24 ਸਾਲਾਂ ਦੇ ਸਿਆਸੀ ਜੀਵਨ ਤੋਂ ਬਾਅਦ ਨਸੀਬ ਹੋਈ ਬਲਬੀਰ ਸਿੰਘ ਸਿੱਧੂ ਨੂੰ ਮੰਤਰੀ ਦੀ ਕੁਰਸੀ

24 ਸਾਲਾਂ ਦੇ ਸਿਆਸੀ ਜੀਵਨ ਤੋਂ ਬਾਅਦ ਨਸੀਬ ਹੋਈ ਬਲਬੀਰ ਸਿੰਘ ਸਿੱਧੂ ਨੂੰ ਮੰਤਰੀ ਦੀ ਕੁਰਸੀ
ਪੰਜਾਬ ਯੂਥ ਕਾਂਗਰਸ ਦੇ ਜਾਇੰਟ ਸਕੱਤਰ ਤੋਂ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਸ੍ਰ. ਸਿੱਧੂ ਨੇ ਵੇਖੇ ਕਈ ਸਿਆਸੀ ਉਤਾਰ ਚੜ੍ਹਾਓ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 21 ਅਪ੍ਰੈਲ

ਬੀਤੀ ਸ਼ਾਮ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਮੰਤਰੀ ਬਣਾਏ ਜਾਣ ਦਾ ਐਲਾਨ ਹੋਣ ਦੇ ਬਾਅਦ ਤੋਂ ਹੀ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਵੱਧ ਚੜ੍ਹ ਕੇ ਉਹਨਾਂ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ| ਸ੍ਰ. ਸਿੱਧੂ ਨੂੰ ਮੰਤਰੀ ਬਣਾਏ ਜਾਣ ਤੋਂ ਬਾਅਦ ਜਿੱਥੇ ਉਹਨਾਂ ਦਾ ਸਿਆਸੀ ਕਦ ਕਾਫੀ ਜਿਆਦਾ ਵੱਧ ਗਿਆ ਹੈ ਉੱਥੇ ਉਹ ਮੁਹਾਲੀ ਜਿਲ੍ਹੇ ਤੋਂ ਬਣਨ ਵਾਲੇ ਪਹਿਲੇ ਕੈਬਿਨਟ ਮੰਤਰੀ ਵੀ ਬਣ ਗਏ ਹਨ| ਪਰੰਤੂ ਇਹ ਸਾਰਾ ਕੁੱਝ ਅਚਾਨਕ ਹੀ ਨਹੀਂ ਹੋਇਆ ਹੈ ਅਤੇ ਇਸ ਮੁਕਾਮ ਤਕ ਪਹੁੰਚਣ ਲਈ ਸ੍ਰ. ਸਿੱਧੂ ਨੇ ਪਿਛਲੇ ਢਾਈ ਦਹਾਕਿਆਂ ਦੇ ਆਪਣੇ ਸਿਆਸੀ ਜਵਨ ਵਿੱਚ ਕਈ ਉਤਾਰ ਚੜ੍ਹਾਅ ਦਾ ਸਾਮ੍ਹਣਾ ਕੀਤਾ ਹੈ|
ਇਸ ਗੱਲ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੁਹਾਲੀ ਸ਼ਹਿਰ ਵਿੱਚ ਸ੍ਰ. ਸਿੱਧੂ ਵਲੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ (1994 ਵਿੱਚ) ਪੰਜਾਬ ਯੂਥ ਕਾਂਗਰਸ ਦੇ ਜਾਇੰਟ ਸਕੱਤਰ ਦੇ ਅਹੁਦੇ ਨਾਲ ਕੀਤੀ ਗਈ ਸੀ ਜਿਸਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ| 1996 ਵਿੱਚ ਉਹਨਾਂ ਨੂੰ ਪੰਜਾਬ ਯੂਥ ਕਾਂਗਰਸ ਦਾ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਇਸ ਦੌਰਾਨ ਉਹਨਾਂ ਦੀ ਪੰਜਾਬ ਕਾਂਗਰਸ ਦੀ ਸ਼ਿਖਰ ਅਗਵਾਈ ਨਾਲ ਨੇੜਤਾ ਕਾਇਮ ਹੋਈ| 1997 ਵਿੱਚ ਜਦੋਂ ਪੰਜਾਬ ਵਿਧਾਨਸਭਾ ਦੀ ਚੋਣ ਹੋਈ ਤਾਂ ਉਸਵੇਲੇ ਸ੍ਰ. ਸਿੱਧੂ ਖਰੜ ਵਿਧਾਨਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਹਾਸਿਲ ਕਰਨ ਵਿੱਚ ਕਾਮਯਾਬ ਰਹੇ ਸਨ| ਉਸ ਵੇਲੇ ਇਹ ਚਰਚਾ ਜੋਰਾਂ ਤੇ ਸੀ ਕਿ ਸਾਬਕਾ ਕੇਂਦਰੀ ਮੰਤਰੀ ਸ੍ਰ. ਬੂਟਾ ਸਿੰਘ ਵਲੋਂ ਸਾਬਕਾ ਮੰਤਰੀ ਸ੍ਰ. ਹਰਨੇਕ ਸਿੰਘ ਘੜੂੰਆਂ ਦੀ ਟਿਕਟ ਕੱਟ ਕੇ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਇੱਥੋਂ ਚੋਣ ਲੜਵਾਈ ਗਈ ਸੀ| 1997 ਦੀ ਚੋਣ ਵਿੱਚ ਭਾਵੇਂ ਸ੍ਰ. ਸਿੱਧੂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਪਰੰਤੂ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਬਣੇ ਰਹਿ ਕੇ ਹਲਕੇ ਵਿੱਚ ਆਪਣੀ ਪਕੜ ਮਜਬੂਤ ਕਰਦੇ ਰਹੇ|
ਸਾਲ 2002 ਵਿੱਚ ਹੋਈਆਂ ਚੋਣਾਂ ਮੌਕੇ ਸ੍ਰ. ਸਿੱਧੂ ਨੂੰ ਉਸ ਵੇਲੇ ਨਮੋਸ਼ੀ ਦਾ ਸਾਮ੍ਹਣਾ ਕਰਨਾ ਪਿਆ ਜਦੋਂ ਪਾਰਟੀ ਵਲੋਂ ਉਹਨਾਂ ਦੀ ਟਿਕਟ ਕੱਟ ਕੇ ਇੱਥੋਂ ਸ੍ਰ. ਬੀਰ ਦਵਿੰਦਰ ਸਿੰਘ ਨੂੰ ਟਿਕਟ ਦੇ ਦਿੱਤੀ| ਇਸ ਮੌਕੇ ਸ੍ਰ. ਸਿੱਧੂ ਨੇ ਪਾਰਟੀ ਤੋਂ ਬਗਾਵਤ ਕਰਕੇ ਆਜਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਫਿਰ ਹਾਰ ਗਏ| ਕਾਂਗਰਸ ਪਾਰਟੀ ਵਲੋਂ ਉਹਨਾਂ ਨੂੰ ਛੇ ਸਾਲਾਂ ਲਈ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ|
ਪਰੰਤੂ ਕੁੱਝ ਸਮੇਂ ਬਾਅਦ ਹੀ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਸ੍ਰ. ਲਾਲ ਸਿੰਘ ਅਤੇ ਉਸ ਵੇਲੇ ਦੇ ਕਾਂਗਰਸ ਪ੍ਰਧਾਨ ਸ੍ਰ. ਸ਼ਮਸ਼ੇਰ ਸਿੰਘ ਦੂਲੋਂ ਵਲੋਂ ਸ੍ਰ. ਸਿੱਧੂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਗਿਆ ਅਤੇ ਫਿਰ ਉਹਨਾਂ ਨੂੰ ਜਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ| ਇਸਦੇ ਨਾਲ ਹੀ ਸ੍ਰ. ਦੂਲੋਂ ਨੇ ਸ੍ਰ. ਸਿੱਧੂ ਨੂੰ ਮੁੜ ਹਲਕੇ ਦੇ ਸੰਭਾਵੀ ਉਮੀਦਵਾਰ ਵਜੋਂ ਉਭਾਰਿਆ|
ਫਿਰ 2007 ਵਿੱਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਸ੍ਰ. ਸਿੱਧੂ ਖਰੜ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਪਹਿਲੀ ਵਾਰ ਵਿਧਾਇਕ ਬਣੇ| ਹਾਲਾਂਕਿ ਉਸ ਵੇਲੇ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣੀ ਅਤੇ ਸ੍ਰ. ਸਿੱਧੂ ਨੂੰ ਸਰਕਾਰੀ ਤੌਰ ਤੇ ਪੂਰੀ ਤਾਕਤ ਹਾਸਿਲ ਨਹੀਂ ਹੋ ਪਾਈ| ਪਹਿਲਾਂ ਹਲਕੇ ਦੇ ਕੰਮ ਕਾਜ ਕੈਪਟਨ ਕੰਵਲਜੀਤ ਸਿੰਘ ਦੀ ਨਿਗਰਾਨੀ ਵਿੱਚ ਹੀ ਰਹੇ ਅਤੇ ਫਿਰ ਉਹਨਾਂ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਅਕਾਲੀ ਦਲ ਵਲੋਂ ਸ੍ਰੀ ਐਨ ਕੇ ਸ਼ਰਮਾ ਨੂੰ ਇੱਥੋਂ ਦਾ ਹਲਕਾ ਇੰਚਾਰਜ ਥਾਪ ਦਿੱਤਾ ਗਿਆ| ਬਾਅਦ ਵਿੱਚ ਅਕਾਲੀ ਦਲ ਨੇ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਅਤੇ ਸ੍ਰ. ਸਿੱਧੂ ਦਾ ਇਹ ਕਾਰਜਕਾਲ ਇਹਨਾਂ ਵੱਖ ਵੱਖ ਹਲਕਾ ਇੰਚਾਰਜਾਂ ਨਾਲ ਸਿਆਸੀ ਟਕਰਾਓ ਦੌਰਾਨ ਹੀ ਲੰਘ ਗਿਆ|
2012 ਵਿੱਚ ਹੋਈ ਨਵੀਂ ਹਲਕਾ ਬੰਦੀ ਦੌਰਾਨ ਮੁਹਾਲੀ ਨੂੰ ਵੱਖਰੇ ਵਿਧਾਨਸਭਾ ਹਲਕੇ ਦਾ ਦਰਜਾ ਹਾਸਿਲ ਹੋ ਗਿਆ ਅਤੇ ਸ੍ਰ. ਸੂੱਧ ਨੇ ਇੱਥੋਂ ਪਾਰਟੀ ਟਿਕਟ ਤੇ ਚੋਣ ਲੜ ਕੇ ਜਿੱਤ ਹਾਸਿਲ ਕੀਤੀ| ਇਸ ਵਾਰ ਫਿਰ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਬਣ ਗਈ ਅਤੇ ਸ੍ਰ. ਸਿੱਧੂ ਦਾ ਇਹ ਕਾਰਜਕਾਲ ਵੀ ਅਕਾਲੀਆਂ ਨਾਲ ਸਿਆਸੀ ਖਿੱਚੋਤਾਣ ਵਿੱਚ ਹੀ ਲੰਘਿਆ|
2017 ਵਿੱਚ ਹੋਈ ਚੋਣ ਦੌਰਾਨ ਸ੍ਰ. ਸਿੱਧੂ ਲਗਾਤਾਰ ਤੀਜੀ ਵਾਰ ਵਿਧਾਇਕ ਦੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੀ ਬਣ ਗਈ| ਉਸ ਵੇਲੇ ਤੋਂ ਹੀ ਇਹ ਚਰਚਾ ਜੋਰ ਫੜਦੀ ਰਹੀ ਹੈ ਕਿ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਅਤੇ ਅਖੀਰਕਾਰ ਹੁਣ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰ. ਸਿੱਧੂ ਨੂੰ ਟ੍ਰਾਂਸਪੋਰਟ ਅਤੇ ਉਦਯੋਗ ਵਿਭਾਗ ਦੀ ਜਿੰਮੇਵਾਰੀ ਸੌਂਪੀ ਜਾ ਰਹੀ ਹੈ ਅਤੇ ਵੇਖਣਾ ਇਹ ਹੈ ਕਿ ਮੰਤਰੀ ਵਜੋਂ ਆਪਣੀ ਇਸ ਪਾਰੀ ਦੌਰਾਨ ਉਹ ਕੀ ਪ੍ਰਾਪਤੀ ਕਰਨ ਦੇ ਸਮਰਥ ਹੁੰਦੇ ਹਨ ਅਤੇ ਮੁਹਾਲੀ ਹਲਕੇ ਨੂੰ ਉਹਨਾਂ ਦੇ ਮੰਤਰੀ ਬਣਨ ਨਾਲ ਕੀ ਹਾਸਿਲ ਹੁੰਦਾ ਹੈ|
ਇਸ ਦੌਰਾਨ ਸਕਾਈ ਹਾਕ ਨਾਲ ਗੱਲ ਕਰਦਿਆਂ ਸ੍ਰ. ਸਿੱਧੂ ਨੇ ਪਾਰਟੀ ਵਲੋਂ ਉਹਨਾਂ ਨੂੰ ਦਿੱਤੀ ਗਈ ਜਿੰਮੇਵਾਰੀ ਲਈ ਧੰਨਵਾਦ ਕਰਿਦਆਂ ਕਿਹਾ ਕਿ ਪਹਿਲਾਂ ਵਿਧਾਇਕ ਹੋਣ ਦੇ ਨਾਤੇ ਉਹਨਾਂ ਕੋਲ ਸਿਰਫ ਮੁਹਾਲੀ ਹਲਕੇ ਦੀ ਸੇਵਾ ਸੰਭਾਲ ਕਰਨ ਦੀ ਜਿੰਮੇਵਾਰੀ ਸੀ ਅਤ ਹੁਣ ਜਿੰਮੇਵਾਰੀ ਵੱਧ ਗਈ ਹੈ| ਉਹਨਾਂ ਕਿਹਾ ਕਿ ਮੰਤਰੀ ਬਣਨ ਨਾਲ ਉਹਨਾਂ ਨੂੰ ਪੂਰੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ|

Leave a Reply

Your email address will not be published. Required fields are marked *