15 ਦਸੰਬਰ ਤੋਂ 5 ਜਨਵਰੀ ਤੱਕ ਹੋਵੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ

ਨਵੀਂ ਦਿੱਲੀ, 24 ਨਵੰਬਰ (ਸ.ਬ.) ਸੰਸਦ ਦਾ ਸਰਦ ਰੁੱਤ ਸੈਸ਼ਨ 15 ਦਸੰਬਰ ਤੋਂ 5 ਜਨਵਰੀ ਦਰਮਿਆਨ ਹੋਵੇਗਾ| ਇਸ ਸੰਬੰਧ ਵਿੱਚ ਕੇਂਦਰੀ ਕੈਬਨਿਟ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਦੀ ਅੱਜ ਮਹੱਤਵਪੂਰਨ ਬੈਠਕ ਬੁਲਾਈ ਗਈ| ਬੈਠਕ ਤੋਂ ਬਾਅਦ ਕਿਹਾ ਗਿਆ ਕਿ 15 ਦਸੰਬਰ ਤੋਂ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ| ਜ਼ਿਕਰਯੋਗ ਹੈ ਕਿ ਨਵੰਬਰ ਵਿੱਚ ਸਰਦ ਰੁੱਤ ਸੈਸ਼ਨ ਨਾ ਬੁਲਾਉਣ ਤੇ ਕਾਂਗਰਸ ਨੇ ਮੋਦੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਸੀ| ਕਾਂਗਰਸ  ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਵਿਰੋਧੀ ਧਿਰ ਦੇ ਸਵਾਲਾਂ ਤੋਂ ਡਰ ਕੇ ਦੌੜ ਰਹੇ ਹਨ| ਉਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਤਲਖ ਲਹਿਜੇ ਵਿੱਚ ਪ੍ਰਧਾਨ ਮੰਤਰੀ ‘ਸੰਸਾਰ ਦੀ ਰਚਨਾ ਕਰਨ ਵਾਲੇ ਬ੍ਰਹਮਾ’ ਦਾ ਨਾਂ ਦੇ ਦਿੱਤਾ ਸੀ| ਕਾਂਗਰਸ ਨੇਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬ੍ਰਹਮਾ ਹਨ, ਉਹ ਸਿਰਜਣਹਾਰ ਹਨ, ਸਿਰਫ਼ ਉਹੀ ਜਾਣਦੇ ਹਨ ਕਿ ਸੰਸਦ ਕਦੋਂ ਸ਼ੁਰੂ ਹੋਵੇਗੀ| ਉਥੇ ਹੀ ਕਾਂਗਰਸ ਤੇ ਪਲਟਵਾਰ ਕਰਦੇ ਹੋਏ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਬੀਤੇ ਦਿਨੀਂ ਕਿਹਾ ਕਿ ਸਰਕਾਰ ਦਸੰਬਰ ਵਿੱਚ ਸੰਸਦ ਸੈਸ਼ਨ ਬੁਲਾਏਗੀ| ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਨੂੰ ਇਸ ਵਾਰ ਸੈਸ਼ਨ ਬੁਲਾਉਣ ਦੀ ਇੰਨੀ ਜਲਦਬਾਜ਼ੀ ਕਿਉਂ ਹੈ, ਸਮਝ ਨਹੀਂ ਆ ਰਿਹਾ| ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਵੀ ਅਜਿਹਾ ਹੋ ਚੁਕਿਆ ਹੈ|

Leave a Reply

Your email address will not be published. Required fields are marked *