35 ਹੋਟਲਾਂ ਤੇ ਲਟਕੀ ਕਾਰਵਾਈ ਦੀ ਤਲਵਾਰ, 15 ਦਿਨਾਂ ਦੇ ਅੰਦਰ ਤੋੜਨ ਦੇ ਆਦੇਸ਼

ਸੋਲਨ, 19 ਅਪ੍ਰੈਲ (ਸ.ਬ.) ਸੁਪਰੀਮ ਕੋਰਟ ਵੱਲੋਂ ਕਸੌਲੀ ਵਿੱਚ ਹੋਟਲਾਂ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਤੋੜਨ ਦੇ ਆਦੇਸ਼ਾਂ ਤੋਂ ਬਾਅਦ 35 ਹੋਟਲਾਂ ਤੇ ਕਾਰਵਾਈ ਦੀ ਤਲਵਾਰ ਲਟਕ ਗਈ ਹੈ| ਸਰਵਉਚ ਅਦਾਲਤ ਨੇ 15 ਦਿਨਾਂ ਦੇ ਅੰਦਰ ਗੈਰ-ਕਾਨੂੰਨ ਨਿਰਮਾਣ ਨੂੰ ਤੋੜਨ ਦੇ ਆਦੇਸ਼ ਦਿੱਤੇ ਹਨ| ਇਸ ਕਾਰਨ 13 ਹੋਟਲਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਕਿਉਂਕਿ ਰਾਸ਼ਟਰੀ ਗਰੀਨ ਟ੍ਰਿਬਿਊਨਲ ਨੇ 13 ਹੋਟਲਾਂ ਨੂੰ ਗੈਰ-ਕਾਨੂੰਨੀ ਨਿਰਮਾਣ ਕਾਰਨ ਤੋੜਨ ਦੇ ਆਦੇਸ਼ ਦਿੱਤੇ ਸਨ| ਇਨ੍ਹਾਂ ਆਦੇਸ਼ਾਂ ਦੇ ਖਿਲਾਫ ਹੀ ਹੋਟਲ ਮਾਲਕਾਂ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਉਥੋਂ ਵੀ ਰਾਹਤ ਨਾ ਮਿਲਣ ਕਾਰਨ ਹੁਣ ਇਨ੍ਹਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਜਦੋਂ ਕਿ ਬਾਕੀ 22 ਹੋਟਲਾਂ ਦਾ ਮਾਮਲਾ ਅਜੇ ਵੀ ਗਰੀਨ ਟ੍ਰਿਬਿਊਨਲ ਵਿੱਚ ਚੱਲ ਰਿਹਾ ਹੈ|
ਗੈਰ-ਕਾਨੂੰਨ ਨਿਰਮਾਣ ਕਾਰਨ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਟੀ.ਸੀ.ਪੀ. ਦੇ ਆਦੇਸ਼ ਤੋਂ ਬਾਅਦ ਬਿਜਲੀ ਬੋਰਡ ਅਤੇ ਆਈ.ਪੀ.ਐਚ. ਵਿਭਾਗ ਨੇ ਇਨ੍ਹਾਂ ਹੋਟਲਾਂ ਦੇ ਬਿਜਲੀ-ਪਾਣੀ ਦੇ ਕਨੈਕਸ਼ਨ ਕੱਟ ਦਿੱਤੇ ਹਨ| ਪਿਛਲੇ ਕਈ ਮਹੀਨਿਆਂ ਤੋਂ ਹੋਟਲਾਂ ਵਿੱਚ ਟੈਂਕਰਾਂ ਦੇ ਮਾਧਿਅਮ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜਦੋਂ ਕਿ ਬਿਜਲੀ ਲਈ ਹੋਟਲਾਂ ਵਿੱਚ ਸੋਲਰ ਪਲਾਂਟ ਲਗਾਏ ਗਏ ਹਨ, ਜਿਨ੍ਹਾਂ ਨਾਲ ਕੰਮ ਚੱਲ ਰਿਹਾ ਹੈ| ਅਦਾਲਤ ਦੇ ਆਦੇਸ਼ ਤੋਂ ਬਾਅਦ ਧਰਮਪੁਰ-ਕਸੌਲੀ ਵਿੱਚ ਹੋਟਲਾਂ ਦੇ ਨਿਰਮਾਣ ਨੂੰ ਤੋੜਨ ਦੀ ਕਾਰਵਾਈ ਨਾਲ 3 ਹਜ਼ਾਰ ਕਰਮਚਾਰੀਆਂ ਦੀ ਨੌਕਰੀ ਤੇ ਵੀ ਸੰਕਟ ਛਾ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ 35 ਹੋਟਲਾਂ ਵਿੱਚ ਕਰੀਬ 3 ਹਜ਼ਾਰ ਕਰਮਚਾਰੀ ਤਾਇਨਾਤ ਹਨ| ਇਸ ਨਾਲ ਹੋਟਲਾਂ ਵਿੱਚ ਕੋਸਟ ਕਟਿੰਗ ਹੋਣੀ ਸ਼ੁਰੂ ਹੋ ਜਾਵੇਗੀ|

Leave a Reply

Your email address will not be published. Required fields are marked *