11 ਸਾਲ ਦੇ ਬੱਚੇ ਦੀ ਬਹਾਦੁਰੀ  ਜੰਗਲੀ ਭਾਲੂ ਤੋਂ 3 ਵਿਅਕਤੀਆਂ ਦੀ ਜਾਨ ਬਚਾਈ

ਅਲਾਸਕਾ, 6 ਜੁਲਾਈ (ਸ.ਬ.) 11 ਸਾਲ ਦੇ ਇਕ ਬੱਚੇ ਨੇ ਆਪਣੀ ਫੁਰਤੀ ਅਤੇ ਬਹਾਦੁਰੀ ਨਾਲ 3 ਵਿਅਕਤੀਆਂ ਦੀ ਜਾਨ ਬਚਾਈ| ਇਕ ਅੰਗ੍ਰੇਜੀ ਅਖਬਾਰ ਮੁਤਾਬਕ 11 ਸਾਲ ਦੇ ਏਲਿਅਟ ਕਲਾਰਕ ਨੇ ਇਕ ਭਾਲੂ ਦੇ ਹਮਲੇ ਤੋਂ ਆਪਣੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜਾਨ ਬਚਾਈ ਹੈ|
ਘਟਨਾ ਕੁਝ ਇਸ ਤਰ੍ਹਾਂ ਦੀ ਹੈ ਕਿ ਕਲਾਰਕ ਆਪਣੇ ਪਰਿਵਾਰ ਦੇ 3 ਹੋਰ ਲੋਕਾਂ ਨਾਲ ਜੰਗਲ ਵਿੱਚ ਘੁੰਮ ਰਿਹਾ ਸੀ| ਉਨ੍ਹਾਂ ਨਾਲ ਤਿੰਨ ਕੁੱਤੇ ਵੀ ਸਨ| ਇਸ ਸਮੇਂ ਉਨ੍ਹਾਂ ਦਾ ਸਾਹਮਣਾ ਇਕ ਜੰਗਲੀ ਭਾਲੂ ਨਾਲ ਹੋਇਆ ਅਤੇ ਭਾਲੂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ| ਭਾਲੂ ਨੇ ਪਹਿਲਾਂ ਇਸ ਗਰੁੱਪ ਦੇ 2 ਵਿਅਕਤੀਆਂ ਤੇ ਹਮਲਾ ਕੀਤਾ ਅਤੇ ਧੱਕਾ ਦੇ ਕੇ ਉਨ੍ਹਾਂ ਨੂੰ ਫੁੱਟਪਾਥ ਦੇ ਕਿਨਾਰੇ ਕਰ ਦਿੱਤਾ| ਸਥਿਤੀ ਕੁਝ ਅਜਿਹੀ ਬਣੀ ਕਿ ਕਲਾਰਕ ਸਮੇਤ ਬਾਕੀ ਵਿਅਕਤੀ ਭਾਲੂ ਦੇ ਨਜ਼ਰੀ ਪੈ ਗਏ| ਕਲਾਰਕ ਦੇ ਪਿਤਾ ਲੁਕਾਸ ਨੇ ਦੱਸਿਆ ਕਿ ਅਸੀਂ ਚਾਰੇ ਇਕ ਲਾਈਨ ਵਿੱਚ ਸੀ| ਮੇਰਾ ਬੇਟਾ ਤੀਜੇ ਨੰਬਰ ਤੇ ਸੀ| ਲੁਕਾਸ ਨੇ ਅੱਗੇ ਦੱਸਿਆ ਕਿ ਫੁੱਟਪਾਥ ਤੇ ਸਭ ਤੋਂ ਅੱਗੇ ਮੇਰਾ ਭਰਾ ਅਤੇ ਕਲਾਰਕ ਦਾ ਚਾਚਾ ਫੇਲਾ ਖੜ੍ਹਾ ਸੀ| ਭਾਲੂ ਨੇ ਉਸ ਤੇ ਅਚਾਨਕ ਹਮਲਾ ਕਰ ਦਿੱਤਾ| ਇਹ ਸਭ ਇੰਨੀ ਜਲਦੀ ਹੋਇਆ ਕਿ ਮੇਰਾ ਭਰਾ ਆਪਣੇ ਮੋਢੇ ਤੇ ਟੰਗੀ ਰਾਈਫਲ ਨੂੰ ਉਤਾਰ ਵੀ ਨਹੀਂ ਸਕਿਆ|
ਇਸ ਮੁਸੀਬਤ ਦੀ ਘੜੀ ਵਿੱਚ ਜਦੋਂ ਬਾਕੀ ਤਿੰਨਾਂ ਦਾ ਦਿਮਾਗ ਡਰ ਕਾਰਨ ਲਗਭਗ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਤਾਂ ਉਦੋਂ ਵੀ ਕਲਾਰਕ ਨੇ ਹਿੰਮਤ ਨਹੀਂ ਹਾਰੀ| ਕਲਾਰਕ ਨੇ ਆਪਣੀ ਪੰਪ ਐਕਸ਼ਨ ਬੰਦੂਕ ਕੱਢੀ ਅਤੇ ਭਾਲੂ ਤੇ ਨਿਸ਼ਾਨਾ ਲਗਾਇਆ| ਪਹਿਲੇ ਵਾਰ ਨਾਲ ਭਾਲੂ ਤੇ ਕੋਈ ਅਸਰ ਨਹੀਂ ਹੋਇਆ ਪਰ ਅਗਲੇ 2 ਵਾਰ ਨਾਲ ਉਹ ਹੇਠਾਂ ਡਿੱਗ ਗਿਆ| ਇਸ ਤੋਂ ਬਾਅਦ ਕਲਾਰਕ ਦੇ ਚਾਚੇ ਨੇ ਵੀ ਆਪਣੀ ਰਾਈਫਲ ਚਲਾਈ ਅਤੇ ਭਾਲੂ ਨੂੰ ਉਥੇ ਹੀ ਮਾਰਿਆ ਗਿਆ| ਲੁਕਾਸ ਨੇ ਦੱਸਿਆ ਕਿ ਸਾਡੇ ਸਾਰਿਆਂ ਕੋਲ ਬੰਦੂਕਾਂ ਸਨ|
ਭਾਲੂ ਦੇ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਆਪਣੀਆਂ ਬੰਦੂਕਾਂ ਕੱਢਣ ਦਾ ਮੌਕਾ ਨਹੀਂ ਮਿਲਿਆ| ਜੇਕਰ ਕਲਾਰਕ ਨਹੀਂ ਹੁੰਦਾ ਤਾਂ ਸ਼ਾਇਦ ਅਸੀਂ ਸਾਰੇ ਮਾਰੇ ਜਾਂਦੇ| ਅਲਾਸਕਾ ਵਿੱਚ ਇਸ ਸਾਲ ਇਹ ਪਹਿਲੀ ਘਟਨਾ ਹੈ ਜਦੋਂ ਕਿਸੇ ਨੂੰ ਆਪਣੀ ਜਾਨ ਬਚਾਉਣ ਲਈ ਜੰਗਲੀ ਜਾਨਵਰ ਨੂੰ ਮਾਰਨਾ ਪਿਆ|

Leave a Reply

Your email address will not be published. Required fields are marked *