26/11 ਹਮਲੇ ਦੇ ਦੋਸ਼ੀ ਰਾਣਾ ਦੀ ਜਲਦੀ ਹੋਵੇਗੀ ਭਾਰਤ ਨੂੰ ਹਵਾਲਗੀ

ਵਾਸ਼ਿੰਗਟਨ,14 ਜਨਵਰੀ (ਸ.ਬ.) ਮੁੰਬਈ 26/11 ਹਮਲੇ ਦੀ ਸਾਜਿਸ਼ ਰਚਣ ਦੇ ਮਾਮਲੇ ਵਿਚ ਅਮਰੀਕਾ ਵਿਚ 14 ਸਾਲ ਦੀ ਸਜਾ ਕੱਟ ਰਹੇ ਤਹੱਵੁਰ ਰਾਣਾ ਨੂੰ ਭਾਰਤ ਭੇਜੇ ਜਾਣ ਦੀ ਪੂਰੀ ਸੰਭਾਵਨਾ ਹੈ| ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ| ਭਾਰਤ ਸਰਕਾਰ ਟਰੰਪ ਪ੍ਰਸ਼ਾਸਨ ਦੇ ਪੂਰੇ ਸਹਿਯੋਗ ਨਾਲ ਪਾਕਿਸਤਾਨੀ- ਕੈਨੇਡੀਅਨ ਨਾਗਰਿਕ ਦੀ ਹਵਾਲਗੀ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰ ਰਹੀ ਹੈ| ਰਾਣਾ ਦੀ ਜੇਲ ਦੀ ਸਜ਼ਾ ਦਸੰਬਰ 2021 ਵਿਚ ਪੂਰੀ ਹੋਵੇਗੀ| ਸਾਲ 2008 ਵਿਚ ਮੁੰਬਈ ਵਿਚ ਹਮਲੇ ਦੀ ਸਾਜਿਸ਼ ਰਚਣ ਦੇ ਮਾਮਲੇ ਵਿਚ ਰਾਣਾ ਨੂੰ ਸਾਲ 2009 ਵਿਚ ਗ੍ਰਿਫਤਾਰ ਕੀਤਾ ਗਿਆ ਸੀ|
ਪਾਕਿਸਤਾਨ ਸਥਿਤ ਲਸ਼ਕਰ- ਏ-ਤੋਇਬਾ ਦੇ 10 ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਅਮਰੀਕੀ ਨਾਗਰਿਕਾਂ ਸਮੇਤ ਕਰੀਬ 166 ਲੋਕਾਂ ਦੀ ਜਾਨ ਗਈ ਸੀ| ਪੁਲੀਸ ਨੇ 9 ਅੱਤਵਾਦੀਆਂ ਨੂੰ ਮੌਕੇ ਤੇ ਢੇਰ ਕਰ ਦਿੱਤਾ ਸੀ ਅਤੇ ਜਿਉਂਦੇ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਅਜ਼ਮਲ ਕਸਾਬ ਨੂੰ ਬਾਅਦ ਵਿਚ ਫਾਂਸੀ ਦਿੱਤੀ ਗਈ ਸੀ| ਰਾਣਾ ਨੂੰ ਸਾਲ 2013 ਵਿਚ 14 ਸਾਲ ਦੀ ਸਜ਼ਾ ਸੁਣਾਈ ਗਈ ਸੀ| ਅਮਰੀਕੀ ਅਧਿਕਾਰੀਆਂ ਮੁਤਾਬਕ ਉਸ ਨੂੰ ਦਸੰਬਰ 2021 ਵਿਚ ਰਿਹਾਅ ਕੀਤਾ ਜਾਵੇਗਾ| ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ,”ਇੱਥੇ ਸਜ਼ਾ ਪੂਰੀ ਹੋਣ ਮਗਰੋਂ ਰਾਣਾ ਨੂੰ ਭਾਰਤ ਭੇਜੇ ਜਾਣ ਦੀ ਪੂਰੀ ਸੰਭਾਵਨਾ ਹੈ| ਇਸ ਦੌਰਾਨ ਜ਼ਰੂਰੀ ਕਾਗਜ਼ੀ ਕਾਰਵਾਈ ਅਤੇ ਜਟਿਲ ਪ੍ਰਕਿਰਿਆ ਪੂਰੀ ਕਰਨੀ ਇਕ ਵੱਡੀ ਚੁਣੌਤੀ ਹੈ|”
ਭਾਰਤ ਦੇ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਤੇ ਕਾਨੂੰਨ ਮੰਤਰਾਲੇ ਅਤੇ ਅਮਰੀਕੀ ਵਿਦੇਸ਼ ਮੰਤਰਾਲੇ ਤੇ ਨਿਆਂ ਮੰਤਰਾਲੇ ਸਾਰਿਆਂ ਦੀ ਆਪਣੀ ਹਵਾਲਗੀ ਪ੍ਰਕਿਰਿਆ ਹੈ| ਉਸ ਨੇ ਦੱਸਿਆ ਕਿ ਜਦੋਂ ਹਵਾਲਗੀ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੀ ਪ੍ਰਕਿਰਿਆ ਨੂੰ ਨਾ ਹੌਲੀ ਕਰਨਾ ਚਾਹੁੰਦੇ ਹਨ ਅਤੇ ਨਾ ਹੀ ਤੇਜ਼| ਭਾਰਤੀ ਦੂਤਘਰ ਅਤੇ ਰਾਣਾ ਦੇ ਵਕੀਲ ਨੇ ਹਾਲਾਂਕਿ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ|

Leave a Reply

Your email address will not be published. Required fields are marked *