2019 ਵਿੱਚ ਸੋਨੀਆ ਦੀ ਜਗ੍ਹਾ ਲਵੇਗੀ ਪ੍ਰਿਯੰਕਾ ਵਾਡਰਾ!

ਨਵੀਂ ਦਿੱਲੀ, 24 ਜਨਵਰੀ (ਸ.ਬ.) ਯੂ.ਪੀ. ਵਿੱਚ ਸਪਾ ਅਤੇ ਕਾਂਗਰਸ ਦੇ ਗਠਜੋੜ ਦੀ ਸੂਤਰਧਾਰ ਰਹੀ ਪ੍ਰਿਯੰਕਾ ਵਾਡਰਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਏਬਰੇਲੀ ਤੋਂ ਸੋਨੀਆ ਗਾਂਧੀ ਦੀ ਜਗ੍ਹਾ ਚੋਣਾਂ ਲੜ ਸਕਦੀ ਹੈ| ਉਂਝ ਜ਼ਿਆਦਾਤਰ ਚੋਣਾਂ ਦੇ ਸਮੇਂ ਹੀ ਸਰਗਰਮ ਨਜ਼ਰ ਆਉਣ ਵਾਲੀ ਪ੍ਰਿਯੰਕਾ ਸਿਆਸਤ ਤੋਂ ਦੂਰ ਰਹਿਣ ਦੇ ਪੱਖ ਵਿੱਚ ਰਹਿੰਦੀ ਹੈ| ਇਕ ਵਾਰ ਫਿਰ ਉਹ ਮੈਦਾਨ ਵਿੱਚ ਹੈ ਅਤੇ ਪਾਰਟੀ ਲਈ ਪ੍ਰਚਾਰ ਕਰ ਸਕਦੀ ਹੈ| ਇਸ ਦੌਰਾਨ ਇਸ ਗੱਲ ਦੇ ਕਿਆਸ ਲੱਗਣੇ ਵੀ ਸ਼ੁਰੂ ਹੋ ਗਏ ਹਨ ਕਿ ਉਹ ਆਪਣੀ ਮਾਂ ਅਤੇ ਪਾਰਟੀ ਚੇਅਰਪਰਸਨ ਸੋਨੀਆ ਗਾਂਧੀ ਦੀ ਰਵਾਇਤੀ ਸੀਟ ਤੋਂ ਮੈਦਾਨ ਵਿੱਚ ਉਤਰ ਸਕਦੀ ਹੈ| ਸਪਾ-ਕਾਂਗਰਸ ਗਠਜੋੜ ਤੋਂ ਬਾਅਦ ਕਾਂਗਰਸ ਨੇ ਵੀ ਇਸ ਦਾ ਸਿਹਰਾ ਪ੍ਰਿਯੰਕਾ ਨੂੰ ਦਿੰਦੇ ਹੋਏ ਉਨ੍ਹਾਂ ਦੇ ਸਰਗਰਮ ਸਿਆਸਤ ਵਿੱਚ ਪੈਰ ਰੱਖਣ ਦਾ ਇਸ਼ਾਰਾ ਕੀਤਾ|
ਗਠਜੋੜ ਤੋਂ ਬਾਅਦ ਕਾਂਗਰਸ ਨੇਤਾ ਅਹਿਮਦ ਪਟੇਲ ਵੱਲੋਂ ਟਵੀਟ ਕਰ ਕੇ ਪ੍ਰਿਯੰਕਾ ਦੀ ਇਸ ਵਿੱਚ ਭੂਮਿਕਾ ਨੂੰ ਮੰਨਿਆ, ਜਿਸ ਤੋਂ ਬਾਅਦ ਕਾਂਗਰਸ ਨੇ ਹੁਣ ਵੀ ਉਨ੍ਹਾਂ ਦੇ ਸਿਆਸੀ ਭਵਿੱਖ ਤੇ ਗੱਲ ਕਰਨ ਨਾਲ ਜੋ ਦੂਰੀ ਬਣਾਈ ਸੀ, ਉਸ ਵਿੱਚ ਤਬਦੀਲੀ ਆਈ| ਪ੍ਰਿਯੰਕਾ ਦੀ ਵਧਦੀ ਰਾਜਨੀਤਕ ਭੂਮਿਕਾ ਨੂੰ ਲੈ ਕੇ ਇਸ ਗੱਲ ਦੇ ਕਿਆਸ ਤੇਜ਼ ਹੋ ਗਏ ਹਨ ਕਿ ਉਹ 2019 ਵਿੱਚ ਸੋਨੀਆ ਦੀ ਥਾਂ ਮੈਦਾਨ ਸੰਭਾਲ ਸਕਦੀ ਹੈ| ਕਾਂਗਰਸ ਚੇਅਰਪਰਸਨ ਜਿਨ੍ਹਾਂ ਨੇ 1999 ਵਿੱਚ ਅਮੇਠੀ ਤੋਂ ਚੋਣਾਂ ਲੜੀਆਂ ਸਨ| 2004 ਵਿੱਚ ਰਾਏਬਰੇਲੀ ਆ ਗਈ ਅਤੇ ਅਮੇਠੀ ਸੀਟ ਰਾਹੁਲ ਦੇ ਨਾਂ ਹੋ ਗਈ| ਇਹ ਦੋਵੇਂ ਸੀਟਾਂ ਗਾਂਧੀ ਪਰਿਵਾਰ ਲਈ ਸੁਰੱਖਿਅਤ ਹਨ ਅਤੇ ਇਨ੍ਹਾਂ ਲਈ ਪ੍ਰਿਯੰਕਾ 1999 ਤੋਂ ਚੋਣ ਪ੍ਰਚਾਰ ਕਰਦੀ ਆ ਰਹੀ ਹੈ|      ਭਾਵੇਂ ਹੀ ਤਾਜ਼ਾ ਹਾਲਾਤ ਤੋਂ ਬਾਅਦ ਪ੍ਰਿਯੰਕਾ ਨੂੰ ਲੈ ਕੇ ਫਿਰ ਕਿਆਸ ਜਾਰੀ ਹੈ, ਉੱਥੇ ਹੀ ਪਾਰਟੀ ਰਾਹੁਲ ਨੂੰ ਚੇਅਰਮੈਨ ਬਣਾਉਣ ਦੀ ਯੋਜਨਾ ਨਾਲ ਡਿੱਗਦੀ ਨਹੀਂ ਦਿੱਸ ਰਹੀ|
ਕਾਂਗਰਸ ਦੇ ਬੁਲਾਰੇ ਅਜੇ ਕੁਮਾਰ ਅਨੁਸਾਰ ਜਿੱਥੇ ਤੱਕ ਯੂ.ਪੀ. ਵਿੱਚ ਚੋਣਾਂ ਦਾ ਸਵਾਲ ਹੈ, ਰਾਹੁਲ ਗਾਂਧੀ ਨੇ ਗੁਲਾਮ ਨਬੀ ਆਜ਼ਾਦ ਅਤੇ ਪ੍ਰਿਯੰਕਾ ਨੂੰ ਕਿਹਾ ਸੀ ਕਿ ਉਹ ਗਠਜੋੜ ਨੂੰ ਤੈਅ ਕਰਨ| ਪਾਰਟੀ ਦੇ ਸੀਨੀਅਰ ਨੇਤਾਵਾਂ ਅਨੁਸਾਰ ਕਾਂਗਰਸ ਨੇ ਵੱਖ-ਵੱਖ ਪੱਧਰ ਤੇ ਅਗਵਾਈ ਹੋ ਸਕਦੀ ਹੈ| ਜਿੱਥੇ ਰਾਹੁਲ ਗਾਂਧੀ ਪਾਰਟੀ ਨੂੰ ਲੀਡ ਕਰ ਸਕਦੇ ਹਨ, ਉੱਥੇ ਹੀ ਪ੍ਰਿਯੰਕਾ ਸਾਧਾਰਣ ਭੂਮਿਕਾ ਵਿੱਚ ਰਹਿ ਸਕਦੀ ਹੈ| ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਸਭ ਜਲਦ ਹੋ ਸਕਦਾ ਹੈ, ਕਿਉਂਕਿ ਲੋਕ ਸਭਾ ਚੋਣਾਂ ਨੂੰ ਅਜੇ 2 ਸਾਲ ਦਾ ਸਮਾਂ ਹੈ| ਸੂਤਰਾਂ ਅਨੁਸਾਰ ਪਾਰਟੀ ਨਾਲ ਪ੍ਰਿਯੰਕਾ ਦੇ ਰਸਮੀ ਤੌਰ ਨਾਲ ਜੁੜਨ ਬਾਰੇ ਪੂਰੀ ਤਰ੍ਹਾਂ ਸੋਚਿਆ ਗਿਆ ਹੈ| ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਦੇ ਵਧਦੇ ਕਦਮਾਂ ਦੇ ਪਿੱਛੇ ਕਿਤੇ ਸੋਨੀਆ ਗਾਂਧੀ ਦਾ ਸਿਆਸਤ ਤੋਂ ਹਟਣ ਦਾ ਫੈਸਲਾ ਤਾਂ ਨਹੀਂ| ਇਕ ਅੰਦਰੂਨੀ ਵਿਅਕਤੀ ਅਨੁਸਾਰ ਇਹ ਸੱਚ ਹੈ ਕਿ ਰਾਹੁਲ ਦੀ ਪ੍ਰਿਯੰਕਾ ਤੇ ਨਿਰਭਰਤਾ ਵਧੀ ਹੈ| ਸੋਨੀਆ ਦੇ ਬੀਮਾਰ ਹੋਣ ਕਾਰਨ ਉਨ੍ਹਾਂ ਨੇ ਕਈ ਚੀਜ਼ਾਂ ਛੱਡ ਦਿੱਤੀਆਂ ਹਨ, ਜਿਨ੍ਹਾਂ ਨੂੰ ਪ੍ਰਿਯੰਕਾ ਸੰਭਾਲ ਰਹੀ ਹੈ|

Leave a Reply

Your email address will not be published. Required fields are marked *