1576 mothers took help of Janani Suraksha Yozna in Mohali : DC

dc

ਜਨਨੀ ਸੁਰੱਖਿਆ ਯੋਜਨਾ ਤਹਿਤ 1576 ਮਾਂਵਾਂ ਨੇ ਲਿਆ ਲਾਹਾ  : ਡਿਪਟੀ ਕਮਿਸ਼ਨਰ
ਸਰਕਾਰੀ ਹਸਪਤਾਲਾਂ ‘ਚ  24 ਘੰਟੇ ਮੁਫ਼ਤ ਜਣੇਪੇ ਦੀ ਸਹੂਲਤ ਹੈ ਉਪਲਬੱਧ

ਐਸ.ਏ.ਐਸ ਨਗਰ, 1 ਸਤੰਬਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਬੇ ਦੇ ਆਮ ਲੋਕਾਂ ਨੂੰ ਸਰਕਾਰੀ ਹਸਪਤਾਲਾਂ ‘ਚ ਮੁਫਤ, ਸਸਤਾ ਤੇ ਵਧੀਆ ਇਲਾਜ਼ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਡੀ.ਐਸ .ਮਾਂਗਟ ਨੇ ਦੱਸਿਆ  ਕਿ  ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਆਮ ਲੋਕਾਂ ਲਈ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾ ਰਹੀਆਂ  ਹਨ, ਇੰਨ੍ਹਾਂ ਵਿੱਚੋਂ ਇੱਕ ਸਹੂਲਤ ਜਨਨੀ ਸੁਰੱਖਿਆ ਯੋਜਨਾ ਵੀ ਹੈ|

ਇਸ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਪਰਿਵਾਰਾਂ ਵਿਚ ਬੱਚੇ ਦੇ ਜਨਮ ਸਮੇਂ ਸੂਬਾ ਸਰਕਾਰ ਵੱਲੋਂ ਵਿੱਤੀ ਮਦਦ ਦਿੱਤੀ ਜਾਂਦੀ | ਇਹ ਯੋਜਨਾ ਜੱਚਾ-ਬੱਚਾ ਦੀ ਸਿਹਤ ਸੰਭਾਲ ਲਈ ਵਰਦਾਨ ਸਿੱਧ ਹੋ ਰਹੀ ਹੈ|

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਲਈ ਕਿ ਸਾਰੇ ਜਣੇਪੇ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ ਹੋਣ ਤਾਂ ਜੋ ਜੱਚਾ- ਬੱਚਾ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ, ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ|

ਉਨ੍ਹਾਂ ਦੱਸਿਆ ਕਿ ਇਸ ਯੋਜਨਾਂ ਤਹਿਤ ਗਰਭਵਤੀ ਔਰਤਾਂ ਨੂੰ ਜਣੇਪੇ ਲਈ ਹਸਪਤਾਲ ਤੱਕ ਲੈ ਕੇ ਆਉਣ ਲਈ 108 ਐਂਬੂਲੈਂਸ ਦੀ ਮੁਫ਼ਤ ਸਹੂਲਤ  ਉਪਲਬੱਧ ਕਰਵਾਈ ਜਾ ਰਹੀ ਹੈ| ਇਸ ਤੋਂ ਬਿਨ੍ਹਾਂ ਸਰਕਾਰੀ ਹਸਪਤਾਲਾਂ ਵਿਚ ਜਣੇਪੇ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ|

ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ  ਨੇ ਦੱਸਿਆ ਕਿ ਜਨਨੀ ਸੁਰੱਖਿਆ ਯੋਜਨਾ ਤਹਿਤ ਜ਼ਿਲ੍ਹਾ ਮੋਹਾਲੀ  ਵਿਚ  ਮਹੀਨਾ ਜਨਵਰੀ  ਤੋਂ ਜੁਲਾਈ  2016 ਤੱਕ 1576 ਮਾਵਾਂ ਨੂੰ ਵਿੱਤੀ ਲਾਭ ਮਿਲਿਆਂ ਹੈ | ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਦਿਹਾਤੀ ਖੇਤਰਾਂ ਦੇ ਲਾਭਪਾਤਰੀਆਂ ਨੂੰ ਸਰਕਾਰੀ ਹਸਪਤਾਲ ਵਿਚ ਜਣੇਪੇ ਲਈ 700 ਰੁਪਏ, ਸ਼ਹਿਰੀ ਖੇਤਰ ਵਿਚ ਸਰਕਾਰੀ ਸੰਸਥਾ ਵਿਚ ਜਣੇਪੇ ਲਈ 600 ਰੁਪਏ ਅਤੇ  ਘਰੇਲੂ ਜਣੇਪੇ ਲਈ 500 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਤਾਂ ਜੋ ਪਰਿਵਾਰ ਜੱਚਾ-ਬੱਚਾ ਨੂੰ ਚੰਗੀ ਅਤੇ ਪੌਸਟਿਕ ਖੁਰਾਕ ਦੇ ਸਕੇ|

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਵੱਧ ਤੋਂ ਵੱਧ ਮੁਫ਼ਤ ਤੇ ਤਸੱਲੀਬਖਸ਼ ਇਲਾਜ਼ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ| ਉਨ੍ਹਾਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਮੁਫ਼ਤ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ| ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੰਸਥਾਂਗਤਿ ਜਣੇਪਿਆਂ ਨੂੰ ਯਕੀਨੀ ਬਣਾਂਉਣਾਂ ਚਾਹੀਦਾ ਹੈ ਤਾਂ ਜੋ ਜੱਚਾ –ਬੱਚਾ ਦੋਵੇ ਸਿਹਤਯਾਬ ਰਹਿ ਸਕਣ|

Leave a Reply

Your email address will not be published. Required fields are marked *