28 ਜਨਵਰੀ ਦੀ ਲੁਧਿਆਣਾ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੀਟੂ ਵਰਕਰ ਸ਼ਾਮਿਲ ਹੋਣਗੇ : ਰਘੁਨਾਥ ਸਿੰਘ

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਸੀ.ਪੀ.ਆਈ.(ਐਮ) ਅਤੇ ਸੀ.ਪੀ.ਆਈ ਵਲੋਂ 28 ਜਨਵਰੀ ਨੂੰ ਲੁਧਿਆਣਾ ਵਿਖੇ ਪੰਜਾਬ ਦੇ ਕਿਰਤੀਆਂ-ਕਿਸਾਨਾਂ ਦੀਆਂ ਭੱਖਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਸਮਰਥਨ ਵਿੱਚ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ 5 ਹਜ਼ਾਰ ਤੋਂ ਵੱਧ ਸੀਟੂ ਵਰਕਰ ਸ਼ਾਮਿਲ ਹੋਣਗੇ|
ਉਹਨਾਂ ਕਿਹਾ ਕਿ ਮਨਰੇਗਾ, ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਐਕਟ, ਸੂਚਨਾ ਦੇ ਅਧਿਕਾਰ ਸਬੰਧੀ ਐਕਟ ਸਮੇਤ ਜੋ ਵੀ ਕਿਰਤੀਆਂ ਪੱਖੀ ਕਾਨੂੰਨ ਸੰਸਦ ਵਿੱਚ ਪਾਸ ਕੀਤਾ ਗਿਆ ਹੈ, ਉਹ ਖੱਬੇ ਪੱਖੀ ਪਾਰਟੀਆਂ ਦੀ ਪਹਿਲ ਕਦਮੀ ਅਤੇ ਸਿਆਸੀ ਦਬਾਅ ਹੇਠ ਹੀ ਬਣਾਇਆ ਗਿਆ| ਜੇਕਰ ਦੇਸ਼ ਅੰਦਰ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਲੋਕ ਮਾਰੂ-ਰਾਸ਼ਟਰ ਵਿਰੋਧੀ ਨੀਤੀਆਂ ਦੇ ਖਿਲਾਫ ਬਦਲੀਆਂ ਲੋਕ ਪੱਖੀ ਨੀਤੀਆਂ ਦੇ ਅਧਾਰ ਤੇ ਕੋਈ ਪ੍ਰੋਗਰਾਮ ਪੇਸ਼ ਕਰਦੀਆਂ ਹਨ, ਉਹ ਵੀ ਖੱਬੇ ਪੱਖੀ ਪਾਰਟੀਆਂ ਹੀ ਕਰਦੀਆਂ ਹਨ|
ਭਾਜਪਾ ਅਤੇ ਇਸ ਦੇ ਸੰਘ ਬ੍ਰਿਗੇਡ ਦੀ ਫਿਰਕਾ-ਫਾਸੀਵਾਦੀ ਵਿਚਾਰਧਾਰਾ ਦੇ ਖਿਲਾਫ ਅਤੇ ਹਰ ਪ੍ਰਕਾਰ ਦੀਆਂ ਫਿਰਕੂ-ਜਾਤੀਵਾਦੀ ਸ਼ਕਤੀਆਂ ਅਤੇ ਅੰਧ ਵਿਸ਼ਵਾਸ ਦੇ ਖਿਲਾਫ ਕੋਈ ਬੇਕਿਰਕੀ ਨਾਲ ਸੰਘਰਸ਼ ਕਰ ਰਿਹਾ ਹੈ, ਉਹ ਵੀ ਖੱਬੀਆਂ ਪਾਰਟੀਆਂ ਹੀ ਕਰ ਰਹੀਆਂ ਹਨ| ਸਾਮਰਾਜ ਭਾਰਤ ਦੇ ਅਰਥਚਾਰੇ ਵਿੱਚ ਵੱਧ ਰਹੇ ਦਖਲ ਵਿਰੁੱਧ ਵੀ ਖੱਬੀਆਂ ਪਾਰਟੀਆਂ ਹੀ ਦ੍ਰਿੜਤਾ ਨਾਲ ਲੜਦੀਆਂ ਹਨ| ਰਘੁਨਾਥ ਸਿੰਘ ਨੇ ਪੰਜਾਬ ਦੇ ਮਜ਼ਦੂਰਾਂ ਨੂੰ ਅਪੀਲ ਕੀਤੀ ਕੀ 28 ਜਨਵਰੀ ਦੀ ਲੁਧਿਆਣਾ ਰੈਲੀ ਨੂੰ ਸਫਲ ਬਣਾਉਣ ਲਈ ਤਿਆਰੀ ਮੁਹਿੰਮ ਲਗਾਤਾਰ ਜਾਰੀ ਰੱਖਣ ਅਤੇ ਰੈਲੀ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਸ਼ਾਮਲ ਹੋਣ|

Leave a Reply

Your email address will not be published. Required fields are marked *