਆਂ ਹਦਾਇਤਾਂ
ਚੰਡੀਗੜ੍ਹ, 20 ਮਈ : ਵਧਦੀ ਗਰਮੀ ਨੂੰ ਦੇਖਦਿਆਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਕ ਫੈਸਲਾ ਲੈਂਦਿਆਂ ਪੰਜਾਬ ਦੇ ਸਮੂਹ ਸਰਕਾਰੀ ਤੇ ਏਡਿਡ ਸਕੂਲਾਂ ਦਾ ਸਮਾਂ ਤਬਦੀਲ ਕਰ ਕੇ ਸਵੇਰੇ ਸਾਢੇ ਸੱਤ (7:30) ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਨ ਦਾ ਫੈਸਲਾ ਕੀਤਾ| ਤਬਦੀਲ ਕੀਤਾ ਸਮਾਂ ਭਲਕੇ 21 ਮਈ ਤੋਂ 31 ਮਈ 2016 ਤੱਕ ਲਾਗੂ ਹੋਵੇਗਾ| ਡਾ.ਚੀਮਾ ਨੇ ਸੂਬੇ ਦੇ ਬਾਕੀ ਪ੍ਰਾਈਵੇਟ ਸਕੂਲਾਂ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਕਿ ਉਹ ਵੀ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਸਕੂਲਾਂ ਦੀ ਸਥਿਤੀ ਅਨੁਸਾਰ ਆਪਣੇ ਪੱਧਰ ‘ਤੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ|
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਡਾ.ਚੀਮਾ ਨੇ ਦੱਸਿਆ ਕਿ ਵਧਦੀ ਗਰਮੀ ਨੂੰ ਦੇਖਦਿਆਂ ਸੂਬੇ ਦੇ ਸਮੂਹ ਸਰਕਾਰੀ ਤੇ ਏਡਿਡ ਸਕੂਲਾਂ ਜਿਨ੍ਹਾਂ ਵਿੱਚ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ, ਦਾ ਸਮਾਂ ਬਦਲਦਿਆਂ ਸਵੇਰੇ 7:30 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਹੈ| ਉਨ੍ਹਾਂ ਕਿਹਾ ਕਿ ਛੁੱਟੀਆਂ ਤੱਕ ਸਵੇਰ ਦੀ ਸਭਾ ਬੰਦ ਰਹੇਗੀ ਅਤੇ ਉਸ ਦੀ ਥਾਂ ਪਹਿਲੇ ਪੀਰੀਅਡ ਦੀ ਸ਼ੁਰੂਆਤ ਵਿੱਚ ਹਰ ਕਲਾਸ ਰੂਮ ਵਿੱਚ ਰਾਸ਼ਟਰ ਗਾਣ ਹੋਵੇਗਾ| ਉਨ੍ਹਾਂ ਕਿਹਾ ਕਿ ਮਿਡ ਡੇਅ ਮੀਲ (ਅੱਧੀ ਛੁੱਟੀ) ਦਾ ਸਮਾਂ ਸਮੂਹ ਸਕੂਲ ਮੁਖੀ ਆਪਣੇ ਪੱਧਰ ‘ਤੇ ਫਿਕਸ ਕਰਨਗੇ|
ਸਿੱਖਿਆ ਮੰਤਰੀ ਨੇ ਸੂਬੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਨੂੰ ਵੀ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਪੱਧਰ ‘ਤੇ ਆਪਣੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਗਰਮੀ ਦੇ ਮੌਸਮ ਕਾਰਨ ਸਮੇਂ ਵਿੱਚ ਤਬਦੀਲੀ ਕਰ ਲੈਣ| ਉਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਪੱਧਰ ‘ਤੇ ਇਹ ਸੁਨਿਸ਼ਚਤ ਕਰਨ ਕਿ ਕਿਸੇ ਵੀ ਵਿਦਿਆਰਥੀ ਦਾ ਗਰਮੀ ਕਾਰਨ ਕੋਈ ਨੁਕਸਾਨ ਨਾ ਹੋਵੇ|

Leave a Reply

Your email address will not be published. Required fields are marked *