112 ਗ੍ਰਾਮ ਹੈਰੋਈਨ ਸਮੇਤ 2 ਕਾਬੂ

112 ਗ੍ਰਾਮ ਹੈਰੋਈਨ ਸਮੇਤ 2 ਕਾਬੂ
5000 ਰੁਪਏ ਗ੍ਰਾਮ ਦੇ ਹਿਸਾਬ ਨਾਲ ਵੇਚਦੇ ਸੀ ਹੈਰੋਈਨ
ਐਸ. ਏ. ਐਸ. ਨਗਰ, 28 ਅਪ੍ਰੈਲ (ਸ.ਬ.) ਮੁਹਾਲੀ ਪੁਲੀਸ ਨੇ ਹੈਰੋਈਨ  ਵੇਚਣ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 112 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਇਹਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਿਲਾਫ ਵਿਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਉਦਯੋਗਿਕ ਖੇਤਰ ਫੇਜ਼-9 ਵਿਚੋਂ ਕਾਬੂ ਕੀਤਾ ਗਿਆ ਹੈ|
ਪੁਲੀਸ ਥਾਣਾ ਫੇਜ਼-11 ਦੇ ਐਸ . ਐਚ. ਉ. ਸ੍ਰ. ਅਮਰਦੀਪ ਸਿੰਘ ਨੇ ਇਸ ਸਬੰਧੀ ਸੰਪਰਕ ਕਰਨ ਤੇ ਦੱਸਿਆ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ  ਗਈ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਸ੍ਰ. ਹਰਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਨਸ਼ਿਆਂ ਵਿਰੋਧੀ ਮੁਹਿੰਮ ਦੇ ਤਹਿਤ ਫੇਜ਼-11 ਥਾਣੇ ਦੀ ਪੁਲੀਸ ਅਤੇ ਸਪੈਸ਼ਲ ਸਟਾਫ ਵਲੋਂ ਉਦਯੋਗਿਕ ਖੇਤਰ ਵਿੱਚ ਨਾਕੇਬੰਦੀ ਕੀਤੀ ਗਈ ਸੀ| ਇਸ ਦੌਰਾਨ ਉਥੋਂ ਲੰਘ ਰਹੀ ਇਕ ਫੀਗੋ ਕਾਰ ਏ. ਐਚ. ਆਰ 07 -ਕਿਉ- 9369 ਦੀ ਵੀ ਤਲਾਸ਼ੀ ਲੈਣ ਤੇ ਇਸ ਵਿੱਚੋਂ 112 ਗ੍ਰਾਮ ਹੈਰੋਈਨ ਬਰਾਮਦ ਕੀਤੀ ਗਈ|
ਉਹਨਾਂ ਦੱਸਿਆ ਕਿ ਇਸ ਕਾਰ ਵਿੱਚ ਸਵਾਰ 2 ਨੌਜਵਾਨਾਂ ਨਰੇਸ਼ ਵਾਸੀ ਅੰਬਾਲਾ ਅਤੇ ਸੰਜੂ ਵਾਸੀ ਪਿੰਡ ਮੋਂਗੀ ਨੰਦ ਜਿਲ੍ਹਾ ਪੰਚਕੂਲਾ ਨੂੰ ਪੁਲੀਸ ਵਲੋਂ ਕਾਬੂ ਕਰ ਲਿਆ ਗਿਆ| ਉਹਨਾਂ ਦੱਸਿਆ ਕਿ ਇਹ ਦੋਵੇਂ ਵਿਅਕਤੀ ਖੁਦ ਵੀ ਨਸ਼ਾ ਕਰਦੇ  ਅਤੇ ਵੇਚਦੇ ਵੀ ਸਨ|
ਮੁਢਲੀ ਪੁੱਛਗਿੱਛ ਵਿੱਚ ਇਹਨਾਂ ਨੇ ਕਬੂਲ ਕੀਤਾ ਹੈ ਕਿ ਉਹ 5000 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਦੇ ਸੀ ਅਤੇ ਇਹਨਾਂ ਕੋਲੋਂ ਬਰਾਮਦ ਹੋਏ ਸਾਮਾਨ ਦੀ ਕੁਲ ਕੀਮਤ ਪੌਣੇ 6 ਲੱਖ ਦੇ ਕਰੀਬ ਬਣਦੀ ਹੈ|
ਉਹਨਾਂ ਦੱਸਿਆ ਕਿ ਦੋਵਾਂ ਮੁਲਜਮਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਤੋਂ  ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ| ਇਸ ਸਬੰਧੀ ਪੁਲੀਸ ਵਲੋਂ ਐਸ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| ਇਹਨਾਂ ਨੌਜਵਾਨਾਂ ਨੂੰ ਪੁਲੀਸ ਵਲੋਂ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ| ਅਦਾਲਤ ਨੇ ਦੋਵਾਂ ਮੁਲਜਮਾਂ ਦਾ ਚਾਰ ਦਿਨਾਂ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ|

Leave a Reply

Your email address will not be published. Required fields are marked *