35 ਸਾਲਾਂ ਮਗਰੋਂ ਬਦਲੀ ਪਿੰਡ ਸਵਾੜਾ ਦੀ ਖਸਤਾ-ਹਾਲ ਗਲੀ ਦੀ ਨੁਹਾਰ
ਖਰੜ, 6 ਜਨਵਰੀ (ਸ.ਬ.) ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦੇ ਉਪਰਾਲੇ ਸਦਕਾ ਪਿੰਡ ਸਵਾੜਾ ਦੀ ਇਕ ਗਲੀ ਦੀ 35 ਸਾਲਾਂ ਮਗਰੋਂ ਨੁਹਾਰ ਬਦਲੀ ਹੈ। ਇੰਨੇ ਲੰਮੇ ਅਰਸੇ ਵਿਚ ਕਈ ਸਰਕਾਰਾਂ ਬਣੀਆਂ ਪਰ ਇਸ ਗਲੀ ਦੀ ਜੂਨ ਨਾ ਸੁਧਰੀ। ਜਦੋਂ ਉਘੇ ਗੀਤਕਾਰ ਜਿੰਦ ਸਵਾੜਾ ਨੇ ਕੁਝ ਸਮਾਂ ਪਹਿਲਾਂ ਮੱਛਲੀ ਕਲਾਂ ਨੂੰ ਇਸ ਗਲੀ ਦੀ ਖ਼ਸਤਾ ਹਾਲਤ ਵਿਖਾਈ ਤਾਂ ਉਨ੍ਹਾਂ ਮੌਕੇ ਤੇ ਹੀ ਐਲਾਨ ਕੀਤਾ ਕਿ ਬੜੀ ਛੇਤੀ ਇਸ ਕੱਚੀ ਗਲੀ ਨੂੰ ਜਲਦ ਹੀ ਪੱਕਾ ਕੀਤਾ ਜਾਵੇਗਾ ਅਤੇ ਹੁਣ ਗਲੀ ਨਵੀਂ-ਨਕੋਰ ਬਣ ਗਈ ਹੈ। ਪਿੰਡ ਵਾਲਿਆਂ ਨੇ ਵੀ ਉਨ੍ਹਾਂ ਦਾ ਧਨਵਾਦ ਕਰਦਾ ਵੱਡਾ ਬੋਰਡ ਗਲੀ ਵਿਚ ਲਗਾ ਦਿੱਤਾ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਮੱਛਲੀ ਕਲਾਂ ਨੇ ਦਸਿਆ ਕਿ ਇਹ ਗਲੀ ਰਾਮਦਾਸੀਆਂ ਦੇ ਮੁਹੱਲੇ ਤੋਂ ਲੈ ਕੇ ਏਕਮ ਕੰਪਲੈਕਸ ਸੈਦਪੁਰ ਰੋਡ ਨੂੰ ਜੋੜਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਅਤੇ ਅਧਿਕਾਰੀ ਨੇ ਇਸ ਗਲੀ ਦੀ ਸਾਰ ਨਹੀਂ ਲਈ ਸੀ ਅਤੇ ਗਲੀ ਦੀ ਮਾੜੀ ਹਾਲਤ ਕਾਰਨ ਲੰਘਣਾ ਮੁਹਾਲ ਹੋ ਗਿਆ ਸੀ।
ਇਸ ਮੌਕੇ ਗੀਤਕਾਰ ਮਾਸਟਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਹੁਣ ਤਕ ਕਿਸੇ ਵੀ ਆਗੂ ਤੇ ਅਧਿਕਾਰੀ ਨੇ ਇਸ ਗਲੀ ਵਲ ਧਿਆਨ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਮੱਛਲੀ ਕਲਾਂ ਦੇ ਇਸ ਉਦਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਿਸ ਲਈ ਗਲੀ ਵਿਚ ਹੀ ਧਨਵਾਦੀ ਬੋਰਡ ਲਗਵਾ ਦਿਤਾ ਗਿਆ ਹੈ।
ਇਸ ਮੌਕੇ ਗੀਤਕਾਰ ਜਿੰਦ ਸਵਾੜਾ ਨੇ ਸਨਮਾਨ ਚਿੰਨ ਦੇ ਕੇ ਮੱਛਲੀ ਕਲਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਡਾ. ਪ੍ਰਵੀਨ ਕੁਮਾਰ, ਜਸਮਿੰਦਰ ਸਿੰਘ ਜੱਸੀ, ਸਾਬਕਾ ਪੰਚਾਇਤ ਅਫ਼ਸਰ, ਪਿੰਡ ਦੇ ਸਰਪੰਚ ਦੇ ਪਤੀ ਬਿਕਰਜੀਤ ਸਿੰਘ, ਰਾਜਿੰਦਰ ਸਿੰਘ, ਅੰਮਿ੍ਰਤਪਾਲ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਜੋਗਿੰਦਰ ਸਿੰਘ, ਰਣਧੀਰ ਸਿੰਘ, ਸੁਰਜੀਤ ਸਿੰਘ, ਮਿਹਰ ਸਿੰਘ, ਦਰਸ਼ਨ ਸਿੰਘ ਪੰਚ, ਰਘਬੀਰ ਸਿੰਘ ਆਦਿ ਵੀ ਮੌਜੂਦ ਸਨ।