12 ਮਾਰਚ ਨੂੰ ਪੇਸ਼ ਹੋਵੇਗਾ ਨਗਰ ਨਿਗਮ ਦਾ 15 ਕਰੋੜ ਦੇ ਘਾਟੇ ਦਾ ਬਜਟ

12 ਮਾਰਚ ਨੂੰ ਪੇਸ਼ ਹੋਵੇਗਾ ਨਗਰ ਨਿਗਮ ਦਾ 15 ਕਰੋੜ ਦੇ ਘਾਟੇ ਦਾ ਬਜਟ
128 ਕਰੋੜ ਦੇ ਖਰਚੇ ਦੇ ਮੁਕਾਬਲੇ 113 ਕਰੋੜ ਦੀ ਆਮਦਨ ਦਾ ਅਨੁਮਾਨ
ਐਸ.ਏ.ਐਸ. ਨਗਰ, 10 ਮਾਰਚ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦਾ ਅਗਲੇ ਸਾਲ ਦਾ ਬਜਟ 15 ਕਰੋੜ 23 ਲੱਖ 50 ਹਜ਼ਾਰ ਰੁਪਏ ਦੇ ਘਾਟੇ ਵਾਲਾ ਹੋਵੇਗਾ ਜਿਸਨੂੰ 12 ਮਾਰਚ ਨੂੰ ਹੋਣ ਵਾਲੀ ਨਗਰ ਨਿਗਮ ਦੀ ਵਿਸ਼ੇਸ਼ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ| ਨਿਗਮ ਅਧਿਕਾਰੀਆਂ ਵਲੋਂ ਸਾਲ 2018-2019 ਲਈ ਤਿਆਰ ਕੀਤੇ ਗਏ ਬਜਟ ਵਿੱਚ ਨਗਰ ਨਿਗਮ ਦੀ ਕੁਲ ਆਮਦਨ 11293.50 ਲੱਖ ਦੇ ਮੁਕਾਬਲੇ ਅਗਲੇ ਵਿੱਤੀ ਵਰ੍ਹੇ ਵਿਚ ਖਰਚਾ 12817 ਲੱਖ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ|
ਜੇਕਰ ਆਮਦਨ ਅਤੇ ਖਰਚੇ ਦਾ ਹਿਸਾਬ ਵੇਖਿਆ ਜਾਵੇ ਤਾਂ ਨਗਰ ਨਿਗਮ ਨੂੰ ਹੋਣ ਵਾਲੀ ਆਮਦਨ ਵਿੱਚ ਮੁੱਖ ਹਿੱਸਾ ਜੀ.ਐਸ.ਟੀ. (ਚੁੰਗੀ ਰਾਹੀਂ) 60 ਕਰੋੜ ਦਾ ਹੈ| ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ ਅਤੇ ਫਾਇਰ ਸੈਸ ਦੇ 19 ਕਰੋੜ, ਇਸ਼ਤਿਹਾਰਾਂ ਦੇ ਟੈਕਸ ਦੇ ਰੂਪ ਵਿਚ 10 ਕਰੋੜਬਿਜਲੀ ਦੀ ਚੁੰਗੀ ਦੇ ਰੂਪ ਵਿਚ 6 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਹੈ| ਬਾਕੀ ਦੀ ਰਕਮ ਤਹਿਬਾਜ਼ਾਰੀ, ਪਾਣੀ ਅਤੇ ਸੀਵਰੇਜ ਸੈਸ, ਬਿਲਡਿੰਗ ਐਪਲੀਕੇਸ਼ਨ ਫੀਸ, ਲਾਇਸੰਸ ਫੀਸ, ਕੈਟਲ ਪੌਂਡ, ਸਲਾਟਰ ਫੀਸ ਆਦਿ ਦੇ ਹਨ ਜਦੋਂਕਿ 10 ਕਰੋੜ ਰੁਪਏ ਐਡੀਸ਼ਨਲ ਐਕਸਾਈਜ਼ ਡਿਊਟੀ ਦੇ ਆਉਣਗੇ| ਇਸ ਵਾਰ ਦੇ ਬਜਟ ਵਿੱਚ ਪਿਛਲੇ ਵਰ੍ਹੇ ਤੋਂ ਲਗਭਗ 13 ਕਰੋੜ ਰੁਪਏ ਦੀ ਆਮਦਨ ਵੱਧ ਕਰਨ ਦਾ ਟੀਚਾ ਰਖਿਆ ਹੈ| ਸਾਲ 2017-18 ਦੀ ਆਮਦਨ ਦਾ ਟੀਚਾ 100.40 ਕਰੋੜ ਰੱਖਿਆ ਗਿਆ ਸੀ|
ਦੂਜੇ ਪਾਸੇ ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਖਰਚੇ ਵਿੱਚ ਸਭਤੋਂ ਵੱਡਾ ਹਿੱਸਾ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਂਸ਼ਨਾ ਦਾ ਹੀ ਹੈ| ਬਜਟ ਅਨੁਸਾਰ ਵੱਖ ਵੱਖ ਕਰਮਚਾਰੀਆਂ (ਰੈਗੁਲਰ ਅਤੇ ਕੰਟਰੈਕਟ) ਦੀਆਂ ਤਨਖਾਹਾਂ ਅਤੇ ਪੈਨਸ਼ਨ ਦੇ ਰੂਪ ਵਿੱਚ 40 ਕਰੋੜ ਰੁਪਏ ਖਰਚ ਹੋਣਗੇ ਜਿਸ ਵਿਚੋਂ 12.50 ਕਰੋੜ ਰੁਪਏ ਪੈਨਸ਼ਨ ਦੇ ਹਨ| ਇਸ ਤੋਂ ਇਲਾਵਾ ਅਚਨਚੇਤ ਖਰਚਿਆਂ ਦੇ ਰੂਪ ਵਿੱਚ 4.50 ਕਰੋੜ ਰੁਪਏ ਖਰਚ ਹੋਣਗੇ ਜਿਸ ਵਿਚ ਬਿਜਲੀ ਦੇ ਬਿਲ, ਸਟੇਸ਼ਟਰੀ, ਵਾਹਨਾਂ ਦੀ ਮੁਰੰਮਤ, ਟੈਲੀਫੋਨ ਬਿਲ, ਕੰਪਿਊਟਰਾਂ ਅਤੇ ਸਾਫਟਵੇਅਰ, ਹਾਰਡਵੇਅਰ ਦੀ ਖਰੀਦ ਆਦਿ ਮੁੱਖ ਹਨ| 1 ਕਰੋੜ ਰੁਪਏ ਫੁਟਕਲ ਖਰਚਿਆਂ ਵਾਸਤੇ ਰੱਖੇ ਗਏ ਹਨ|
ਇਸ ਦੌਰਾਨ ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਕਾਰਜਾਂ ਉੱਤੇ 47. 97 ਕਰੋੜ ਰੁਪਏ ਖਰਚ ਕਰਨ ਦੀ ਤਜਵੀਜ ਹੈ| ਇਨ੍ਹਾਂ ਵਿਚ ਪੁਰਾਣੀਆਂ ਸੜਕਾਂ ਦੀ ਮੁਰੰਮਤ ਲਈ 7 ਕਰੋੜ, ਫੁਟਪਾਥਾਂ ਲਈ 4.5 ਕਰੋੜ, ਵਾਟਰ ਸਪਲਾਈ ਅਤੇ ਸੀਵਰੇਜ ਲਈ 2 ਕਰੋੜ, ਵਾਹਨਾਂ ਅਤੇ ਮਸ਼ੀਨਰੀ ਦੀ ਖਰੀਦ ਲਈ 3 ਕਰੋੜ, ਪਾਰਕਾਂ ਦੀ ਸਾਂਭ ਸੰਭਾਲ ਲਈ 3.50 ਕਰੋੜ, ਸਾਲਿਡ ਵੇਸਟ ਮੈਨੇਜਮੈਂਟ ਲਈ 21 ਕਰੋੜ, ਸਲਾਟਰ ਹਾਉਸ ਨੂੰ ਆਧੁਨਿਕ ਬਣਾਉਣ ਲਈ 3 ਕਰੋੜ, ਸਿਟੀ ਬਸ ਸਰਵਿਸ ਲਈ ਇਕ ਕਰੋੜ ਅਤੇ ਫੁਟਕਲ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ| ਇਸ ਤੋਂ ਇਲਾਵਾ ਜ਼ਰੂਰੀ ਖਰਚਿਆਂ ਵਿੱਚ ਸਟ੍ਰੀਟ ਲਾਈਟ ਅਤੇ ਟਿਊਬਵੈਲਾਂ ਦੇ ਬਿਲਾਂ ਦੇ 12.5 ਕਰੋੜ, ਸਟਰੀਟ ਲਾਈਟਾਂ ਦੀ ਸਾਂਭ ਸੰਭਾਲ ਉਤੇ 10 ਕਰੋੜ, ਵਾਟਰ ਸਪਲਾਈ ਅਤੇ ਸੀਵਰੇਜ ਦੀ ਸਾਂਭ ਸੰਭਾਲ ਉਤੇ 5 ਕਰੋੜ, ਡਾਇਰੈਕਟੋਰੇਟ ਅਤੇ ਚੋਣਾਂ ਦੇ ਖਰਚਿਆਂ ਲਈ ਡੇਢ ਕਰੋੜ, ਮਿਉਂਸਪਲ ਭਵਨ ਅਤੇ ਕੰਪਲੈਕਸ ਦੀ ਸਾਂਭ ਸੰਭਾਲ ਅਤੇ ਉਸਾਰੀ ਲਈ ਇਕ ਕਰੋੜ ਤੋਂ ਇਲਾਵਾ ਹੋਰ ਖਰਚੇ ਮਿਲਾ ਕੇ ਕੁਲ 35 ਕਰੋੜ 20 ਲੱਖ ਰੁਪਏ ਖਰਚ ਕੀਤੇ ਜਾਣਗੇ|

Leave a Reply

Your email address will not be published. Required fields are marked *