106 ਸਾਲਾਂ ਦੇ ਹੋਏ ਫੌਜਾ ਸਿੰਘ

ਲੰਡਨ/ਜਲੰਧਰ, 1 ਅਪ੍ਰੈਲ (ਸ.ਬ.) ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਅੱਜ 106 ਸਾਲਾਂ ਦੇ ਹੋ ਗਏ ਹਨ| ਉਨ੍ਹਾਂ ਦਾ ਜਨਮ ਪਹਿਲੀ ਅਪ੍ਰੈਲ, 1911 ਨੂੰ ਬਿਆਸ ਪਿੰਡ ਵਿੱਚ ਹੋਇਆ ਸੀ| ਉਹ 101 ਸਾਲ ਦੀ ਉਮਰ ਤਕ ਲੰਬੀਆਂ ਦੌੜਾਂ ਵਿੱਚ ਹਿੱਸਾ ਲੈਂਦੇ ਰਹੇ|
ਅੱਜ ਵੀ ਉਹ ਚੈਰਿਟੀ ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਆਪਣੇ ਜਨਮ ਦਿਨ ਮੌਕੇ ਖਾਸ ਗੱਲ-ਬਾਤ ਕਰਦਿਆਂ ਕਿਹਾ ਕਿ ਉਹ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿਣਗੇ| ਉਨ੍ਹਾਂ ਕਿਹਾ ਕਿ ਹਰ ਜ਼ਰੂਰਤਮੰਦ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਹੈ|
‘ਟਰਬਨਡ ਟੋਰਨਾਡੋ’ ਵਜੋਂ ਜਾਣੇ ਜਾਂਦੇ ਫੌਜਾ ਸਿੰਘ ਨੇ 101 ਸਾਲ ਦੀ ਉਮਰ ਵਿੱਚ ਹਾਂਗਕਾਂਗ ਮੈਰਾਥਨ ਦੀ 10 ਕਿਲੋਮੀਟਰ ਦੌੜ ਇਕ ਘੰਟਾ 32 ਮਿੰਟ, 28 ਸੈਕਿੰਡ ਵਿਚ ਪੂਰੀ ਕੀਤੀ ਸੀ|
ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਫੌਜਾ ਸਿੰਘ 2011 ਵਿੱਚ ਟੋਰਾਂਟੋ ਵਿੱਚ ਮੈਰਾਥਨ ਦੌੜ ਪੂਰੀ ਕੇ ਸਭ ਤੋਂ ਵਧ ਉਮਰ ਦਾ ਦੌੜਾਕ ਬਣੇ ਪਰ ਉਸ ਦੇ ਰਿਕਾਰਡ ਨੂੰ ਗਿੰਨੀਜ਼ ਬੁੱਕ ਨੇ ਮਾਨਤਾ ਨਹੀਂ ਦਿੱਤੀ ਕਿਉਂਕਿ ਉਹ ਆਪਣੀ ਉਮਰ ਬਾਰੇ          ਸਰਟੀਫਿਕੇਟ ਪੇਸ਼ ਨਹੀਂ ਕਰ ਸਕੇ| ਉਹ ਟੋਰਾਂਟੋ, ਲੰਡਨ ਤੇ ਨਿਊਯਾਰਕ ਵਿੱਚ 26 ਮੀਲ ਦੀਆਂ ਨੌਂ ਮੈਰਾਥਨ ਦੌੜਾਂ ਪੂਰੀਆਂ ਕਰ ਚੁੱਕੇ ਹਨ| ਉਨ੍ਹਾਂ ਨੇ ਸਭ ਤੋਂ ਲੰਬੀ ਦੌੜ ਟੋਰਾਂਟੋ ਵਿੱਚ ਲਾਈ ਜਦੋਂ ਉਹ 5 ਘੰਟੇ, 40 ਮਿੰਟ ਤੇ 4 ਸੈਕਿੰਡ ਤਕ ਦੌੜਿਆ|
ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਉਨ੍ਹਾਂ ਨੂੰ ਇਕ ਹੀ ਪਛਤਾਵਾ ਹੈ ਕਿ ਉਸ ਨੂੰ ਅੰਗਰੇਜ਼ੀ ਪੜ੍ਹਨੀ ਤੇ ਲਿਖਣੀ ਨਹੀਂ ਆਉਂਦੀ| ਫੌਜਾ ਸਿੰਘ ਨੇ 1999 ਵਿੱਚ ਜਦੋਂ ਉਹ 89 ਸਾਲ ਦਾ ਸੀ, ਚੈਰਿਟੀ ਲਈ ਦੌੜਨਾ ਸ਼ੁਰੂ ਕੀਤਾ ਸੀ| ਪਹਿਲੀ ਵਾਰੀ ਉਹ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਦੀ ਚੈਰਿਟੀ ਲਈ ਦੌੜਿਆ| ਇਸ ਤਰ੍ਹਾਂ ਉਹ ਸਭ ਤੋਂ ਵਧ ਨੌਜਵਾਨਾਂ ਲਈ ਦੌੜਨ ਵਾਲਾ ਸਭ ਤੋਂ ਬਜ਼ੁਰਗ ਆਦਮੀ ਬਣ ਗਿਆ| ਫੌਜਾ ਸਿੰਘ ਵਡੇਰੀ ਉਮਰ ਦਾ ਪਹਿਲਾ ਮਨੁੱਖ ਹੈ ,ਜਿਸ ਨੇ ਅਕਤੂਬਰ 2011 ਵਿੱਚ ਟੋਰਾਂਟੋ ਦੀ ‘ਵਾਟਰ ਫਰੰਟ ਮੈਰਾਥਨ’ ਦੌੜ 8 ਘੰਟੇ 11 ਮਿੰਟ ਅਤੇ 6 ਸਕਿੰਟਾਂ ਵਿੱਚ ਪੂਰੀ ਕੀਤੀ ਸੀ| ਉਸ ਦਾ ਨਾਂ ‘ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿੱਚ ਆ ਜਾਣਾ ਸੀ      ਜੇਕਰ ਉਸ ਦੀ ਜਨਮ ਤਰੀਕ ਦਾ ਅਸਲੀ ਸਰਟੀਫਿਕੇਟ ਲੱਭ ਜਾਂਦਾ|
ਉਸ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ| ਉਸ ਨੂੰ ਮਹਾਰਾਣੀ ਬਰਤਾਨੀਆ ਨੇ 100 ਸਾਲਾਂ ਦਾ ਹੋ ਜਾਣ ਦੀ ਵਧਾਈ ਦਿੱਤੀ ਤੇ ਮਹੱਲ ਵਿੱਚ ਖਾਣੇ ਤੇ ਸੱਦਿਆ ਸੀ|
ਟੋਰਾਂਟੋ ਵਿੱਚ ਸਕੋਟੀਆ ਬੈਂਕ ਦੀ ਮੈਰਾਥਨ ਦੌੜ ਵਿੱਚ ਉਸ ਨੇ 92 ਸਾਲ ਦੀ ਉਮਰ 5 ਘੰਟੇ 40 ਮਿੰਟ 04 ਸਕਿੰਟ ਵਿੱਚ ਪੂਰੀ ਕਰਕੇ ਨਵਾਂ ਵਿਸ਼ਵ ਰਿਕਾਰਡ ਰੱਖਿਆ ਸੀ| ਜ਼ਿਕਰਯੋਗ ਹੈ ਕਿ ਆਪਣੇ ਇਕ ਪੁੱਤ ਦੀ ਮੌਤ ਹੋ ਜਾਣ ਪਿਛੋਂ ਉਹ ਬੁਢਾਪੇ ਵਿੱਚ ਆਪਣੇ ਦੂਜੇ ਪੁੱਤ ਕੋਲ ਇੰਗਲੈਂਡ ਰਹਿਣ ਲੱਗਿਆ ਜਿੱਥੇ ਕੋਚ ਹਰਮਿੰਦਰ ਸਿੰਘ ਨੇ ਉਸ ਨੂੰ ਮੈਰਾਥਨ ਦੌੜ ਲਈ ਤਿਆਰ ਕੀਤਾ| ਲੰਡਨ ਦੀ ਮੈਰਾਥਨ ਵਿੱਚ 32860 ਦੌੜਾਕ ਦੌੜੇ, ਜਿਨ੍ਹਾਂ ਵਿੱਚ 65 ਸਾਲ ਤੋਂ ਵਡੇਰੀ ਉਮਰ ਵਾਲਿਆਂ ਵਿੱਚ 85 ਸਾਲਾਂ ਦਾ ਫੌਜਾ ਸਿੰਘ ਅੱਵਲ ਰਿਹਾ|

Leave a Reply

Your email address will not be published. Required fields are marked *