397 ਸਾਲ ਬਾਅਦ ਪੁਲਾੜ ਤੇ ਜੁਪੀਟਰ ਤੇ ਸ਼ਨੀ ਆਉਣਗੇ ਨੇੜੇ


ਨਵੀਂ ਦਿੱਲੀ, 7 ਦਸੰਬਰ (ਸ.ਬ.) ਇਸ ਸਾਲ 21 ਦਸੰਬਰ ਨੂੰ ਆਸਮਾਨ ਵਿਚ ਅਜਿਹਾ ਨਜਾਰਾ ਦਿਖੇਗਾ ਜੋ ਇਸ ਤੋਂ ਪਹਿਲਾਂ 1623 ਈਸਵੀ ਵਿਚ ਦਿਖਿਆ ਸੀ| ਅਸਲ ਵਿੱਚ ਇਕ ਦੁਰਲੱਭ ਖਗੋਲੀ ਘਟਨਾ ਹੋਵੇਗੀ ਜਿਸ ਵਿਚ ਜੁਪੀਟਰ ਅਤੇ ਸ਼ਨੀ ਇਸ ਦਿਨ ਇਕ-ਦੂਜੇ ਦੇ ਬਹੁਤ ਨੇੜੇ ਦਿਖਣਗੇ| ਇਸ ਦੌਰਾਨ ਇਹ ਚਮਕਦਾਰ ਤਾਰੇ ਵਾਂਗ ਲੋਕਾਂ ਦੀਆਂ ਨਜ਼ਰਾਂ ਵਿਚ ਆਉਣਗੇ| ਇਹ ਅਦਭੁੱਤ ਸੰਯੋਗ ਕਰੀਬ 397 ਸਾਲਾ ਬਾਅਦ ਬਣਿਆ ਹੈ ਅਤੇ ਜੋ ਲੋਕ ਇਸਨੂੰ ਦੇਖਣ ਤੋਂ ਵਾਂਝੇ ਰਹਿ ਗਏ ਤਾਂ ਉਨ੍ਹਾਂ ਨੂੰ ਦੁਬਾਰਾ 60 ਸਾਲਾਂ ਦਾ ਲੰਬਾ ਇੰਤਜ਼ਾਰ ਕਰਨਾ ਪਵੇਗਾ|
1623 ਈਸਵੀ ਦੇ ਬਾਅਦ ਤੋਂ ਦੋਵੇਂ ਗ੍ਰਹਿ ਇੰਨੇ ਕਰੀਬ ਕਦੇ ਨਹੀਂ ਰਹੇ ਹਨ| ਇਸ ਲਈ ਇਸ ਨੂੰ ‘ਇਕ ਮਹਾਨ ਸੁਮੇਲ’ ਦੱਸਿਆ ਜਾ ਰਿਹਾ ਹੈ| ਵਿਗਿਆਨੀਆਂ ਮੁਤਾਬਕ ਇਸ ਦੁਰਲੱਭ ਘਟਨਾ ਵਿਚ ਦੋਵਾਂ ਵਿਚਲੀ ਆਭਾਸੀ ਦੂਰੀ ਸਿਰਫ 0.06 ਡਿਗਰੀ ਰਹਿ ਜਾਵੇਗੀ| ਐਮ.ਪੀ. ਬਿੜਲਾ ਤਾਰਾਮੰਡਲ ਦੇ ਨਿਦੇਸ਼ਕ, ਦੇਬੀ ਪ੍ਰਸਾਦ ਦੁਆਰੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਹ ਬਹੁਤ ਦੁਰਲੱਭ ਸੰਜੋਗ ਹੈ ਜੋ ਹਜ਼ਾਰਾਂ ਸਾਲਾਂ ਵਿਚ ਇਕ ਵਾਰ ਬਣਦਾ ਹੈ| ਉਹਨਾਂ ਕਿਹਾ ਕਿ ਜੇਕਰ ਦੋ ਖਗੋਲੀ ਪਿੰਡ ਧਰਤੀ ਤੋਂ ਇਕ-ਦੂਜੇ ਦੇ ਕਰੀਬ ਦਿਖਦੇ ਹਨ ਤਾਂ ਇਸ ਨੂੰ ਇਕ ਸੰਯੋਗ ਕਿਹਾ ਜਾਂਦਾ ਹੈ ਅਤੇ ਜੇਕਰ ਸ਼ਨੀ ਅਤੇ ਜੁਪੀਟਰ ਦੇ ਅਜਿਹੇ ਸੰਯੋਗ ਬਣਦੇ ਹਨ ਤਾਂ ਇਸ ਨੂੰ ਮਹਾਨ ਸੰਜੋਗ ਕਹਿੰਦੇ ਹਨ| 
ਉਹਨਾਂ ਕਿਹਾ ਕਿ 21 ਦਸੰਬਰ ਦੀ ਰਾਤ ਇਹਨਾਂ ਦੋਵੇਂ ਗ੍ਰਹਿਆਂ ਦੀ ਭੌਤਿਕ ਦੂਰੀ ਲੱਗਭਗ 735 ਮਿਲੀਅਨ ਕਿਲੋਮੀਟਰ ਹੋਵੇਗੀ| ਇਸ ਤੋਂ ਬਾਅਦ ਅਜਿਹਾ ਅਦਭੁੱਤ ਸੰਜੋਗ 15 ਮਾਰਚ, 2080 ਨੂੰ ਬਣੇਗਾ| ਉਹਨਾਂ ਕਿਹਾ ਕਿ 21 ਦਸੰਬਰ ਨੂੰ ਦੋਵੇਂ ਗ੍ਰਹਿ ਇਕ-ਦੂਜੇ ਦੇ ਕਰੀਬ ਆਉਂਦੇ ਦਿਖਣਗੇ| 21 ਦਸੰਬਰ ਦੇ ਦਿਨ ਪੂਰੇ ਭਾਰਤ ਦੇ ਜ਼ਿਆਦਾਤਰ ਪ੍ਰਮੁੱਖ ਸ਼ਹਿਰਾਂ ਵਿਚ ਸੂਰਜ ਡੁੱਬਣ ਤੋਂ ਬਾਅਦ ਇਸ ਅਦਭੁੱਤ ਨਜ਼ਾਰੇ ਨੂੰ ਲੋਕ ਆਪਣੀਆਂ ਅੱਖਾਂ ਨਾਲ ਆਸਾਨੀ ਨਾਲ ਦੇਖ ਸਕਦੇ ਹਨ|

Leave a Reply

Your email address will not be published. Required fields are marked *