1984 ਦਾ ਸਿੱਖ ਕਤਲੇਆਮ ਅਣਮਨੁੱਖੀ ਤਸ਼ੱਦਦ ਦੀ ਸਿਖ਼ਰ : ਜਥੇਦਾਰ ਕੁੰਭੜਾ

ਐਸ ਏ ਐਸ ਨਗਰ, 10 ਜਨਵਰੀ (ਸ.ਬ.) ਇਤਿਹਾਸ ਦੇ ਪੰਨਿਆਂ ਵਿੱਚ 1984 ਦਾ ਸਿੱਖ ਕਤਲੇਆਮ ਅਣਮਨੁੱਖੀ ਤਸ਼ੱਦਦ ਦੀ ਸਿਖ਼ਰ ਵਜੋਂ ਅੰਕਿਤ ਹੈ| ਦੁੱਖ ਦੀ ਗੱਲ ਹੈ ਕਿ ਇਸ ਦੇ ਦੋਸ਼ੀ 34 ਸਾਲ ਬੀਤ ਜਾਣ ਤੋਂ ਬਾਅਦ ਵੀ ਬਚਦੇ ਆ ਰਹੇ ਹਨ| ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਜਨਵਰੀ ਨੂੰ ਐਲਾਨੇ ਗਏ ਅਰਦਾਸ ਦਿਵਸ ਦੇ ਸੱਦੇ ਤੇ ਗੁਰਦੁਆਰਾ ਅੰਬ ਸਾਹਿਬ ਫੇਜ਼ 8 ਮੁਹਾਲੀ ਵਿਖੇ ਨਿੱਤਨੇਮ ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮੁਹਾਲੀ ਹਰਮਨਪ੍ਰੀਤ ਸਿੰਘ ਪ੍ਰਿੰਸ ਵੀ ਹਾਜ਼ਰ ਸਨ|
ਜਥੇਦਾਰ ਕੁੰਭੜਾ ਨੇ ਕਿਹਾ ਕਿ ਸਿੱਖਾਂ ਦੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜਿਥੇ ਪੀੜ੍ਹਤ ਧਿਰ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਲੰਬੀ ਕਾਨੂੰਨੀ ਲੜਾਈ ਲਗਾਤਾਰ ਜਾਰੀ ਰੱਖੀ ਗਈ, ਉਥੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਪੁਰਜ਼ੋਰ ਯਤਨ ਕੀਤੇ ਜਾਂਦੇ ਰਹੇ ਹਨ| ਉਨ੍ਹਾਂ 1984 ਦੇ ਸਿੱਖ ਕਤੇਲਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਬਾਕੀ ਦੋਸ਼ੀਆਂ ਨੂੰ ਵੀ ਸਜ਼ਾ ਦੇਣ ਲਈ ਅਰਦਾਸ ਕੀਤੀ ਹੈ| ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਣੇ ਗੁਰੂ ਸਾਹਿਬ ਤੇ ਪੂਰਨ ਵਿਸ਼ਵਾਸ ਹੈ ਅਤੇ ਇਸੇ ਦੇ ਸਦਕਾ ਹੀ ਸੱਜਣ ਕੁਮਾਰ ਸਮੇਤ ਦੋ ਹੋਰ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕਿਆ ਹੈ| ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਉਦੋਂ ਤੱਕ ਪੀੜਤਾਂ ਦੀ ਪੀੜ ਨਹੀਂ ਘਟੇਗੀ|
ਇਸ ਮੌਕੇ ਸਵੇਰ ਦੇ ਨਿੱਤਨੇਮ ਉਪਰੰਤ ਅਰਦਾਸ ਵਿੱਚ ਸ਼ਾਮਿਲ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਸੰਤੋਖ ਸਿੰਘ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਚੇਚੀ, ਜਸਵੰਤ ਸਿੰਘ ਭੁੱਲਰ, ਸੁਖਦੇਵ ਸਿੰਘ, ਹਰਮਨਜੋਤ ਸਿੰਘ ਕੁੰਭੜਾ, ਹਾਕਮ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *