10 ਦਿਨ ਪਹਿਲਾਂ ਲਾਪਤਾ ਹੋਈ ਔਰਤ ਦੀ ਲਾਸ਼ 15 ਫੁੱਟ ਚਿੱਕੜ ਹੇਠਾਂ ਦੱਬੀ ਮਿਲੀ

ਅਮਰੀਕਾ, 25 ਜਨਵਰੀ (ਸ.ਬ.) ਅਮਰੀਕਾ ਦੇ ਸੂਬੇ ਓਰੇਗਨ ਵਿੱਚ ਤਕਰੀਬਨ 10 ਦਿਨ ਪਹਿਲਾਂ ਲਾਪਤਾ ਹੋਈ ਔਰਤ ਦੀ ਲਾਸ਼ ਚਿੱਕੜ ਅਤੇ ਚਟਾਨਾਂ ਦੇ ਮਲਬੇ ਹੇਠ 15 ਫੁੱਟ ਦੇ ਕਰੀਬ ਦੱਬੀ ਹੋਈ ਮਿਲੀ ਹੈ।

ਮਲਟਨੋਮਾਹ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਜੈਨੀਫਰ ਮੂਰ (50) ਨਾਮ ਦੀ ਔਰਤ ਨਾਲ ਇਹ ਘਟਨਾ 13 ਜਨਵਰੀ ਨੂੰ ਸਵੇਰੇ ਕਰੀਬ 1:15 ਵਜੇ ਡੋਡਸਨ ਵਿਖੇ ਕਾਰ ਚਲਾਉਣ ਦੌਰਾਨ ਸੜਕ ਤੋਂ ਪਾਸੇ ਚਿੱਕੜ ਵਿੱਚ ਕਾਰ ਸਣੇ ਡਿੱਗਣ ਨਾਲ ਵਾਪਰੀ। ਇਸ ਘਟਨਾ ਤੋਂ ਕਈ ਦਿਨਾਂ ਬਾਅਦ ਜਾਂਚ ਕਰਤਾਵਾਂ ਨੇ ਚਿੱਕੜ ਵਾਲੇ ਮਲਬੇ ਦੇ ਵਹਾਅ ਵਿੱਚ ਇਕ ਖੇਤਰ ਦੀ ਪਛਾਣ ਕੀਤੀ, ਜਿੱਥੇ ਕਿ ਮੂਰ ਦੀ ਗੱਡੀ ਜਾ ਸਕਦੀ ਸੀ।

ਇਸ ਦੇ ਬਾਅਦ ਅਧਿਕਾਰੀਆਂ ਨੇ ਮਲਬਾ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਿਸ ਅਨੁਸਾਰ ਮੂਰ ਜੋ ਕਿ ਵਰੇਂਡੇਲ, ਓਰੇਗਨ ਤੋਂ ਇਕ ਰਜਿਸਟਰਡ ਨਰਸ ਸੀ, ਦਾ ਪਤਾ ਲਗਾਉਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕਰਨੀ ਪਈ, ਜਿਸ ਵਿੱਚ ਫਰੰਟ ਲੋਡਰ ਅਤੇ ਡੰਪ ਟਰੱਕ ਸ਼ਾਮਿਲ ਸਨ। ਅਖੀਰ ਵਿੱਚ ਅਧਿਕਾਰੀਆਂ ਅਨੁਸਾਰ ਮੂਰ ਦੀ ਕਾਰ ਤਕਰੀਬਨ 15 ਫੁੱਟ ਇਸ ਚਿੱਕੜ, ਚਟਾਨਾਂ ਭਰੇ ਮਲਬੇ ਹੇਠ ਦੱਬੀ ਹੋਈ ਮਿਲੀ। ਇਸ ਕਾਰਵਾਈ ਦੌਰਾਨ ਇੱਕ ਪ੍ਰਾਈਵੇਟ ਠੇਕੇਦਾਰ ਨੇ ਕਾਰ ਦੀ ਸਹੀ ਸਥਿਤੀ ਦਾ ਪਤਾ ਕਰਨ ਲਈ ਇੱਕ ਤਾਕਤਵਰ ਮੈਟਲ ਡਿਟੈਕਟਰ ਦੀ ਵਰਤੋਂ ਕੀਤੀ। ਅਧਿਕਾਰੀਆਂ ਅਨੁਸਾਰ ਕਿਸੇ ਨੂੰ ਵੀ ਮੂਰ ਨਾਲ ਇੰਨ੍ਹਾ ਭਿਆਨਕ ਹਾਦਸਾ ਵਾਪਰਨ ਦੀ ਉਮੀਦ ਨਹੀ ਸੀ ਪਰ ਉਸਦੀ ਲਾਸ਼ ਦੇ ਮਿਲਣ ਨਾਲ ਉਸਦੇ ਲਾਪਤਾ ਹੋਣ ਦੀ ਤਲਾਸ਼ ਖਤਮ ਹੋ ਗਈ ਹੈ।

Leave a Reply

Your email address will not be published. Required fields are marked *