26 ਜਨਵਰੀ ਦਾ ਦਿਨ ਪੰਜਾਬ ਭਰ ਵਿੱਚ ਵਿਰੋਧ ਦਿਵਸ ਦੇ ਰੂਪ ਵਿੱਚ ਮਨਾਉਣਗੇ ਠੇਕਾ ਮੁਲਾਜ਼ਮ

ਖਰੜ, 18 ਜਨਵਰੀ (ਸ਼ਮਿੰਦਰ ਸਿੰਘ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਬਲਿਹਾਰ ਸਿੰਘ, ਰੇਸ਼ਮ ਸਿੰਘ ਗਿੱਲ, ਗੁਰਵਿੰਦਰ ਸਿੰਘ ਪੰਨੂੰ, ਸ਼ੇਰ ਸਿੰਘ ਖੰਨਾ, ਵਰਿੰਦਰ ਸਿੰਘ ਬਠਿੰਡਾ, ਸੇਵਕ ਸਿੰਘ, ਰਾਏ ਸਾਹਿਬ ਸਿੰਘ ਸਿੱਧੂ, ਗੁਰਪ੍ਰੀਤ ਗੁਰੀ ਅਤੇ ਲਖਵੀਰ ਕਟਾਰੀਆ ਨੇ ਕਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮ, ਰੈਗੂਲਰ ਮੁਲਾਜ਼ਮ, ਕਿਸਾਨਾਂ, ਸਅਨਤੀ ਮਜ਼ਦੂਰਾਂ ਦੇ ਨਾਲ ਮਿਲ ਕੇ 26 ਜਨਵਰੀ ਮੌਕੇ ‘ਗਣਤੰਤਰ ਦਿਵਸ’ ਨੂੰ ਵਿਰੋਧ ਦਿਵਸ ਦੇ ਰੂਪ ਵਿੱਚ ਮਣਾਉਣਗੇ ਅਤੇ ਇਸ ਦਿਨ ਪੰਜਾਬ ਭਰ ਵਿੱਚ ਪਰਿਵਾਰਾਂ ਸਮੇਤ ਝੰਡੇ ਹੱਥਾਂ ਵਿੱਚ ਫੜ ਕੇ ਅਤੇ ਕਾਲੇ ਚੌਲੇ ਪਾ ਕੇ ਰੈਲੀਆਂ ਕਰਕੇ ਰੋਹ ਭਰਪੂਰ ਰੋਸ ਪ੍ਰਦਰਸ਼ਨ ਕਰਨ ਉਪਰੰਤ ਨਵੇਂ ਖੇਤੀ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

ਮੋਰਚੇ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਾਮਰਾਜੀ ਵਿੱਤੀ ਸੰਸਥਾ ਕੌਮਾਂਤਰੀ ਮੁਦਰਾ ਫੰਡ ਦੇ ਇਸ਼ਾਰਿਆਂ ਉੱਪਰ ਪਹਿਲਾਂ ਤੈਅ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਜਰੂਰੀ ਵਸਤਾਂ (ਖੇਤੀ ਪੈਦਾਵਾਰ) ਅਤੇ ਜਰੂਰੀ ਸੇਵਾਵਾਂ (ਬਿਜਲੀ, ਵਿੱਦਿਆ, ਪਾਣੀ ਤੇ ਸਿਹਤ ਸਹੂਲਤਾਂ) ਨੂੰ ਨਿੱਜੀ ਦੇਸੀ-ਵਿਦੇਸ਼ੀ ਧਨਾਢ ਸ਼ਾਹੂਕਾਰਾਂ ਦੇ ਹਵਾਲੇ ਕੀਤਾ ਹੈ। ਇਸੇ ਲੜੀ ਤਹਿਤ ਇਨ੍ਹਾਂ ਖੇਤਰਾਂ ਵਿੱਚ ਬੋਰੋਕ-ਟੋਕ ਲੁੱਟ ਦੇ ਰਸਤੇ ਵਿੱਚ ਰੁਕਾਵਟ ਬਣਦੇ ਪਹਿਲਾਂ ਤੈਅ ਖੇਤੀ ਅਤੇ ਲੇਬਰ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਮਿਹਨਤਕਸ਼ ਲੋਕਾਂ ਦੇ ਹਰ ਵਰਗ ਦੀ ਤਿੱਖੀ ਲੁੱਟ ਲਈ ਬੰਧੂਆਂ ਮਜ਼ਦੂਰਾਂ ਦੇ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ।

ਉਹਨਾਂ ਕਿਹਾ ਕਿ ਸਰਕਾਰ ਵਲੋਂ ਠੇਕਾ ਲੇਬਰ ਨੂੰ ਲੇਬਰ ਕਾਨੂੰਨ ਵਿੱਚੋਂ ਬਾਹਰ ਕਰਕੇ ਉਸ ਲਈ ਘੱਟੋਂ ਘੱਟ ਉਜਰਤਾਂ ਦੇ ਅਧਿਕਾਰ ਨੂੰ ਬਰਾਬਰ ਕੰਮ ਤੇ ਬਰਾਬਰ ਤਨਖਾਹ ਰੈਗੂਲਰ ਕਰਨ ਦੇ ਮਾਮੂਲੀ ਹੱਕ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਹੈ ਅਤੇ ਇਸ ਵਾਰ ਇਹ ਗਣਤੰਤਰ ਦਿਵਸ ਲੋਕਾਂ ਲਈ ਲੁੱਟ ਦੀ ਸੌਗਾਤ ਅਤੇ ਕਿਰਤੀ ਕਾਮਿਆਂ ਅਤੇ ਮਜ਼ਦੂਰਾਂ ਲਈ ਤਬਾਹੀ ਦੇ ਵਰੰਟ ਲੈ ਕੇ ਆ ਰਿਹਾ ਹੈ।

ਉਹਨਾਂ ਕਿਹਾ ਕਿ ਇਸਦੇ ਵਿਰੋਧ ਵਿੱਚ ਪੰਜਾਬ ਦੇ ਸਮੂਹ ਠੇਕਾ ਮੁਲਾਜ਼ਮ, ਹੋਰ ਮਜ਼ਦੂਰਾਂ, ਰੈਗੂਲਰ ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਕਿਰਤੀ ਲੋਕਾਂ ਦੇ ਨਾਲ ਮਿਲ ਕੇ 26 ਜਨਵਰੀ ‘ਵਿਰੋਧ ਦਿਵਸ’ ਦੇ ਰੂਪ ਵਿਚ ਮਨਾ ਕੇ ਸਰਕਾਰ ਤੋਂ ਤਾਬਹਕੁੰਨ ਖੇਤੀ ਅਤੇ ਲੇਬਰ ਕਾਨੂੰਨਾਂ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕਰ ਰਹੇ ਹਨ।

Leave a Reply

Your email address will not be published. Required fields are marked *