3150 ਕਰੋੜ ਰੁਪਏ ਦਾ ਕਰਜਾਈ ਹੈ ਗਮਾਡਾ

3150 ਕਰੋੜ ਰੁਪਏ ਦਾ ਕਰਜਾਈ ਹੈ ਗਮਾਡਾ
ਵੱਖ- ਵੱਖ ਪ੍ਰੋਜੈਕਟਾਂ ਲਈ ਜਮੀਨ ਲੈਣ ਅਤੇ ਵਿਕਾਸ ਕਰਨ ਦੇ ਨਾਮ ਤੇ ਲਿਆ ਗਿਆ ਹੈ ਬੈਂਕਾਂ ਤੋਂ ਕਰਜਾ
ਭੁਪਿੰਦਰ ਸਿੰਘ
ਐਸ. ਏ. ਐਸ ਨਗਰ , 2 ਜੂਨ
ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿੱਚ ਲੋਕਾਂ ਨੂੰ ਮਹਿੰਗੇ ਪਲਾਟ, ਦੁਕਾਨਾਂ, ਉਦਯੋਗਿਕ ਪਲਾਟ ਅਤੇ ਹੋਰ ਜਾਇਦਾਦ ਵੇਚ ਕੇ ਮੋਟੀ ਕਮਾਈ ਕਰਨ ਵਾਲੇ ਅਦਾਰੇ ਗਮਾਡਾ (ਗ੍ਰੇਟਰ ਮੁਹਾਲੀ ਡਿਵਲਪਮੈਂਟ ਅਥਾਰਟੀ) ਦੇ ਸਿਰ ਤੇ ਵੱਖ-ਵੱਖ ਬੈਕਾਂ ਦਾ 3150 ਕਰੋੜ ਰੁਪਏ ਦਾ ਕਰਜਾ ਹੈ| ਇਹ ਗੱਲ ਪੜ੍ਹਣ ਵਿੱਚ ਅਜੀਬ ਲੱਗ ਸਕਦੀ ਹੈ ਪਰੰਤੂ ਇਹ ਗੱਲ ਖੁਦ ਗਮਾਡਾ ਦੇ ਲੇਖਾ ਅਫਸਰ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਕੌਂਸਲਰ ਸੈਂਬੀ ਆਨੰਦ ਵਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੰਨੀ ਹੈ| ਸ੍ਰੀ ਸੈਂਬੀ ਆਨੰਦ ਨੇ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਸੀ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਗਮਾਡਾ ਨੇ ਵੱਖ- ਵੱਖ ਬੈਕਾਂ ਤੋਂ ਕਿੰਨਾ ਕਰਜਾ ਲਿਆ ਹੋਇਆ ਹੈ ਅਤੇ ਇਸਦੇ ਜਵਾਬ ਵਿੱਚ ਗਮਾਡਾ ਦੇ ਲੇਖਾ ਅਧਿਕਾਰੀ ਵਲੋਂ ਗਮਾਡਾ ਦੇ ਸਿਰ 3150 ਕਰੋੜ ਦਾ ਕਰਜਾ ਹੋਣ ਦੀ ਗੱਲ ਕਬੂਲ ਕੀਤੀ ਗਈ ਹੈ|
ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨਾਂ ਦੀ ਜਮੀਨ ਮਨਮਰਜੀ ਦੀ ਕੀਮਤ ਤੇ ਅਕਵਾਇਰ ਕਰਕੇ ਅਤੇ ਵੱਡੇ ਮੁਨਾਫੇ ਨਾਲ ਪਲਾਟ ਵੇਚਣ ਵਾਲੇ ਇਸ ਅਦਾਰੇ ਦਾ ਕਹਿਣਾ ਹੈ ਕਿ ਗਮਾਡਾ ਨੂੰ ਵੱਖ-ਵੱਖ ਰਿਹਾਇਸ਼ੀ ਵਪਾਰਕ ਪਲਾਟਾਂ, ਮਕਾਨਾਂ ਅਤੇ ਹੋਰ ਸਾਈਟਾਂ ਆਦਿ ਨੂੰ ਵੇਚਣ ਨਾਲ ਹੀ ਫੰਡ ਹਾਸਿਲ ਹੁੰਦੇ ਹਨ ਅਤੇ ਇਸ ਕੰਮ ਵਿੱਚ ਪੈਣ ਵਾਲੇ ਘਾਟੇ ਦੀ ਭਰਪਾਈ ਲਈ ਗਮਾਡਾ ਵਲੋਂ ਬੈਕਾਂ ਤੋਂ ਕਰਜਾ ਲਿਆ ਜਾਂਦਾ ਹੈ| ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਗਮਾਡਾ ਵਲੋਂ ਵੱਖ-ਵੱਖ ਬੈਕਾਂ ਤੋਂ ਲਗਭਗ 3150 ਕਰੋੜ ਰੁਪਏ ਦਾ ਕਰਜਾ ਐਰੋਸਿਟੀ, ਈਕੋਸਿਟੀ, ਆਈ. ਟੀ. ਸਿਟੀ ਦੀ ਜਮੀਨ ਦੀ ਐਕੁਜੀਸ਼ਨ ਵਿਕਾਸ ਅਤੇ ਪੂਰਬ ਪ੍ਰੀਮਿਅਮ ਅਪਾਰਟਮੈਂਟ ਦੇ ਵਿਕਾਸ ਲਈ ਲਿਆ ਗਿਆ ਹੈ|
ਸ੍ਰੀ ਸੈਂਬੀ ਆਨੰਦ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਗੱਲ ਕਿਸੇ ਵੀ ਵਿੱਤੀ ਮਾਹਿਰ ਦੀ ਸਮਝ ਤੋਂ ਬਾਹਰ ਹੈ ਕਿ ਗਮਾਡਾ ਵਲੋਂ 3150 ਕਰੋੜ ਰੁਪਏ ਦੀ ਇਹ ਰਕਮ ਆਖਿਰ ਕਿੱਥੇ ਖਰਚ ਕੀਤੀ ਗਈ ਹੈ| ਉਹਨਾਂ ਕਿਹਾ ਕਿ ਜਿਹਨਾਂ ਪ੍ਰੋਜੈਕਟਾਂ ਦੇ ਨਾਮ ਗਮਾਡਾ ਵਲੋਂ ਦੱਸੇ ਗਏ ਹਨ ਉਹ ਹੁਣੇ ਵੀ ਅੱਧੇ ਅਧੂਰੇ ਹਨ ਅਤੇ ਇਹਨਾਂ ਵਿੱਚੋਂ ਕਾਫੀ ਜਮੀਨ ਅਜਿਹੀ ਹੈ ਜਿਹੜੀ ਗਮਾਡਾ ਨੇ ਜਮੀਨ ਮਾਲਕਾਂ ਤੋਂ ਲੈਂਡ ਪੂਲਿੰਗ  ਸਕੀਮ ਦੇ ਤਹਿਤ ਹਾਸਿਲ ਕੀਤੀ ਹੈ ਅਤੇ ਇਸ ਦੇ ਬਦਲੇ ਗਮਾਡਾ ਨੂੰ ਕੋਈ ਅਦਾਇਗੀ ਨਹੀਂ ਕਰਨੀ ਪਈ| ਇਸੇ ਤਰ੍ਹਾਂ ਐਰੋਸਿਟੀ ਆਈ. ਟੀ. ਸਿਟੀ, ਈਕੋ ਸਿਟੀ ਅਤੇ ਪੂਰਬ ਅਪਾਰਟਮੈਂਟ ਵਿੱਚ ਗਮਾਡਾ ਦੇ ਵਿਕਾਸ ਕਾਰਜ ਆਪਣੀ ਬਦਹਾਲੀ ਖੁਦ ਬਿਆਨ ਕਰਦੇ ਹਨ ਅਤੇ ਇਹਨਾਂ ਪ੍ਰੋਜੈਕਟਾਂ ਵਿੱਚ ਗਮਾਡਾ ਵੱਲੋਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ ਹਨ|  ਉਹਨਾਂ ਕਿਹਾ ਕਿ ਗਮਾਡਾ ਵਲੋਂ 3150 ਕਰੋੜ ਰੁਪਏ ਦਾ ਕਰਜਾ ਲੈਣ ਦੇ ਖੁਲਾਸੇ ਨਾਲ ਸਾਫ ਜਾਹਿਰ ਹੁੰਦਾ ਹੈ ਕਿ ਇਸ ਰਕਮ ਦੀ ਵੱਡੀ ਪੱਧਰ ਤੇ ਦੁਰਵਰਤੋਂ ਹੋਈ ਹੈ|  ਸ੍ਰੀ ਸੈਂਬੀ ਨੇ ਦੱਸਿਆ ਕਿ ਉਹਨਾਂ ਨੇ ਹੁਣ ਗਮਾਡਾ ਤੋਂ ਇਹ ਜਾਣਕਾਰੀ ਮੰਗੀ ਹੈ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਬੈਕਾਂ ਤੋਂ ਲਈ ਗਈ ਕਰਜੇ ਦੀ ਰਕਮ ਨੂੰ ਕਿੱਥੇ ਖਰਚ ਕੀਤਾ ਗਿਆ ਅਤੇ ਇਸ ਸਬੰਧੀ ਕਿਹੜਾ ਤਰੀਕਾ ਅਖਤਿਆਰ ਕੀਤਾ ਗਿਆ| ਉਹਨਾਂ ਖਰਚ ਕੀਤੀ ਜਾਣ ਵਾਲੀ ਰਕਮ ਦੇ ਅਮਲ ਵਿੱਚ ਸ਼ਾਮਿਲ ਅਧਿਕਾਰੀਆਂ ਦਾ ਵੀ ਵੇਰਵਾ ਮੰਗਿਆ ਹੈ|

Leave a Reply

Your email address will not be published. Required fields are marked *