2019 ਦੀਆਂ ਲੋਕ ਸਭਾ ਚੋਣਾਂ ਲਈ ਭਖਣ ਲੱਗ ਪਿਆ ਹੈ ਸਿਆਸੀ ਅਖਾੜਾ

ਐਸ ਏ ਐਸ ਨਗਰ, 14 ਮਾਰਚ (ਜਗਮੋਹਨ ਸਿੰਘ ) ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਵੇਂ ਇੱਕ ਸਾਲ ਤੋਂ ਵੱਧ ਸਮਾਂ ਪਿਆ ਹੈ, ਪਰੰਤੂ ਪੰਜਾਬ ਵਿੱਚ ਇਹਨਾਂ ਚੋਣਾਂ ਸਬੰਧੀ ਹੁਣੇ ਤੋਂ ਹੀ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ| ਪੰਜਾਬ ਵਿੱਚ ਪਿਛਲੇ ਸਾਲ ਹੋਈ ਸੱਤਾ ਤਬਦੀਲੀ ਤੋਂ ਪਹਿਲਾਂ ਦਸ ਸਾਲਾਂ ਤਕ ਸੱਤਾ ਦਾ ਸੁੱਖ ਮਾਣਨ ਵਾਲੇ ਅਕਾਲੀ ਦਲ ਵਲੋਂ ਵੀ ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਆਪਣੀਆਂ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ| ਇਸ ਦੌਰਾਨ ਅਕਾਲੀ ਦਲ ਵਲੋਂ ਜਿੱਥੇ ਪੋਲ ਖੋਲ ਰੈਲੀਆਂ ਰਾਹੀਂ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਪਾਰਟੀ ਨੂੰ ਬੂਥ ਪੱਧਰ ਤਕ ਮਜਬੂਤ ਕਰਨ ਲਈ ਵੀ ਵਿਸ਼ੇਸ ਰਣਨੀਤੀ ਬਣਾਈ ਗਈ ਹੈ| ਪਾਰਟੀ ਵਲੋਂ ਹਰ ਜਿਲ੍ਹੇ ਵਿੱਚ ਕਾਇਮ ਕੀਤੇ ਜਾ ਰਹੇ ਜਿਲ੍ਹਾ ਦਫਤਰਾਂ ਨੂੰ ਵੀ ਇਸੇ ਰਣਨੀਤੀ ਦੇ ਤਹਿਤ ਖੋਲ੍ਹਿਆ ਜਾ ਰਿਹਾ ਹੈ|
ਦੂਜੇ ਪਾਸੇ ਗੁਰਦਾਸਪੁਰ ਲੋਕ ਸਭਾ ਦੀ ਜਿਮਣੀ ਚੋਣ ਜਿੱਤਣ ਤੋਂ ਬਾਅਦ ਕਾਂਗਰਸੀ ਵੀ ਕਾਫੀ ਜਿਆਦਾ ਹੌਂਸਲੇ ਵਿੱਚ ਹਨ| ਇੱਕ ਸਾਲ ਪਹਿਲਾਂ ਹੋਈ ਪੰਜਾਬ ਵਿਧਾਨਸਭਾ ਦੀ ਚੋਣ ਤੋਂ ਬਾਅਦ ਭਾਵੇਂ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਦਾ ਦਰਜਾ ਆਮ ਆਦਮੀ ਪਾਰਟੀ ਨੂੰ ਮਿਲ ਚੁੱਕਿਆ ਹੈ ਪਰੰਤੂ ਸਿਆਸੀ ਸਰਗਰਮੀਆਂ ਪੱਖੋਂ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਤੋਂ ਕਿਤੇ ਪਿਛੜੀ ਹੋਈ ਨਜਰ ਆ ਰਹੀ ਹੈ ਅਤੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਘੱਟ ਹੋਈਆਂ ਹਨ ਉਸ ਨਾਲ ਤਾਂ ਅਜਿਹਾ ਲਗਣ ਲੱਗ ਗਿਆ ਹੈ ਕਿ ਪੰਜਾਬ ਵਿੱਚ ਪਾਰਟੀ ਦਾ ਬੁਰਾ ਦੌਰ ਆਰੰਭ ਹੋ ਗਿਆ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਦੌਰਾਨ ਪਾਰਟੀ ਨੂੰ ਪਹਿਲਾਂ ਵਰਗਾ ਜਨ ਸਮਰਥਨ ਸ਼ਾਇਦ ਹੀ ਹਾਸਿਲ ਹੋ ਪਾਏ| ਕੁੱਝ ਸਿਆਸੀ ਮਾਹਿਰ ਤਾਂ ਇਹ ਵੀ ਮੰਨ ਕੇ ਚਲ ਰਹੇ ਹਨ ਕਿ ਪੰਜਾਬ ਵਿੱਚ ਅਗਾਮੀ ਲੋਕ ਸਭਾ ਚੋਣਾਂ ਸਮੇਂ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਹੀ ਹੋਣ ਦੀ ਸੰਭਾਵਨਾ ਹੈ|
ਇਸ ਦੌਰਾਨ ਜਿੱਥੇ ਅਕਾਲੀ ਦਲ ਵਲੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ ਕਰਕੇ ਸਰਕਾਰ ਤੇ ਕਈ ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਹਨ ਉੱਥੇ ਅਕਾਲੀ ਦਲ ਵਲੋਂ ਇਹ ਇਲਜਾਮ ਵੀ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਸੱਤਾ ਸੰਭਾਲ ਰਹੀ ਕੈਪਟਨ ਸਰਕਾਰ ਵਲੋਂ ਸਿਆਸੀ ਬਦਲਾਖੋਰੀ ਦੀ ਨੀਤੀ ਤਹਿਤ ਅਕਾਲੀ ਆਗੂਆਂ ਤੇ ਵਰਕਰਾਂ ਖਿਲਾਫ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ| ਪਿਛਲੇ ਸਮੇਂ ਦੌਰਾਨ ਵੱਖ ਵੱਖ ਅਕਾਲੀ ਆਗੂਆਂ ਉੱਪਰ ਹੋਏ ਅਪਰਾਧਿਕ ਮਾਮਲਿਆਂ ਨੂੰ ਪਾਰਟੀ ਵਲੋਂ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ| ਪੰਜਾਬ ਦੀ ਸੱਤਾ ਤੇ ਕਾਬਿਜ ਕਾਂਗਰਸ ਪਾਰਟੀ ਭਾਵੇਂ ਅਕਾਲੀ ਦਲ ਵਲੋਂ ਪੂਰੇ ਜੋਰ ਸ਼ੋਰ ਚਲਾਈ ਜਾ ਰਹੀ ਇਸ ਸਿਆਸੀ ਮੁਹਿੰਮ ਦਾ ਢੁੱਕਵਾਂ ਜਵਾਬ ਦੇਣ ਵਿੱਚ ਨਾਕਾਮ ਨਜਰ ਆ ਰਹੀ ਹੈ| ਹਾਲਾਂਕਿ ਪਾਰਟੀ ਦੇ ਸੀਨੀਅਰ ਆਗੂ ਅਕਾਲੀ ਦਲ ਵਲੋਂ ਲਗਾਏ ਜਾ ਰਹੇ ਇਲਜਾਮਾਂ ਤੇ ਪਾਰਟੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਜਰੂਰ ਦਿਖਦੇ ਹਨ| ਕਾਂਗਰਸੀ ਕਹਿੰਦੇ ਹਨ ਕਿ ਜਦੋਂ ਪੰਜਾਬ ਵਿੱਚ ਅ ਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ ਤਾਂ ਉਦੋਂ ਕਾਂਗਰਸੀਆਂ ਵਿਰੁੱਧ ਹੀ ਸਿਆਸੀ ਬਦਲੇਖੋਰੀ ਦੇ ਹਜਾਰਾਂ ਮਾਮਲੇ ਦਰਜ ਕਰਵਾਏ ਗਏ ਸਨ ਅਤੇ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਕਾਂਗਰਸੀ ਪੰਚਾਂ ਸਰਪੰਚਾਂ ਨੂੰ ਬੁਰੀ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਇਸ ਗੱਲ ਤੋਂ ਤਾਂ ਸਾਰੇ ਹੀ ਜਾਣੂ ਹਨ ਕਿ ਸੱਤਾ ਤੇ ਕਾਬਿਜ ਪਾਰਟੀ ਦੇ ਆਗੂਆਂ ਵਲੋਂ ਸਰਕਾਰੀ ਢਾਂਚੇ (ਪੁਲੀਸ ਅਤੇ ਪ੍ਰਸ਼ਾਸ਼ਨ) ਦੇ ਦਬਾਓ ਹੇਠ ਵਿਰੋਧੀਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਜਿਹੜੀ ਵੀ ਪਾਰਟੀ ਸੱਤਾ ਵਿੱਚ ਹੁੰਦੀ ਹੈ ਉਸਦੇ ਖਿਲਾਫ ਅਜਿਹੇ ਦੋਸ਼ ਤਾਂ ਲੱਗਣੇ ਹੀ ਹੁੰਦੇ ਹਨ| ਇਸ ਸਾਰੇ ਕੁੱਝ ਦਾ ਆਉਣ ਵਾਲੀਆਂ ਲੋਕਸਭਾ ਚੋਣਾਂ ਦੌਰਾਨ ਕੀ ਪ੍ਰਭਾਵ ਪਏਗਾ ਇਸ ਬਾਰੇ ਤਾਂ ਹੁਣੇ ਕੁੱਝ ਨਹੀਂ ਕਿਹਾ ਜਾ ਸਕਦਾ ਪਰੰਤੂ ਇੰਨਾ ਜਰੂਰ ਹੈ ਕਿ ਸਿਆਸੀ ਬਦਲਾਖੋਰੀ ਦੇ ਇਹ ਇਲਜਾਮ ਸੱਤਾਧਾਰੀਆਂ ਦੀ ਸ਼ਾਖ ਨੂੰ ਖਰਾਬ ਕਰਦੇ ਹਨ|
ਅਕਾਲੀ ਦਲ ਵਲੋਂ ਸਰਕਾਰ ਦੇ ਖਿਲਾਫ ਅਜਿਹੇ ਇਲਜਾਮ ਲਗਾ ਕੇ ਸਰਕਾਰ ਦੀ ਕਾਰਗੁਜਾਰੀ ਤੇ ਤਾਂ ਸਵਾਲ ਚੁੱਕੇ ਹੀ ਜਾ ਰਹੇ ਹਨ ਆਮ ਲੋਕਾਂ ਦੀ ਹਮਦਰਦੀ ਹਾਸਿਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਅਤੇ ਉਸਨੂੰ ਇਸਦਾ ਫਾਇਦਾ ਵੀ ਮਿਲ ਰਿਹਾ ਹੈ| ਦੂਜੇ ਪਾਸੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਸਰਗਰਮੀਆ ਲਗਭਗ ਠੱਪ ਹੋਣ ਦਾ ਫਾਇਦਾ ਵੀ ਅਕਾਲੀ ਦਲ ਨੂੰ ਮਿਲਦਾ ਦਿਖ ਰਿਹਾ ਹੈ| ਲੋਕਸਭਾ ਚੋਣਾਂ ਦੌਰਾਨ ਮੁਕਾਬਲਾ ਦੋ ਕੋਨਾ ਹੋਵੇਗਾ ਜਾਂ ਤਿਕੋਨਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਅਕਾਲੀ ਦਲ ਵਲੋਂ ਜਿਸ ਤਰੀਕੇ ਨਾਲ ਆਪਣੀਆਂ ਸਿਆਸੀ ਸਰਗਰਮੀਆਂ ਵਿੱਚ ਤੇਜੀ ਲਿਆਂਦੀ ਗਈ ਹੈ ਉਸਦਾ ਕੁੱਝ ਨਾ ਕੁੱਝ ਫਾਇਦਾ ਤਾਂ ਉਸਨੂੰ ਮਿਲਣਾ ਤੈਅ ਹੈ|

Leave a Reply

Your email address will not be published. Required fields are marked *