27 ਨਵੰਬਰ ਨੂੰ ਹੋਵੇਗੀ ਨਗਰ ਨਿਗਮ ਦੀ ਮੀਟਿੰਗ, ਵੱਖ ਵੱਖ ਮੁੱਦਿਆਂ ਤੇ ਹੋਵਗੀ ਚਰਚਾ

ਇਨਫੋਰਸਮੈਂਟ ਦੇ ਕੰਮਾਂ ਲਈ ਨਿਗਮ ਵਲੋਂ ਡੈਪੁਟੇਸ਼ਨ ਤੇ ਲਏ ਜਾਣਗੇ ਪੁਲੀਸ ਕਰਮਚਾਰੀ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਇੱਕ ਮੀਟਿੰਗ 27 ਨਵੰਬਰ ਨੂੰ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਵੇਗੀ ਜਿਸ ਵਿੱਚ ਵੱਖ ਵੱਖ ਮਤਿਆਂ ਤੇ ਚਰਚਾ ਕੀਤੀ ਜਾਵੇਗੀ| ਹਾਲਾਂਕਿ ਸ਼ਹਿਰ ਦੇ ਵਿਕਾਸ ਨਾਲ ਸੰਬੰਧਿਤ ਕੰਮਾਂ ਦੇ ਜਿਆਦਾਤਰ ਮਤੇ ਪਿਛਲੇ ਦਿਨੀਂ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਪਹਿਲਾਂ ਹੀ ਪਾਸ ਕੀਤੇ ਜਾ ਚੁੱਕੇ ਹਨ ਅਤੇ ਇਸ ਮੀਟਿੰਗ ਵਿੱਚ ਵਿਕਾਸ ਕਾਰਜਾਂ ਦੇ ਬਹੁਤ ਘੱਟ ਮਤੇ ਹਨ ਪਰੰਤੂ ਇਸਦੇ ਨਾਲ ਨਾਲ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਦੇ ਹਿੱਤਾਂ ਨਾਲ ਜੁੜੇ ਕਈ ਮਤੇ ਲਿਆਂਦੇ ਗਏ ਹਨ|
ਸੋਮਵਾਰ ਨੂੰ ਹੋਣ ਵਾਲੀ ਇਸ ਮੀਟਿੰਗ ਸੰਬੰਧੀ ਨਗਰ ਨਿਗਮ ਵਲੋਂ ਅੱਜ ਜਾਰੀ ਏਜੰਡੇ ਵਿੱਚ ਜਿੱਥੇ ਕਰਮਚਾਰੀਆਂ ਨਾਲ ਜੁੜੇ ਮਤੇ ਸ਼ਾਮਿਲ ਹਨ ਉੱਥੇ ਇਸ ਵਿੱਚ ਡੰਪਿੰਗ ਮੈਦਾਨ ਦੀ ਸਾਂਭ ਸੰਭਾਲ ਦਾ ਇੱਕ ਸਾਲ ਦਾ ਠੇਕਾ ਦੇਣ, ਗਮਾਡਾ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਨਿੱਜੀ ਫੰਕਸ਼ਨਾਂ ਲਈ ਕਮਿਊਨਿਟੀ ਸੈਂਟਰਾਂ ਦੀ ਸੁਵਿਧਾ ਮੁਫਤ ਦੇਣ, ਸਮਾਜ ਭਲਾਈ ਦੇ ਕੰਮਾਂ ਲਈ ਕਮਿਊਨਿਟੀ ਸੈਂਟਰ ਮੁਫਤ ਦੇਣ, ਪੈਂਸ਼ਨਰ ਐਸੋਸੀਏਸ਼ਨ ਨੂੰ ਹਰ ਮਹੀਨੇ ਮੀਟਿੰਗ ਕਰਨ ਲਈ ਕਮਿਊਨਿਟੀ ਸੈਂਟਰ ਵਿੱਚ ਕਿਰਾਇਆ ਰਹਿਤ ਥਾਂ ਦੇਣ, ਦਫਤਰੀ ਕੰਮ ਕਾਰ ਲਈ ਫੋਟੋਸੈਟੇਟ ਦੇ ਖਰਚੇ ਵਿੱਚ ਵਾਧਾ ਕਰਕੇ ਪਿਛਲੇ ਬਿਲਾਂ ਦੀ ਅਦਾਇਗੀ ਕਰਨ, ਮਿਊਂਸਪਲ ਖੇਤਰ ਵਿੱਚ ਨਕਸ਼ੇ ਪਾਸ ਕਰਨ ਵੇਲੇ ਈ ਡੀ ਸੀ, ਸੀ ਐਲ ਯੂ ਅਤੇ ਪੀ ਐਫ ਫੀਸਾਂ ਵਿੱਚ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਵਾਧਾ ਕਰਨ, ਨਗਰ ਨਿਗਮ ਵਿੱਚ ਇਫੋਰਸਮੈਂਟ ਦੇ ਕੰਮਾਂ ਜਿਵੇਂ ਨਾਜਾਇਜ ਕਬਜੇ ਹਟਾਉਣ, ਅਣਅਧਿਕਾਰਤ ਉਸਾਰੀ ਦੂਰ ਕਰਵਾਉਣ, ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਪ੍ਰਾਪਰਟੀ ਸੀਲ ਕਰਨ, ਅਣਅਧਿਕਾਰਤ ਇਸ਼ਤਿਹਾਰਬਾਜੀ ਹਟਾਉਣ ਅਤੇ ਤਹਿਬਾਜਾਰੀ ਦੇ ਕੰਮਾਂ ਦੌਰਾਨ ਪੁਲੀਸ ਫੋਰਸ ਦੀ ਲੋੜ ਨੂੰ ਪੂਰਾ ਕਰਨ ਲਈ ਇੱਕ ਏ ਐਸ ਆਈ ਅਤੇ ਤਿੰਨ ਕਾਂਸਟੇਬਲ ਡੈਪੂਟੇਸ਼ਨ ਤੇ ਲੈਣ, ਪਿੰਡ ਸੋਹਾਣਾ ਵਿੱਚ ਡਿਸਪੈਂਸਰੀ ਨੂੰ ਢਾਹ ਕੇ ਮਲਬੇ ਦੀ ਨਿਲਾਮੀ ਕਰਨ ਅਤੇ ਨਵੀਂ ਇਮਾਰਤ ਦੀ ਉਸਾਰੀ ਕਰਨ, ਗਊਸ਼ਾਲਾ ਦੇ ਪ੍ਰਬੰਧਕਾਂ ਵਲੋਂ ਮੰਗੀ ਮਾਲੀ ਮਦਦ ਮੁਹਈਆ ਕਰਵਾਉਣ, ਕੂੜੇ ਦੀ ਡੋਰ ਟੂ ਡੋਰ ਕਲੈਕਸ਼ਨ ਲਈ ਲੋਕਾਂ ਦੇ ਇਤਰਾਜਾਂ ਤੇ ਵਿਚਾਰ ਕਰਕੇ ਇਸਦੀਆਂ ਦਰਾਂ ਨਿਰਧਾਰਤ ਕਰਨ, ਮੈਨੁਅਲ ਅਤੇ ਮਕੈਨੀਕਲ ਸਵੀਪਿੰਗ ਦਾ ਕੰਮ ਕਰਨ ਵਾਲੀ ਕੰਪਨੀ ਦੇ ਕੰਮ ਅਧੀਨ ਆਉਂਦੇ ਖੇਤਰ ਵਿੱਚ ਵਾਧਾ ਕਰਨ, ਸ਼ਮਸ਼ਾਨ ਘਾਟ ਵਿੱਚ ਸਸਕਾਰ ਲਈ ਲੱਕੜ ਦੀ ਖਰੀਦ ਕਰਨ ਅਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਵਿਕਾਸ ਕਾਰਜਾਂ ਲਈ 1.30 ਕਰੋੜ ਰੁਪਏ (ਲਗਭਗ) ਦੇ ਮਤੇ ਪਾਏ ਗਏ ਹਨ|

Leave a Reply

Your email address will not be published. Required fields are marked *