50 ਨਸ਼ੀਲੇ ਇੰਜੈਕਸ਼ਨ ਤੇ 560 ਸ਼ੀਸ਼ੀਆਂ ਸਮੇਤ ਇੱਕ ਮੁਲਜਮ ਗ੍ਰਿਫਤਾਰ
ਐਸ.ਏ.ਐਸ. ਨਗਰ, 22 ਫਰਵਰੀ (ਸ.ਬ.) ਮੁਹਾਲੀ ਪੁਲੀਸ ਨੇ ਇਕ ਵਿਅਕਤੀ ਨੂੰ 50 ਨਸ਼ੀਲੇ ਇੰਜੈਕਸ਼ਨ ਅਤੇ 560 ਸ਼ੀਸ਼ੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹੇ ਦੇ ਐਸ ਐਸ ਪੀ ਸz. ਸਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸੂਬੇ ਵਿੱਚ ਨਸ਼ਾ ਤਸ਼ਕਰੀ ਦੀ ਰੋਕਥਾਮ ਸਬੰਧੀ ਚਲਾਈ ਜਾ ਰਹੀ ਮੁਹਿੰਮ ਦੌਰਾਨ ਐਸ ਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਅਤੇ ਡੀ ਐਸ ਪੀ ਡੇਰਾਬਸੀ ਗੁਰਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਲਾਲੜੂ ਇੰਸਪੈਕਟਰ ਸੁਖਬੀਰ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਵੱਲੋਂ ਗਸ਼ਤ ਦੌਰਾਨ ਸਰਕਾਰੀ ਸਕੂਲ ਲਾਲੜੂ ਨੇੜੇ ਇੱਕ ਨੌਜਵਾਨ ਤੋਂ ਇਹ ਸਾਮਾਨ ਬਰਾਮਦ ਕੀਤਾ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇੱਕ ਮੋਨੇ ਨੌਜਵਾਨ ਕਰਨ ਕੁਮਾਰ ਵਾਸੀ ਜਿਲ੍ਹਾ ਤਰਨਤਾਰਨ ਨੂੰ ਸ਼ੱਕ ਦੇ ਆਧਾਰ ਉੱਤੇ ਰੋਕਿਆ ਗਿਆ ਸੀ ਅਤੇ ਉਸਦੀ ਤਲਾਸ਼ੀ ਲੈਣ ਤੇ ਉਸ ਦੇ ਬੈਗ ਵਿੱਚੋਂ550 ਨਸ਼ੀਲੇ ਇੰਜੈਕਸ਼ਨ ਅਤੇ 560 ਸ਼ੀਸ਼ੀਆਂ ਅੜੀਲ ਬਰਾਮਦ ਹੋਈਆਂ। ਉਹਨਾਂ ਦੱਸਿਆ ਕਿ ਇਸ ਵਿਅਕਤੀ ਤੋਂ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਸਹਾਰਨਪੁਰ (ਯੂਪੀ) ਤੋਂ ਨਸ਼ੀਲੇ ਇੰਜੈਕਸ਼ਨ ਤੇ ਸ਼ੀਸ਼ੀਆ ਲਿਆ ਕੇ ਤਰਨਤਾਰਨ ਵਿਖੇ ਵੇਚਦਾ ਸੀ।
ਇਸ ਵਿਅਕਤੀ ਦੇ ਖਿਲਾਫ ਐਨ. ਡੀ. ਪੀ. ਐਸ. ਐਕਟ ਦੀ ਧਾਰਾ 22/61/85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।