2020 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਹੋਵੇਗਾ ਮੇਰਾ ਆਖਰੀ ਟੂਰਨਾਮੈਂਟ: ਫਾਫ

ਇੰਗਲੈਂਡ, 8 ਜੂਨ (ਸ.ਬ.) ਇਸ ਵਰਲਡ ਕੱਪ ਵਿੱਚ ਜੇਕਰ ਕੋਈ ਟੀਮ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਹੋਵੇਗੀ ਤਾਂ ਉਹ ਦੱਖਣੀ ਅਫਰੀਕਾ ਦੀ ਟੀਮ ਹੋਵੇਗੀ| ਇਸ ਟੀਮ ਨੇ ਹਰ ਵਰਲਡ ਕੱਪ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ| ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ,ਅਫਰੀਕੀ ਟੀਮ ਵਿਸ਼ਵ ਕੱਪ 2019 ਵਿੱਚ ਆਪਣੇ ਸ਼ੁਰੂਆਤੀ ਤਿੰਨੋਂ ਮੈਚ ਹਾਰ ਚੁੱਕੀ ਹੈ ਅਤੇ ਟੂਰਨਾਮੈਂਟ ਚੋਂ ਬਾਹਰ ਹੋਣ ਦੀ ਕਗਾਰ ਤੇ ਖੜੀ ਹੈ| ਅਜਿਹੇ ਵਿੱਚ ਦੱਖਣੀ ਅਫਰੀਕਾ ਕ੍ਰਿਕਟ ਲਈ ਇਕ ਹੋਰ ਬੁਰੀ ਖਬਰ ਆ ਰਹੀ ਹੈ|
ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਹੈ| ਉਨ੍ਹਾਂ ਨੇ ਦੱਸਿਆ ਹੈ ਕਿ 2020 ਵਿੱਚ ਆਸਟਰੇਲੀਆ ਵਿੱਚ ਹੋਣ ਵਾਲਾ ਟੀ-20 ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ| ਫਾਫ ਦੇ ਵਿਸ਼ਵ ਕੱਪ ਦੇ ਵਿੱਚ ਅਜਿਹਾ ਐਲਾਨ ਕਰਨਾ ਥੋੜ੍ਹਾ ਅਜੀਬ ਲਗਦਾ ਹੈ ਪਰ ਇਹ ਸੱਚ ਹੈ| ਅਫਰੀਕੀ ਕਪਤਾਨ ਦੇ ਇਸ ਫੈਸਲੇ ਦੇ ਪਿੱਛੇ ਇਕ ਵਜ੍ਹਾ ਦੱਖਣੀ ਅਫਰੀਕਾ ਦਾ ਇਸ ਵਿਸ਼ਵ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਵੀ ਦੱਸਿਆ ਜਾ ਰਿਹਾ ਹੈ|
ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਏ. ਬੀ. ਡੀਵਿਲੀਅਰਸ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ ਤੇ ਹੁਣ ਫਾਫ ਦੀ ਰਿਟਾਇਰਮੈਂਟ ਦਾ ਐਲਾਨ ਅਫਰੀਕੀ ਟੀਮ ਲਈ ਇਕ ਵੱਡਾ ਝਟਕਾ ਹੈ| ਫਾਫ ਦੱਖਣੀ ਅਫਰੀਕਾ ਲਈ 137 ਵਨ-ਡੇ, 58 ਟੈਸਟ ਤੇ 44 ਟੀ-20 ਮੈਚ ਖੇਡ ਚੁੱਕੇ ਹਨ| ਡੀਵਿਲੀਅਰਸ ਦੇ ਜਾਣ ਤੋਂ ਬਾਅਦ ਡੂ ਪਲੇਸਿਸ ਨੇ ਟੀਮ ਨੂੰ ਸੰਭਾਲਿਆ ਹੋਇਆ ਹੈ ਤੇ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਜਦੋਂ ਡੂਪਲੇਸਿਸ ਕ੍ਰਿਕਟ ਨੂੰ ਅਲਵਿਦਾ ਕਹਿਣਗੇ ਤਾਂ ਅਫਰੀਕੀ ਟੀਮ ਦੀ ਕਮਾਨ ਕੌਣ ਸੰਭਾਲੇਗਾ|

Leave a Reply

Your email address will not be published. Required fields are marked *