14 ਦਸੰਬਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੰਭੂ ਬੈਰੀਅਰ ਤੇ ਪ੍ਰਦਰਸ਼ਨ ਕਰੇਗੀ ਪੰਜਾਬ ਕਾਂਗਰਸ
ਚੰਡੀਗੜ੍ਹ, 11 ਦਸੰਬਰ (ਸ.ਬ.) ਪੰਜਾਬ ਕਾਂਗਰਸ ਵੱਲੋਂ 14 ਦੰਸਬਰ ਨੂੰ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਸ਼ੰਭੂ ਬੈਰੀਅਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ| ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਵਲੋਂ ਛੇਤੀ ਹੀ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਵਿੰਚ ਵੱਡੀ ਰੈਲੀ ਕੀਤੀ ਜਾਵੇਗੀ ਜਿਸਦੀ ਥਾਂ ਅਤੇ ਤਾਰੀਖ ਦਾ ਐਲਾਨ ਸ਼ੰਭੂ ਵਿੰਚ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਕੀਤਾ ਜਾਵੇਗਾ|
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਫੌਰੀ ਤੌਰ ਤੇ ਹੱਲ ਕਰੇ ਤਾਂ ਜੋ ਜਿਹੜੇ ਕਿਸਾਨ ਠੰਡ ਦੌਰਾਨ ਦਿੱਲੀ ਦੀ ਸਰਹੱਦ ਤੇ ਬੈਠੇ ਹੋਏ ਹਨ, ਉਹ ਘਰਾਂ ਨੂੰ ਵਾਪਸ ਪਰਤ ਕੇ ਆਪਣੇ ਖੇਤਾਂ ਅਤੇ ਫਸਲਾਂ ਨੂੰ ਸਾਂਭਣ| ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੀਤੀ ਦੂਸ਼ਣਬਾਜੀ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਭਾਜਪਾ ਵਿੱਚ ਰਹਿਣਾ ਦੁਸ਼ਯੰਤ ਚੌਟਾਲਾ ਦੀ ਮਜਬੂਰੀ ਹੈ ਅਤੇ ਇਹ ਸਾਰੀ ਦੁਨੀਆ ਨੂੰ ਪਤਾ ਹੈ|
ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਦਿੱਲੀ ਜਾ ਕੇ ਮੋਰਚਾ ਲਗਾਏ ਜਾਣ ਤੋਂ ਬਾਅਦ ਭਾਵੇਂ ਕੇਂਦਰ ਸਰਕਾਰ ਆਪਣੇ ਹੰਕਾਰ ਦੇ ਘੋੜੇ ਤੋਂ ਉਤਰੀ ਦਿਖ ਰਹੀ ਹੈ ਪਰੰਤੂ ਉਸਨੇ ਹੁਣ ਤਕ ਪੂਰਾ ਹੰਕਾਰ ਨਹੀਂ ਛੱਡਿਆ| ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਧੀਰਜ ਦਾ ਇਮਤਿਹਾਨ ਲੈ ਰਹੀ ਹੈ|
ਉਨ੍ਹਾਂ ਕਿਹਾ ਕਿ ਜਿਸ ਦਿਨ ਪ੍ਰਧਾਨ ਮੰਤਰੀ ਮੋਦੀ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦਾ ਦੁੱਖ-ਦਰਦ ਸਮਝਣਗੇ, ਉਸੇ ਦਿਨ ਇਹ ਮਸਲਾ ਹੱਲ ਹੋ ਸਕਦਾ ਹੈ ਅਤੇ ਸਾਰਾ ਹਿੰਦੋਸਤਾਨ ਇਸ ਪਰੇਸ਼ਾਨੀ ਤੋਂ ਬਚ ਸਕਦਾ ਹੈ|