1000 ਰੁਪਏ ਦਾ ਨੋਟ ਲਿਆਉਣ ਦੀ ਕੋਈ ਯੋਜਨਾ ਨਹੀਂ : ਸ਼ਕਤੀਕਾਂਤ

ਨਵੀਂ ਦਿੱਲੀ, 22 ਫਰਵਰੀ (ਸ.ਬ.) ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ 1000 ਰੁਪਏ ਦੇ ਨੋਟ ਛਾਪੇ ਜਾਣ ਦੀਆਂ ਅਫਵਾਹਾਂ ਵਿਚਕਾਰ ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਅਜੇ ਅਜਿਹੀ ਕੋਈ ਯੋਜਨਾ ਨਹੀਂ ਹੈ| ਉਨ੍ਹਾਂ ਕਿਹਾ ਹੈ ਕਿ ਬੈਂਕ ਅਜੇ 500 ਅਤੇ ਘੱਟ ਮੁੱਲ ਦੇ ਨੋਟਾਂ ਦੀ ਸਪਲਾਈ ਵਧਾਉਣ ਤੇ ਧਿਆਨ ਦੇ ਰਿਹਾ ਹੈ| ਉਨ੍ਹਾਂ ਦਾ ਇਸ਼ਾਰਾ 100 ਰੁਪਏ ਦੇ ਨੋਟਾਂ ਵੱਲ ਸੀ|
ਅੱਜ ਟਵੀਟ ਕਰਦੇ ਹੋਏ ਉਨ੍ਹਾਂ ਕਿਹਾ ਕਿ 1000 ਦੇ ਨੋਟ ਛਾਪਣ ਦੀ ਕੋਈ ਯੋਜਨਾ ਨਹੀਂ ਹੈ, ਸਾਰਾ ਧਿਆਨ ਅਜੇ 500 ਅਤੇ ਹੋਰ ਛੋਟੇ ਨੋਟਾਂ ਦੇ ਉਤਪਾਦਨ ਅਤੇ ਸਪਲਾਈ ਤੇ ਹੈ| ਇਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਏ.ਟੀ.ਐਮ. ਵਿੱਚ ਪੈਸਿਆਂ ਦੀ ਕਮੀ ਦੀਆਂ ਸ਼ਿਕਾਇਤਾਂ ਨੂੰ ਦੇਖਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਓਨੇ ਹੀ ਪੈਸੇ ਕਢਵਾਉਣ ਜਿੰਨੀ ਉਨ੍ਹਾਂ ਨੂੰ ਜ਼ਰੂਰਤ ਹੈ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਭਾਰਤੀ ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ ਨੇ 1000 ਰੁਪਏ ਦਾ ਨੋਟ ਬਾਜ਼ਾਰ ਵਿੱਚ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ| ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਸੀ ਕਿ ਇਕ ਹਜ਼ਾਰ ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਵੀ ਸ਼ੁਰੂ ਹੋ ਗਈ ਹੈ| ਹਾਲਾਂਕਿ ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਨੂੰ ਅਫਵਾਹ ਦੱਸਿਆ ਹੈ| ਜਿਕਰਯੋਗ ਹੈ ਕਿ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤਹਿਤ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ|

Leave a Reply

Your email address will not be published. Required fields are marked *