5 ਸਾਲਾ ਬੱਚੀ ਨਾਲ 2 ਨਾਬਾਲਗ ਲੜਕਿਆਂ ਨੇ ਕੀਤਾ ਸਮੂਹਿਕ ਜਬਰ ਜ਼ਿਨਾਹ
ਜਾਲੌਨ, 10 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਆਟਾ ਥਾਣਾ ਖੇਤਰ ਦੇ ਇਕ ਪਿੰਡ ਵਿੱਚ 5 ਸਾਲ ਦੀ ਬੱਚੀ ਨਾਲ 2 ਨਾਬਾਲਗ ਲੜਕਿਆਂ ਵਲੋਂ ਸਮੂਹਿਕ ਜਬਰ ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਪੁਲੀਸ ਨੇ ਇਸ ਸਿਲਸਿਲੇ ਵਿੱਚ ਦੋਵਾਂ ਦੋਸ਼ੀਆਂ ਨੂੰ ਫੜ ਲਿਆ ਹੈ|
ਜਾਲੌਨ ਜ਼ਿਲ੍ਹੇ ਦੇ ਐਡੀਸ਼ਨਲ ਪੁਲੀਸ ਸੁਪਰਡੈਂਟ (ਏ.ਐਸ.ਪੀ.) ਅਵਧੇਸ਼ ਸਿੰਘ ਨੇ ਕਿਹਾ ਕਿ ਆਟਾ ਖੇਤਰ ਦੇ ਇਕ ਪਿੰਡ ਵਿੱਚ ਬੀਤੀ ਸ਼ਾਮ ਕਰੀਬ 4.30 ਵਜੇ 5 ਸਾਲ ਦੀ ਬੱਚੀ ਆਪਣੇ ਘਰ ਦੇ ਬਾਹਰ ਇਕੱਲੀ ਖੇਡ ਰਹੀ ਸੀ, ਉਦੋਂ ਗੁਆਂਢ ਵਿੱਚ ਰਹਿਣ ਵਾਲਾ 13 ਸਾਲਾ ਇਕ ਲੜਕਾ ਉਸ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ| ਉਸ ਦੇ ਘਰ 11 ਸਾਲ ਦਾ ਇਕ ਲੜਕਾ ਪਹਿਲਾਂ ਤੋਂ ਮੌਜੂਦ ਸੀ| ਉੱਥੇ ਦੋਵਾਂ ਨੇ ਬੱਚੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ|
ਏ.ਐਸ.ਪੀ. ਨੇ ਕਿਹਾ ਕਿ ਜਦੋਂ ਬੱਚੀ ਦੋਸ਼ੀਆਂ ਕੋਲੋਂ ਛੁੱਟ ਕੇ ਰੋਂਦੀ ਹੋਈ ਬਾਹਰ ਨਿਕਲੀ ਤਾਂ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਦੋਵਾਂ ਲੜਕਿਆਂ ਨੂੰ ਫੜਕੇ ਪੁਲੀਸ ਦੇ ਹਵਾਲੇ ਕਰ ਦਿੱਤਾ| ਅਵਧੇਸ਼ ਸਿੰਘ ਨੇ ਕਿਹਾ ਕਿ ਬੱਚੀ ਦੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਦੋਵੇਂ ਨਾਬਾਲਗ ਦੋਸ਼ੀਆਂ ਨੂੰ ਅਧਿਕਾਰਤ ਤੌਰ ਤੇ ਫੜ ਲਿਆ ਗਿਆ ਅਤੇ ਅੱਜ ਦੋਵਾਂ ਨੂੰ ਕਿਸ਼ੋਰ ਅਦਾਲਤ ਵਿੱਚ ਪੇਸ਼ ਕੀਤਾ ਗਿਆ| ਉਨ੍ਹਾਂ ਨੇ ਕਿਹਾ ਕਿ ਬੱਚੀ ਦੀ ਹਾਲਤ ਕਾਫੀ ਨਾਜ਼ੁਕ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ|