29 ਜਨਵਰੀ ਨੂੰ ਐਸ ਏ ਐਸ ਨਗਰ ਆਏਗੀ ‘ਸਟਾਰਟਪ ਇੰਡੀਆ ਪੰਜਾਬ ਯਾਤਰਾ’

ਐਸ.ਏ.ਐਸ.ਨਗਰ, 22 ਜਨਵਰੀ (ਸ.ਬ.) ਪੰਜਾਬ ਸਰਕਾਰ ਵਲੋਂ 16 ਤੋਂ 31 ਜਨਵਰੀ ਤੱਕ ਕੀਤੀ ਜਾ ਰਹੀ ‘ਸਟਾਰਟਪ ਇੰਡੀਆ ਪੰਜਾਬ ਯਾਤਰਾ’ 29 ਜਨਵਰੀ ਨੂੰ ਜ਼ਿਲ੍ਹਾ ਐਸ.ਏ.ਐਸ.ਨਗਰ ਵਿਚ ਆ ਰਹੀ ਹੈ| ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਇਸ ਯਾਤਰਾ ਦਾ ਉਦੇਸ਼ ਨਵੇਂ ਸ਼ੁਰੂਆਤੀ ਉਦਯੋਗਿਕ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ, ਸਟਾਰਟਅਪ ਇੰਡੀਆ-ਸਟਾਰਟਅਪ ਪੰਜਾਬ ਨੂੰ ਪ੍ਰਫੁੱਲਤ ਕਰਨ ਵਾਲੇ ਸਰਕਾਰ ਦੇ ਉੱਦਮਾਂ, ਵਿਚਾਰਧਾਰਾ ਲਈ ਵਰਕਸ਼ਾਪ ਅਤੇ ਉਦਮਿਤਾ ਲਈ ਨਵੇਂ ਵਿਚਾਰ ਪੇਸ਼ ਕਰਨ ਵਾਲੇ ਸੈਸ਼ਨਾਂ ਨੂੰ ਉਤਸ਼ਾਹਿਤ ਕਰਨਾ ਹੈ|
ਉਹਨਾਂ ਦੱਸਿਆ ਕਿ ਇਸ ਯਾਤਰਾ ਦੇ ਤਹਿਤ ਵੈਨ ਸਟਾਪ ਅਤੇ ਬੂਟ ਕੈਂਪ ਬਣਾਏ ਗਏ ਹਨ| ਇਸ ਯਾਤਰਾ ਲਈ ਜਨਵਰੀ 29 ਨੂੰ ਸ਼ਹੀਦ ਉਧਮ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਸ ਲਾਂਡਰਾਂ ਵਿਚ ਵੈਨ ਸਟਾਪ ਬਣਾਏ ਗਏ ਹਨ ਅਤੇ 31 ਜਨਵਰੀ ਨੂੰ ਗਿਆਨ ਜਿਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਬੂਟ ਕੈਂਪ ਸਥਾਪਿਤ ਕੀਤਾ ਗਿਆ ਹੈ| ਇਸ ਬੂਟ ਕੈਂਪ ਵਿਚ ਨਵੇਂ ਉਭਰਦੇ ਹੋਏ ਉੱਦਮੀਆਂ ਨੂੰ ਸਟਾਰਟਅਪ ਇੰਡੀਆ, ਸਟਾਰਟਅਪ ਪੰਜਾਬ ਅਤੇ ਉਤਮਿਤਾ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਸਟਾਰਟਅਪ ਇੰਡੀਆ ਯੋਜਨਾ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ| ਇਸ ਕੈਂਪ ਵਿਚ ਸਟਾਰਟਅਪ ਸਬੰਧੀ ਉਦਮੀਆਂ ਦੇ ਚੰਗੇ ਵਿਚਾਰ ਸ਼ਾਰਟ ਲਿਸਟ ਕੀਤੇ ਜਾਣਗੇ ਅਤੇ ਇਨ੍ਹਾਂ ਚੁਣੇ ਹੋਏ ਵਧੀਆ ਵਿਚਾਰਾਂ ਵਾਲੇ ਉਦਮੀਆਂ ਨੂੰ ਗਰੈਂਡ ਫਿਨਾਲੇ ਦੌਰਾਨ ਇਨਕੂਬੇਸ਼ਨ ਪੇਸ਼ਕਸ਼ਾਂ ਅਤੇ ਸਰੋਤ ਭਾਈਵਾਲਾ ਦੀਆਂ ਪਹਿਲਕਦਮੀਆਂ ਲਈ ਸੱਦਾ ਦਿੱਤਾ ਜਾਵੇਗਾ|
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਪਣੀ ਇੰਡਸਟਰੀਅਲ ਅਤੇ ਬਿਜ਼ਨਸ ਡਿਵੈਲਪਮੈਂਟ ਪਾਲਸੀ 2017 ਅਧੀਨ ਵੱਖ-ਵੱਖ ਤਰ੍ਹਾਂ ਦੇ ਇਨਸੈਨਟਿਵ ਦਿੱਤੇ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਇਹ ਯਾਤਰਾ ਚਾਹਵਾਨ ਉਦਮੀਆਂ ਨੂੰ ਸਟਾਰਟਅਪ ਇੰਡੀਆ, ਸਟਾਰਟਅਪ ਪੰਜਾਬ ਸਬੰਧੀ ਲੋੜੀਂਦੀ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਟਾਰਟਅਪ ਉਦਯੋਗ ਸਥਾਪਿਤ ਕਰਨ ਲਈ ਪ੍ਰੇਰਿਤ ਵੀ ਕਰੇਗੀ|

Leave a Reply

Your email address will not be published. Required fields are marked *