23 ਜਨਵਰੀ ਨੂੰ ਸੂਬੇ ਭਰ ਵਿੱਚ ਮੋਟਰਸਾਈਕਲ ਰੈਲੀ ਕਰਕੇ ਕਿਸਾਨ ਟਰੈਕਟਰ ਪਰੇਡ ਲਈ ਲੋਕਾਂ ਨੂੰ ਲਾਮਬੰਦ ਕਰੇਗੀ ‘ਆਪ’

ਚੰਡੀਗੜ੍ਹ, 21 ਜਨਵਰੀ (ਸ.ਬ.) ਆਮ ਆਦਮੀ ਪਾਰਟੀ ਵਲੋਂ ਸੂਬੇ ਭਰ ਵਿੱਚ ਮੋਟਰਸਾਈਕਲ ਰੈਲੀ ਕੱਢਕੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੀਤੀ ਜਾਣ ਵਾਲੀ ਕਿਸਾਨ ਟਰੈਕਟਰ ਪਰੇਡ ਵਾਸਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਸੰਬੰਧੀ ਪਾਰਟੀ ਹੈਡਕੁਆਟਰ ਤੋਂ ਜਾਰੀ ਸੰਯੁਕਤ ਬਿਆਨ ਰਾਹੀਂ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪਾਰਟੀ ਵਲੋਂ 23 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਮੋਟਰਸਾਈਕਲ ਰੈਲੀਆਂ ਕੱਢੀਆਂ ਜਾਣਗੀਆਂ ਅਤੇ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਵਾਸਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹੀ ਪਰੇਡ ਹੋਵੇਗੀ ਕਿ ਇਕ ਪਾਸੇ ਜਵਾਨ ਪਰੇਡ ਕਰਨਗੇ ਅਤੇ ਦੂਜੇ ਪਾਸੇ ਦੇਸ਼ ਦਾ ਕਿਸਾਨ ਆਪਣੀ ਹਾਲਤ ਪ੍ਰਗਟਾਉਂਦੀਆਂ ਹੋਈਆਂ ਝਾਕੀਆਂ ਨਾਲ ਦਿੱਲੀ ਦੀਆਂ ਸੜਕਾਂ ਉੱਤੇ ਟਰੈਕਟਰ ਪਰੇਡ ਕਰੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਸਮੂਹ ਅਹੁਦੇਦਾਰ ਕਿਸਾਨ ਟਰੈਕਟਰ ਪਰੇਡ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਪਰੇਡ ਵਿੱਚ ਕਿਸੇ ਰਾਜਨੀਤਿਕ ਪਾਰਟੀ ਦੇ ਤੌਰ ਤੇ ਨਹੀਂ, ਇਕ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ‘ਅੰਨਦਾਤੇ’ ਵੱਲੋਂ ਕੀਤੀ ਜਾ ਰਹੀ ਪਰੇਡ ਵਿੱਚ ਸ਼ਾਮਲ ਹੋਵੇਗੀ।

ਉਨ੍ਹਾਂ ਕਿਹਾ ਕਿ ਅੱਜ ਸਾਡਾ ਦੇਸ਼ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਸੰਵਿਧਾਨ ਰਾਹੀਂ ਮਿਲੇ ਸਾਰੇ ਅਧਿਕਾਰਾਂ ਨੂੰ ਸੱਤਾਧਾਰੀ ਤਾਨੇਸ਼ਾਹ ਮੋਦੀ ਸਰਕਾਰ ਵਲੋਂ ਕੁਚਲਿਆ ਜਾ ਰਿਹਾ ਹੈ। ਸੰਵਿਧਾਨ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣ, ਆਪਣੀ ਗੱਲ ਕਹਿਣ ਦਾ ਅਧਿਕਾਰ ਦਿੰਦਾ ਹੈ, ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਕਿਸੇ ਨਾ ਕਿਸੇ ਢੰਗ ਨਾਲ ਇਹ ਅਧਿਕਾਰ ਖੋਹਣ ਦੀ ਚਾਲ ਚੱਲ ਰਹੀ ਹੈ।

Leave a Reply

Your email address will not be published. Required fields are marked *