ਮੁੱਖ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਵਿਰੁੱਧ ਮੁੜ ਨਵੇਂ ਸਿਰੇ ਤੋਂ ਕਾਰਵਾਈ ਆਰੰਭੇ ਟ੍ਰੈਫਿਕ ਪੁਲੀਸ

carss

ਸਾਡੇ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟਾਂ ਦੇ ਸਾਮ੍ਹਣੇ ਤੋਂ ਲੰਘਦੀ ਮੁੱਖ ਸੜਕ ਦੇ ਕਿਨਾਰੇ ਵਾਹਨ ਚਾਲਕਾਂ ਵਲੋਂ ਆਪਣੇ ਵਾਹਨ ਖੜ੍ਹਾ ਕਰਨ ਦੀ ਕਾਰਵਾਈਅਕਸਰ ਵੇਖਣ ਵਿੱਚ ਆ ਜਾਂਦੀ ਹੈ ਅਤੇ ਇਸ ਕਾਰਨ ਜਿੱਥੇ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ ਉੱਥੇ ਕੁੱਝ ਥਾਂਵਾਂ ਤੇ ਤਾਂ ਜਾਮ ਵਰਗੀ ਨੌਬਤ ਵੀ ਜਾਂਦੀ ਹੈ| ਫੇਜ਼ 1 ਵਿੱਚ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਦੇ ਸਾਮ੍ਹਣੇ ਤੋਂ ਲੈ ਕੇ ਫਰੈਂਕੋ ਹੋਟਲ ਤਕ ਦੀ ਸੜਕ, ਫੇਜ਼ 5 ਵਿੱਚ 3-5 ਦੀਆਂ ਲਾਈਟਾਂ ਦੇ ਨਾਲ, ਫੇਜ਼ 7 ਵਿੱਚ ਬੈਂਕ ਮਾਰਕੀਟ ਦੇ ਸਾਮ੍ਹਣੇ  ਅਤੇ ਫੇਜ਼ 7 ਵਿੱਚ ਹੀ ਐਚ ਐਮ ਕੁਆਟਰਾਂ ਦੇ ਸਾਮ੍ਹਣੇ ਵਾਲੀ ਸੜਕ, ਫੇਜ਼ 10 ਵਿੱਚ ਸਿਲਵੀ ਪਾਰਕ ਦੇ ਨੇੜੇ, ਫੇਜ਼ 11 ਵਿੱਚ ਗੁਰਦੁਆਰਾ ਸਾਹਿਬ ਦੇ ਸਾਮ੍ਹਣੇ ਪੈਂਦੀ ਸੜਕ ਅਤੇ ਅਜਿਹੀਆਂ ਹੋਰਨਾਂ ਥਾਵਾਂ ਤੇ ਆਮ ਲੋਕਾਂ ਵਲੋਂ ਅਕਸਰ ਆਪਣੀਆਂ ਗੱਡੀਆਂ ਖੜ੍ਹਾ ਦਿੱਤੀਆਂ ਜਾਂਦੀਆਂ ਹਨ ਅਤੇ ਆਪਣਾ ਥੋੜ੍ਹਾ ਜਿਹਾ ਸਮਾਂ ਬਚਾਉਣ ਦੇ ਚੱਕਰ ਵਿੱਚ ਇਹ ਵਾਹਨ ਚਾਲਕ ਮਾਰਕੀਟਾਂ ਦੀਆਂ ਪਾਰਕਿਗਾਂ ਵਿੱਚ ਜਾ ਕੇ ਵਾਹਨ ਖੜ੍ਹਾ ਕਰਨ ਦੀ ਥਾਂ ਮੁੱਖ ਸੜਕ ਤੇ ਹੀ ਆਪਣਾ ਵਾਹਨ ਖੜ੍ਹਾ ਕਰ ਦਿੰਦੇ ਹਨ| ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਤੇ ਖੜ੍ਹਦੀਆਂ ਗੱਡੀਆਂ ਦੀ ਇਹ ਸਮੱਸਿਆ ਬਹੁਤ ਪੁਰਾਣੀ ਹੈ| ਪਿਛਲੇ ਸਮੇਂ ਦੌਰਾਨ ਪੁਲੀਸ ਵਲੋਂ ਵਾਹਨ ਚਾਲਕਾਂ ਦੀ ਇਸ ਕਾਰਵਾਈ ਨੂੰ ਅਣਦੇਖਿਆ ਕੀਤੇ ਜਾਣ ਕਾਰਨ ਇਸ ਸਮੱਸਿਆ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਹਰ ਵੇਲੇ ਗੱਡੀਆਂ ਖੜ੍ਹੀਆਂ ਦਿਖਦੀਆਂ ਹਨ|
ਡੇਢ ਕੁ ਸਾਲ ਪਹਿਲਾਂ ਜਿਲ੍ਹਾ ਪੁਲੀਸ ਮੁਖੀ ਵਲੋਂ ਖੁਦ ਸ਼ਹਿਰ ਦਾ ਦੌਰਾ ਕਰਕੇ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਕਾਨੂੰਨ ਦੀ ਉਲੰਘਣਾ ਕਰਕੇ ਸ਼ਹਿਰ ਦੀਆਂ ਮੁੱਖ ਸੜਕਾਂ ਕਿਨਾਰੇ ਖੜ੍ਹੇ ਕੀਤੇ ਜਾਣ ਵਾਲੇ ਵਾਹਨਾਂ ਦੇ ਚਾਲਕਾਂ ਦੇ ਖਿਲਾਫ ਕਾਰਵਾਈ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੇ ਜਾਣ ਤੋਂ ਬਾਅਦ ਹਰਕਤ ਵਿਚ ਆਈ ਟ੍ਰੈਫਿਕ ਪੁਲੀਸ ਵਲੋਂ ਮੁੱਖ ਸੜਕਾਂ ਕਿਨਾਰੇ ਖੜ੍ਹਦੀਆਂ ਅਜਿਹੀਆਂ ਗੱਡੀਆਂ ਦੇ ਚਾਲਾਨ ਕਰਨ ਦੀ ਮੁਹਿੰਮ ਆਰੰਭੀ ਗਈ ਸੀ ਜਿਹੜੀ ਦੋ ਤਿੰਨ ਮਹੀਨੇ ਤਕ ਜਾਰੀ ਰਹੀ ਸੀ| ਜਿਲ੍ਹਾ ਪੁਲੀਸ ਵਲੋਂ ਆਰੰਭੀ ਗਈ ਇਸ ਵਿਸ਼ੇਸ਼ ਮੁਹਿੰਮ ਦੇ ਦੌਰਾਨ ਰੋਜਾਨਾ ਅਜਿਹੇ ਵੱਡੀ ਗਿਣਤੀ ਵਾਹਨ ਚਾਲਕਾਂ ਦੇ ਚਾਲਾਨ ਕੀਤੇ ਜਾਂਦੇ ਸਨ ਜਿਹਨਾਂ ਦੇ ਵਾਹਨ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਤੇ ਖੜ੍ਹੇ ਮਿਲਦੇ ਸਨ| ਪੁਲੀਸ ਦੀ ਇਸ ਕਾਰਵਾਈ ਦਾ ਹਾਂ ਪੱਖੀ ਅਸਰ ਵੀ ਵੇਖਣ ਵਿੱਚ ਆਇਆ  ਸੀ ਅਤੇ ਲੋਕਾਂ ਵਲੋਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹਾਉਣ ਦੀ ਕਾਰਵਾਈ ਤੇ ਵੀ ਕਾਫੀ ਹੱਦ ਤਕ ਰੋਕ ਲੱਗ ਗਈ ਸੀ| ਪਰੰਤੂ ਬਾਅਦ ਵਿੱਚ ਜਿਵੇਂ ਜਿਵੇਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਢਿੱਲੀ ਪੈਂਦੀ ਗਈ, ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਵੀ ਜੋਰ ਫੜਦੀ ਗਈ  ਅਤੇ ਹੁਣ ਹਾਲਤ ਇਹ ਹੋ ਗਈ ਹੈ ਕਿ ਇਹ ਸਮੱਸਿਆ ਇੱਕ ਵਾਰ ਫਿਰ ਕਾਫੀ ਵੱਧ ਗਈ ਹੈ|
ਟ੍ਰੈਫਿਕ ਪੁਲੀਸ ਵਲੋਂ ਮੁੱਖ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਸਾਰਥਕਤਾ ਤਾਂ ਹੀ ਹੈ ਜੇਕਰ ਇਸ ਸੰਬੰਧੀ ਟ੍ਰੈਫਿਕ ਪੁਲੀਸ ਵਲੋਂ ਲਗਾਤਾਰ ਕਾਰਵਾਈ ਕੀਤੀ  ਜਾਵੇ| ਇਸਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਜਰੂਰੀ ਹੈ ਕਿ ਟ੍ਰੈਫਿਕ ਪੁਲੀਸ ਵਲੋਂ ਕੀਤੀ ਜਾਣ ਵਾਲੀ ਇਸ ਕਾਰਵਾਈ ਦੌਰਾਨ  ਕਾਨੂੰਨ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਬਿਨਾ ਵਜ੍ਹਾ ਕਾਰਵਾਈ ਨਾ         ਹੋਵੇ| ਪਿਛਲੀ ਵਾਰ ਟ੍ਰੈਫਿਕ ਪੁਲੀਸ ਵਲੋਂ ਕੀਤੀ ਜਾਣ ਵਾਲੀ  ਕਾਰਵਾਈ ਦੌਰਾਨ ਇਸ ਗੱਲ ਦੀਆਂ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਟ੍ਰੈਫਿਕ ਪੁਲੀਸ ਵਲੋਂ ਕੁੱਝ ਅਜਿਹੇ ਵਿਅਕਤੀਆਂ ਦੇ ਵੀ ਚਾਲਾਨ ਕੱਟ ਦਿੱਤੇ ਜਾਂਦੇ ਸਨ ਜਿਹਨਾਂ ਵਲੋਂ ਸੜਕ ਤੇ ਚਲਦੇ ਚਲਦੇ ਅਚਾਨਕ ਕਿਸੇ ਕਾਰਨ (ਕੋਈ ਜਰੂਰੀ ਫੋਨ ਸੁਣਨ ਲਈ ਜਾਂ ਵਾਹਨ ਵਿੱਚ ਅਚਾਨਕ ਆਈ ਕਿਸੇ ਖਰਾਬੀ ਕਾਰਨ) ਸੜਕ ਦੇ ਕਿਨਾਰੇ ਆਪਣਾ ਵਾਹਨ ਸਿਰਫ ਰੋਕਿਆ ਗਿਆ ਹੁੰਦਾ ਸੀ ਅਤੇ ਉਹਨਾਂ ਦਾ ਉੱਥੇ ਆਪਣਾ ਵਾਹਨ ਖੜ੍ਹਾਉਣ ਦਾ ਕੋਈ ਇਰਾਦਾ ਨਾ ਹੋਣ ਦੇ ਬਾਵਜੂਦ ਪੁਲੀਸ ਵਲੋਂ ਅਜਿਹੇ ਵਾਹਨ ਚਾਲਕਾਂ ਦੀ ਗੱਲ ਸੁਨਣ ਦੀ ਥਾਂ ਉਹਨਾਂ ਦਾ ਵੀ ਚਾਲਾਨ ਕੱਟ ਦਿੱਤਾ ਜਾਂਦਾ ਸੀ|
ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਿੱਚ  ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਨਵੇਂ ਸਿਰੇ ਤੋਂ ਮੁਹਿੰਮ ਆਰੰਭਣ ਅਤੇ ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਿਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਇਸ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਆਉਣ ਵਾਲੀ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *