25 ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਬਲੌਂਗੀ ਨਿਵਾਸੀ ਪ੍ਰੇਸ਼ਾਨ

ਐਸ ਏ ਐਸ ਨਗਰ, 25 ਜੂਨ (ਸ.ਬ.) ਬਲੌਂਗੀ ਦੇ ਵਿੱਚ ਪਿਛਲੇ 25 ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਹੋ ਰਹੀ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਬੀ ਸੀ ਪ੍ਰੇਮੀ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਪਿਛਲੇ 25 ਦਿਨਾਂ ਤੋਂ ਬਲੌਂਗੀ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ| ਬੀਤੇ ਦਿਨ ਸਿਰਫ ਦਸ ਕੁ ਮਿੰਟਾਂ ਲਈ ਹੀ ਪਾਣੀ ਆਇਆ ਸੀ ਮੁੜ ਕੇ ਉਹ ਵੀ ਨਹੀਂ ਆਇਆ| ਪਾਣੀ ਦੀ ਸਪਲਾਈ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਬ ਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਉਹਨਾਂ ਕਿਹਾ ਕਿ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਪੀਣ ਲਈ ਅਤੇ ਰੋਟੀ ਬਣਾਉਣ ਲਈ ਵੀ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਇਲਾਕੇ ਵਿਚ ਹਾਹਾਕਾਰ ਮੱਚ ਗਈ ਹੈ|
ਉਹਨਾਂ ਕਿਹਾ ਕਿ ਪਿਛਲੇ 25 ਦਿਨਾਂ ਤੋਂ ਇਲਾਕਾ ਵਾਸੀ ਨਹਾਉਣਾ ਤਾਂ ਦੂਰ, ਪਾਣੀ ਵਿੱਚ ਹੱਥ ਮੂੰਹ ਧੋਣ ਤੋਂ ਵੀ ਰਹਿ ਗਏ ਹਨ, ਗਰਮੀ ਦੇ ਇਸ ਮੌਸਮ ਵਿੱਚ ਇਲਾਕਾ ਵਾਸੀਆਂ ਦਾ ਬੁਰਾ ਹਾਲ ਹੋ ਗਿਆ ਹੈ| ਇਲਾਕੇ ਦੇ ਲੋਕਾਂ ਦੇ ਘਰਾਂ ਵਿੱਚ ਗੰਦੇ ਕੱਪੜਿਆਂ ਦੇ ਢੇਰ ਲਗ ਗਏ ਹਨ ਕਿਉਂਕਿ ਕਪੜੇ ਧੋਣ ਲਈ ਪਾਣੀ ਹੀ ਨਹੀਂ ਹੈ|
ਉਹਨਾਂ ਕਿਹਾ ਕਿ ਉਹ ਹਰ ਦਿਨ ਵਾਂਗ ਹੀ ਆਪਣੇ ਖਰਚੇ ਉਪਰ ਪਾਣੀ ਦਾ ਟੈਂਕਰ ਮੰਗਵਾਉਂਦੇ ਹਨ ਤਾਂ ਕਿ ਲੋਕਾਂ ਨੂੰ ਪੀਣ ਲਈ ਤਾਂ ਪਾਣੀ ਮਿਲ ਸਕੇ|
ਉਹਨਾਂ ਕਿਹਾ ਕਿ ਬਲੌਂਗੀ ਵਿੱਚ ਪਾਣੀ ਦੀ ਸਪਲਾਈ ਦਾ ਕੰਮ ਪੰਚਾਇਤ ਦੇ ਅਧੀਨ ਹੈ ਜਦੋਂ ਪੰਚਾਇਤ ਨੂੰ ਪਾਣੀ ਦੀ ਸਪਲਾਈ ਨਾ ਹੋਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸਦਾ ਜਵਾਬ ਹੁੰਦਾ ਹੈ ਕਿ ਪਾਣੀ ਵਾਲੀ ਮੋਟਰ ਸੜ ਗਈ ਹੈ ਜਲਦੀ ਹੀ ਮੋਟਰ ਠੀਕ ਕਰਵਾ ਦਿੱਤੀ ਜਾਵੇਗੀ| ਉਹਨਾਂ ਕਿਹਾ ਕਿ ਉਹ ਪਾਣੀ ਦੀ ਸਪਲਾਈ ਬਹਾਲ ਕਰਵਾਉਣ ਲਈ ਅੱਜ ਵਾਟਰ ਸਪਲਾਈ ਡਵੀਜਨ ਨੰਬਰ 3 ਦੇ ਐਕਸੀਅਨ ਨੂੰ ਵੀ ਮਿਲੇ ਹਨ ਜਿਹਨਾਂ ਨੇ ਜਲਦੀ ਹੀ ਪਾਣੀ ਦੀ ਸਮੱਸਿਆ ਹਲ ਕਰਨ ਦਾ ਭਰੋਸਾ ਦਿੱਤਾ ਹੈ|
ਉਹਨਾਂ ਚਿਤਾਵਨੀ ਦਿੱਤੀ ਕਿ ਜੇ ਜਲਦੀ ਹੀ ਬਲੌਂਗੀ ਵਿੱਚ ਪਾਣੀ ਦੀ ਸਪਲਾਈ ਨਾ ਕੀਤੀ ਗਈ ਤਾਂ ਪਿੰਡ ਵਾਸੀਆਂ ਵਲੋਂ ਸੰਘਰਸ਼ ਕੀਤਾ ਜਾਵੇਗਾ| ਇਸ ਮੌਕੇ ਇਲਾਕਾ ਵਾਸੀ ਸੁਦਾਮਾ ਦੇਵੀ, ਮਨਜੀਤ ਕੌਰ, ਲਤਾ, ਗੁਰਦੀਪ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *