100 ਤੋਂ ਵੱਧ ਮਿਜ਼ਾਈਲੀ ਹਮਲਿਆਂ ਨਾਲ ਦਹਿਲਿਆ ਸੀਰੀਆ

ਵਾਸ਼ਿੰਗਟਨ, 16 ਅਪ੍ਰੈਲ (ਸ.ਬ.) ਸੀਰੀਆ ਵਿਚ 7 ਅਪ੍ਰੈਲ ਨੂੰ ਆਮ ਨਾਗਰਿਕਾਂ ਤੇ ਹੋਏ ਰਸਾਇਣਿਕ ਹਮਲੇ ਦੇ ਜਵਾਬ ਵਿਚ ਅਮਰੀਕਾ, ਫਰਾਂਸ ਅਤੇ ਬਰਤਾਨੀਆ ਨੇ ਜੁਆਇੰਟ ਆਪ੍ਰੇਸ਼ਨ ਕਰਦਿਆਂ ਸੀਰੀਆ ਤੇ 100 ਤੋਂ ਵੱਧ ਮਿਜ਼ਾਈਲਾਂ ਦਾਗ਼ੀਆਂ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੀਰੀਆ ਵਿਰੁੱਧ ਵੱਡੀ ਫੌਜੀ ਕਾਰਵਾਈ ਦਾ ਐਲਾਨ ਕਰਨ ਪਿੱਛੋਂ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਤੇ ਹੋਮਸ ਸ਼ਹਿਰ ਮਿਜ਼ਾਈਲੀ ਹਮਲਿਆਂ ਨਾਲ ਦਹਿਲ ਉਠੇ| ਦੋਵਾਂ ਸ਼ਹਿਰਾਂ ਦੇ ਆਸਮਾਨ ਤੇ ਸੰਘਣਾ ਕਾਲਾ ਧੂੰਆਂ ਛਾ ਗਿਆ| ਟਰੰਪ ਨੇ ਕਿਹਾ ਕਿ ਇਹ ਸ਼ੈਤਾਨ ਦੀ ਇਨਸਾਨੀਅਤ ਵਿਰੁੱਧ ਕੀਤੀ ਗਈ ਕਾਰਵਾਈ ਦਾ ਜਵਾਬ ਹੈ|
ਸੀਰੀਆ ਦੀ ਹਵਾਈ ਰੱਖਿਆ ਸੇਵਾ ਨੇ ਅਮਰੀਕਾ, ਫਰਾਂਸ ਅਤੇ ਬਰਤਾਨੀਆ ਦੇ ਉਕਤ ਸਾਂਝੇ ਹਮਲਿਆਂ ਦਾ ਜਵਾਬ ਦਿੱਤਾ| ਸੀਰੀਆ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਦੱਖਣੀ ਦਮਿਸ਼ਕ ਵੱਲ ਆ ਰਹੀਆਂ 13 ਮਿਜ਼ਾਈਲਾਂ ਨੂੰ ਰਾਹ ਵਿਚ ਹੀ ਨਸ਼ਟ ਕਰ ਦਿੱਤਾ ਗਿਆ|
ਇਸ ਦੌਰਾਨ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਕਿਹਾ ਹੈ ਕਿ ਇਹ ਹਮਲੇ ਨਾ ਤਾਂ ਖਾਨਾਜੰਗੀ ਵਿਚ ਦਾਖਲ ਅੰਦਾਜੀ ਹਨ ਅਤੇ ਨਾ ਹੀ ਸਰਕਾਰ ਦੀ ਤਬਦੀਲੀ ਲਈ ਹਨ| ਇਹ ਸੀਮਤ ਅਤੇ ਨਿਸ਼ਾਨਾਬੱਧ ਹਮਲੇ ਹਨ, ਜੋ ਖੇਤਰ ਵਿਚ ਖਿਚਾਅ ਪੈਦਾ ਨਹੀਂ ਕਰਨਗੇ| 2011 ਵਿੱਚ ਖਾਨਾਜੰਗੀ ਸ਼ੁਰੂ ਹੋਈ| ਅਸਦ ਵਿਰੋਧੀ ਫੌਜੀਆਂ ਨੇ ਵੱਖਰੀ ਫੌਜ ਬਣਾਈ| 2015 ਵਿੱਚ ਰੂਸ ਅਤੇ ਇਰਾਨ ਅਸਦ ਦੀ ਹਮਾਇਤ ਵਿੱਚ ਆਏ| ਅਮਰੀਕਾ, ਫਰਾਂਸ ਅਤੇ ਬਰਤਾਨੀਆ ਅਸਦ ਵਿਰੋਧੀਆਂ ਨਾਲ ਹਨ| ਇਹ ਟਕਰਾਅ ਸ਼ੀਆ-ਸੁੰਨੀਆਂ ਦਾ ਵੀ ਹੈ| ਅਸਦ ਸ਼ੀਆ ਹਨ|
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਸੀਰੀਆ ਦੇ ਰਾਸ਼ਟਰਪਤੀ ਵਿਰੁੱਧ ਅਮਰੀਕਾ, ਬਰਤਾਨੀਆ ਅਤੇ ਫਰਾਂਸ ਵਲੋਂ ਕੀਤੇ ਗਏ ਹਮਲੇ ਤੇ ਆਪਣੀ ਹਮਾਇਤ ਪ੍ਰਗਟਾਈ ਹੈ| ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਵੀ ਪੱਛਮੀ ਦੇਸ਼ਾਂ ਵਲੋਂ ਸੀਰੀਆ ਤੇ ਕੀਤੇ ਗਏ ਹਮਲੇ ਨੂੰ ਜ਼ਰੂਰੀ ਕਰਾਰ ਦਿੱਤਾ ਹੈ|
ਹਮਲੇ ਦੌਰਾਨ ਸੀਰੀਆ ਦੇ ਰਸਾਇਣਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ| ਪਹਿਲਾ ਹਮਲਾ ਦਮਿਸ਼ਕ ਦੇ ਸੈਂਟੀਫਿਕ ਰਿਸਰਚ ਇੰਸਟੀਚਿਊਟ ਵਿਖੇ ਕੀਤਾ ਗਿਆ| ਇਥੇ ਕੈਮੀਕਲ ਅਤੇ ਬਾਇਓਲਾਜੀਕਲ ਹਥਿਆਰ ਬਣਾਏ ਜਾਂਦੇ ਹਨ|
ਦੂਜਾ ਹਮਲਾ ਹੋਮਸ ਸ਼ਹਿਰ ਵਿਖੇ ਕੀਤਾ ਗਿਆ, ਜਿਥੇ ਰਸਾਇਣਿਕ ਹਥਿਆਰਾਂ ਨੂੰ ਰੱਖਿਆ ਜਾਂਦਾ ਹੈ| ਤੀਜਾ ਹਮਲਾ ਹੋਮਸ ਨੇੜੇ ਇਕ ਟਿਕਾਣੇ ਤੇ ਕੀਤਾ ਗਿਆ ਜਿਥੇ ਰਸਾਇਣਿਕ ਹਥਿਆਰ ਤੇ ਹੋਰ ਉਪਕਰਨ ਸਟੋਰ ਕੀਤੇ ਜਾਂਦੇ ਹਨ|
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਤੇ ਹੋਏ ਹਮਲੇ ਨੂੰ ਲੈ ਕੇ ਰੂਸ ਨੂੰ ਘੇਰਿਆ ਹੈ| ਟਰੰਪ ਨੇ ਕਿਹਾ ਕਿ ਸੀਰੀਆ ਤੇ ਹੋਇਆ ਹਮਲਾ ਅਸਦ ਦੇ ਰਸਾਇਣਿਕ ਹਥਿਆਰਾਂ ਦੀ ਵਰਤੋਂ ਨੂੰ ਰੋਕਣ ਦੀ ਰੂਸ ਦੀ ਨਾਕਾਮੀ ਦਾ ਸਿੱਧਾ ਸਿੱਟਾ ਹੈ| ਰੂਸ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਮਰੀਕਾ, ਫਰਾਂਸ ਅਤੇ ਬਰਤਾਨੀਆ ਨੂੰ ਸੀਰੀਆ ਤੇ ਕੀਤੇ ਗਏ ਹਮਲੇ ਦਾ ਅੰਜਾਮ ਭੁਗਤਣਾ ਪਏਗਾ| ਅਮਰੀਕਾ ਵਿੱਚ ਰੂਸ ਦੇ ਰਾਜਦੂਤ ਐਨਾਤੋਲੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਹਮਲੇ ਦੇ ਨਤੀਜੇ ਭਿਆਨਕ ਨਿਕਲ ਸਕਦੇ ਹਨ| ਪ੍ਰਮਾਣੂ ਜੰਗ ਵੀ ਛਿੜ ਸਕਦੀ ਹੈ| ਸੀਰੀਆ ਤੇ ਹਮਲਿਆਂ ਦੌਰਾਨ ਰੂਸ ਦੇ ਟਿਕਾਣਿਆਂ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਹੈ| ਰੂਸ ਦੇ ਰਾਸ਼ਟਰਪਤੀ ਦਾ ਅਪਮਾਨ ਅਸੀਂ ਬਰਦਾਸ਼ਤ ਨਹੀਂ ਕਰਾਂਗੇ|

Leave a Reply

Your email address will not be published. Required fields are marked *