ਰੇਤਾ ਬਜਰੀ ਦੀਆਂ ਕੀਮਤਾਂ ਦੇ ਮੁੱਦੇ ਤੇ ਜਨਤਾ ਦੇ ਗੁੱਸੇ ਦਾ ਸਾਮ੍ਹਣਾ ਕਰਨ ਲਈ ਤਿਆਰ ਰਹੇ ਸੱਤਾਧਾਰੀ ਪਾਰਟੀ

sand

ਆਪਣੀ ਜਨਤਾ ਦੀਆਂ ਮੁੱਢਲੀਆਂ ਲੋੜਾਂ (ਰੋਟੀ ਕਪੜਾ ਅਤੇ ਮਕਾਨ) ਨੂੰ ਪੂਰਾ ਕਰਨਾ ਕਿਸੇ ਵੀ ਸਰਕਾਰ ਦੀ ਸਭ ਤੋਂ ਪਹਿਲੀ           ਜਿੰਮੇਵਾਰੀ ਹੁੰਦੀ ਹੈ ਅਤੇ ਸਰਕਾਰ ਦਾ ਇਹ ਫਰਜ ਹੁੰਦਾ ਹੈ ਕਿ ਉਹ  ਇਸ ਸੰਬੰਧੀ ਲੋੜੀਂਦੇ ਪ੍ਰਬੰਧ ਕਰੇ| ਜਿਹੜੀ ਸਰਕਾਰ ਦੇ ਰਾਜ ਵਿੱਚ ਜਨਤਾ ਨੂੰ ਇਹ ਸਹੂਲਤਾਂ ਮਿਲਦੀਆਂ ਹੋਣ ਉਸ ਸਰਕਾਰ ਨੂੰਹੀ ਜਨਹਿਤ ਵਿੱਚ ਕੰਮ ਕਰਨ ਵਾਲੀ ਸਰਕਾਰ ਦਾ ਦਰਜਾ ਹਾਸਿਲ ਹੁੰਦਾ ਹੈ ਅਤੇ  ਜਿਹੜੀ ਸਰਕਾਰ ਆਪਣੀ ਜਨਤਾ ਦੀਆਂ ਇਹਨਾਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਸਾਬਿਤ ਹੁੰਦੀ ਹੈ ਉਸਦੀ ਕਾਰਗੁਜਾਰੀ ਤੇ ਹਮੇਸ਼ਾ ਸਵਾਲੀਆ ਨਿਸ਼ਾਨ ਉਠਦੇ ਰਹਿੰਦੇ ਹਨ|
ਮਨੁੱਖ ਦੀਆਂ ਇਹਨਾਂ ਤਿੰਨ ਮੁੱਢਲੀਆਂ ਲੋੜਾਂ (ਰੋਟੀ ਕਪੜਾ ਅਤੇ ਮਕਾਨ) ਵਿੱਚੋਂ ਮਕਾਨ ਦੀ ਲੋੜ ਅਜਿਹੀ ਹੈ  ਜਿਸਦਾ ਸੁਪਨਾ ਹਰੇਕ ਨਾਗਰਿਕ ਵੇਖਦਾ ਹੈ ਅਤੇ ਕਈ ਵਾਰ ਉਹ ਆਪਣੀ ਪੂਰੀ ਜਿੰਦਗੀ ਆਪਣੇ ਆਸ਼ਿਆਨੇ ਦੀ ਉਸਾਰੀ ਦੀ ਤਿਆਰੀ ਦੀ ਉਡੀਕ ਵਿੱਚ ਹੀ ਲੰਘਾ ਦਿੰਦਾ ਹੈ| ਆਪਣੇ ਇਸ ਸੁਫਨੇ ਨੂੰ ਪੂਰਾ ਕਰਨ ਲਈ ਇਨਸਾਨ ਆਪਣੀ ਪੂਰੀ ਜਿੰਦਗੀ ਬਚਤ ਕਰਦਾ ਰਹਿੰਦਾ ਹੈ ਪਰੰਤੂ  ਜਦੋਂ ਉਹ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਆਰੰਭ ਕਰਨ ਦੀ ਸੋਚਦਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਉਸਾਰੀ ਦੇ ਸਾਮਾਨ ਦੀਆਂ ਬਹੁਤ ਜਿਆਦਾ ਵੱਧ ਹੋਣ ਕਾਰਨ ਉਸਦੀ ਪੂਰੀ ਜਿੰਦਗੀ ਦੀ ਕਮਾਈ ਨਾਲ ਵੀ ਉਸਦੇ ਘਰ ਦੀ ਉਸਾਰੀ ਵਿੱਚ ਪੂਰੀ ਨਹੀਂ ਪੈਣ ਵਾਲੀ ਅਤੇ ਉਹ ਆਪਣਾ ਮਕਾਨ ਬਣਾਉਣ ਦਾ ਹੀ ਸਮਰਥ ਨਹੀਂ ਰਿਹਾ ਹੈ ਤਾਂ ਉਸਨੂੰ ਸਮਝ ਹੀ ਨਹੀਂ ਆਉਂਦਾ ਕਿ ਉਹ ਕਿੱਥੇ ਜਾ ਕੇ ਫਰਿਆਦ ਕਰੇ|
ਸਾਡੇ ਸੂਬੇ ਵਿੱਚ ਪਿਛਲੇ ਕੁੱਝ ਸਾਲਾਂ ਦੌਰਾਨ ਮਕਾਨ ਉਸਾਰੀ ਵਿੱਚ ਵਰਤੇ ਜਾਣ ਵਾਲੇ ਹਰ ਤਰ੍ਹਾਂ ਦੇ ਸਾਮਾਨ (ਰੇਤਾ, ਬਜਰੀ, ਇੱਟਾਂ, ਸੀਮਿੰਟ ਅਤੇ ਹੋਰ ਸਾਮਾਲ) ਦੀ ਕੀਮਤ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ| ਪੰਜਾਬ ਵਿੱਚ ਪੂਰੀ ਤਰ੍ਹਾਂ ਸਰਗਰਮ ਰੇਤ ਮਾਫੀਆ (ਜਿਸਨੂੰ ਵੱਡੇ ਸਿਆਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਕਥਿਤ ਸਰਪਰਸਤੀ ਹਾਸਿਲ ਹੈ) ਵਲੋਂ ਪਿਛਲੇ ਕੁੱਝ ਸਾਲਾਂ ਤੋਂ            ਰੇਤਾ ਅਤੇ ਬਜਰੀ ਦੇ ਕਾਰੋਬਾਰ ਤੇ ਪੂਰੀ ਤਰ੍ਹਾਂ ਕਬਜਾ ਕਰਕੇ ਅਤੇ ਮਨਮਰਜੀ ਦੀ ਕੀਮਤ ਤੇ ਰੇਤਾ ਅਤੇ ਬਜਰੀ ਵੇਚ ਕੇ ਮੋਟਾ ਮੁਨਾਫਾ ਕਮਾਇਆ ਜਾਂਦਾ ਹੈ| ਹਾਲਾਤ ਇਹ ਹਨ ਕਿ ਰੇਤਾ ਅਤੇ ਬਜਰੀ ਦੀ ਕੀਮਤ ਵਿੱਚ ਹੋਏ ਇਸ ਵਾਧੇ ਨੇ ਆਮ ਲੋਕਾਂ ਦੇ ਘਰਾਂ ਦੀ ਉਸਾਰੀ ਦਾ ਕੰਮ ਵਿਚਾਲੇ ਹੀ ਰੁਕਵਾ ਦਿੱਤਾ ਹੈ ਅਤੇ ਇਸ ਕਾਰਨ ਲੋਕਾਂ ਦਾ ਆਪਣੇ ਘਰ ਦੀ ਉਸਾਰੀ ਦਾ ਸੁਪਨਾ ਵੀ ਟੁੱਟਣ ਲੱਗ ਪਿਆ ਹੈ|
ਇਸ ਗੱਲ ਤੋਂ ਵੀ ਸਾਰੇ ਹੀ ਜਾਣੂ ਹਨ ਕਿ ਰੇਤ ਮਾਫੀਆ ਵਲੋਂ ਇਸ ਤਰੀਕੇ ਨਾਲ ਮਨਮਰਜੀ ਦੇ ਰੇਟਾਂ ਤੇ ਰੇਤ ਅਤੇ ਬਜਰੀ ਦੀ ਵਿਕਰੀ ਦੀ ਕਾਰਵਾਈ ਨੂੰ ਸਰਕਾਰੀ ਸਰਪਰਸਤੀ ਤੋਂ ਬਿਨਾ ਅੰਜਾਮ ਨਹੀਂ ਦਿੱਤਾ ਜਾ ਸਕਦਾ ਅਤੇ ਇਸ ਸੰਬੰਧੀ ਕੁੱਝ ਸਾਲ ਪਹਿਲਾਂ ਪੰਜਾਬ ਵਿਧਾਨਸਭਾ ਵਿੱਚ ਇਹ ਮਾਮਲਾ ਉਠਣ ਦੌਰਾਨ ਵਿਰੋਧੀ ਧਿਰ ਵਲੋਂ ਇਸ ਕੰਮ ਵਿੱਚ ਸੂਬੇ ਦੇ ਮੁੱਖ ਮੰਤਰੀ ਦੀ ਹਿੱਸੇਦਾਰੀ ਹੋਣ ਤਕ ਦਾ ਵੀ ਇਲਜਾਮ ਲਗਾਇਆ ਜਾ ਚੁੱਕਿਆ ਹੈ|
ਮਕਾਨ ਉਸਾਰੀ ਲਈ ਬੁਨਿਆਦੀ ਸਾਮਾਨ ਰੇਤ ਅਤੇ ਬਜਰੀ ਦੀ ਹੱਦੋਂ ਵੱਧ ਚੁੱਕੀ ਕੀਮਤ ਤੇ ਕਾਬੂ ਕਰਨ ਲਈ ਸਭ ਤੋਂ ਜਰੂਰੀ ਹੈ ਕਿ ਸਰਕਾਰ ਇਸ ਕਾਰੋਬਾਰ ਤੇ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਕਥਿਤ ਸ਼ਹਿ ਨਾਲ ਕਾਬਜ ਹੋਏ ਰੇਤ ਮਾਫੀਆ ਤੇ ਕਾਬੂ ਕਰੇ ਅਤੇ ਇਸ ਗੱਲ ਨੂੰ ਯਕੀਨੀ ਬਣਾਏ ਕਿ ਆਮ ਲੋਕਾਂ ਨੂੰ ਮਕਾਨ ਉਸਾਰੀ ਦਾ ਇਹ ਸਾਮਾਨ ਜਾਇਜ ਕੀਮਤ ਤੇ ਹਾਸਿਲ ਹੋਵੇ| ਪਰੰਤੂ ਇਸ ਸੰਬੰਧੀ ਨਾ ਤਾਂ ਸਰਕਾਰ ਦੀ ਨੀਅਤ ਨਜਰ ਆਉਂਦੀ ਹੈ ਅਤੇ ਨਾ ਹੀ ਚਾਹਤ|
ਪੰਜਾਬ ਦੇ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿਧਾਨਸਭਾ ਚੋਣਾਂ ਦਾ ਸਮਾਂ                ਨੇੜੇ ਆ ਗਿਆ ਹੈ ਅਤੇ ਉਸਨੇ ਵੋਟਾਂ ਮੰਗਣ ਵਾਸਤੇ ਇੱਕ ਵਾਰ ਫਿਰ ਜਨਤਾ ਦੇ ਦਰਵਾਜੇ ਤੇ ਜਾਣਾ ਹੈ| ਇਸ ਦੌਰਾਨ ਰੇਤੇ ਅਤੇ ਬਜਰੀ ਦੀ ਭਾਰੀ ਕੀਮਤ ਦਾ ਇਹ ਮੁੱਦਾ ਵੀ ਉਠਣਾ ਹੈ ਅਤੇ ਉਸਨੂੰ ਇਸ ਸੰਬੰਧੀ ਜਨਤਾ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣੇ ਹਨ| ਇਹ ਮੁੱਦਾ ਸੱਤਾਧਾਰੀ ਗਠਜੋੜ ਲਈ ਕਾਫੀ ਭਾਰੀ ਪੈ ਸਕਦਾ ਹੈ ਅਤੇ ਉਸਨੂੰ ਇਸ ਮੁੱਦੇ ਤੇ ਜਨਤਾ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਹੀ ਪੈਣਾ ਹੈ|

Leave a Reply

Your email address will not be published. Required fields are marked *