55 ਸਾਲਾਂ ਬਾਅਦ ਭਾਰਤ ਤੋਂ ਆਪਣੇ ਵਤਨ ਪਰਤਿਆ ‘ਚੀਨੀ ਫੌਜੀ’

ਬੀਜਿੰਗ, 11 ਫਰਵਰੀ (ਸ.ਬ.) ਪਿਛਲੇ 5 ਦਹਾਕਿਆਂ ਤੋਂ ਵਧ ਸਮੇਂ ਬਾਅਦ ਭਾਰਤ ਵਿੱਚ ਰਿਹਾ ਸਾਬਕਾ ਚੀਨੀ ਫੌਜੀ ਆਖਰਕਾਰ ਆਪਣੇ ਵਤਨ ਵਾਪਸ ਪਰਤਿਆ| ਵਾਂਗ ਕਿਊ ਨਾਂ ਦਾ 77 ਸਾਲਾ ਚੀਨੀ ਫੌਜੀ 1962 ਦੀ ਜੰਗ ਦੇ ਸਮੇਂ ਸਰਹੱਦ ਪਾਰ ਕਰ ਕੇ ਭਾਰਤ ਆ ਗਿਆ ਸੀ ਅਤੇ ਉਸ ਨੂੰ 1 ਜਨਵਰੀ 1963 ਵਿੱਚ ਭਾਰਤੀ ਫੌਜ ਨੇ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੀ| ਕਈ ਸਾਲ ਜੇਲ ਵਿੱਚ ਰਹਿਣ ਦੌਰਾਨ ਵਾਂਗ ਤੇ ਮੁਕੱਦਮਾ ਚਲਿਆ, ਜਿਸ ਵਿੱਚ ਕੋਰਟ ਨੇ ਉਸ ਨੂੰ ਬੇਕਸੂਰ ਮੰਨਦੇ ਹੋਏ ਬਰੀ ਕਰ ਦਿੱਤਾ ਸੀ| ਉਸ ਸਮੇਂ ਪੁਲੀਸ ਉਸ ਨੂੰ ਮੱਧ ਪ੍ਰਦੇਸ਼ ਛੱਡ ਆਈ ਅਤੇ ਹੌਲੀ-ਹੌਲੀ ਇੱਥੇ ਹੀ ਉਸ ਨੇ ਆਪਣੀ ਦੁਨੀਆ ਵਸਾ ਲਈ| ਵਾਂਗ ਨੇ ਇਕ ਸਥਾਨਕ ਲੜਕੀ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਉਨ੍ਹਾਂ ਦੇ 3 ਬੱਚੇ ਹਨ|
ਭਾਰਤੀ ਦੂਤਘਰ ਨੇ ਦੱਸਿਆ ਕਿ 55 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਵਾਂਗ ਅੱਜ ਦਿੱਲੀ ਹਵਾਈ ਅੱਡੇ ਤੋਂ ਬੀਜਿੰਗ ਜਾਣ ਵਾਲੇ ਜਹਾਜ਼ ਵਿੱਚ ਸਵਾਰ ਹੋ ਕੇ ਆਪਣੀ ਪਤਨੀ ਸੁਸ਼ੀਲਾ, ਬੇਟੇ ਵਿਸ਼ਨੂੰ ਅਤੇ ਦੋ ਹੋਰ ਪਰਿਵਾਰਕ ਮੈਂਬਰਾਂ ਨਾਲ ਚੀਨ ਪਰਤੇ| ਵਾਂਗ ਅਤੇ ਉਸ ਦੇ ਪਰਿਵਾਰ ਦੇ 4 ਹੋਰ ਮੈਂਬਰਾਂ ਨੂੰ ਸਰਕਾਰ ਵਲੋਂ ਵੀਜ਼ਾ ਜਾਰੀ ਕੀਤਾ ਗਿਆ| ਵਿਦੇਸ਼ ਮੰਤਰਾਲੇ ਵਲੋਂ ਕੀਤੀ ਗਈ ਮਦਦ ਜ਼ਰੀਏ ਹੀ ਉਹ ਆਪਣੇ ਵਤਨ ਪਰਤ ਸਕੇ|
ਮੱਧ ਪ੍ਰਦੇਸ਼ ਸਰਕਾਰ ਨੇ ਵਾਂਗ ਦੇ ਪਰਿਵਾਰ ਨੂੰ ਪਾਸਪੋਰਟ ਬਣਵਾਉਣ ਵਿੱਚ ਮਦਦ ਕੀਤੀ ਅਤੇ ਯਾਤਰਾ ਦੌਰਾਨ ਹੋਣ ਵਾਲੇ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਆਰਥਿਕ ਮਦਦ ਵੀ ਕੀਤੀ| ਵਾਂਗ ਦੀ ਇਹ ਕਹਾਣੀ ਭਾਰਤੀ ਅਖਬਾਰਾਂ ਵਿੱਚ ਪ੍ਰਕਾਸ਼ਤ ਹੋਈ ਅਤੇ ਚੀਨ ਦੀ ਸੋਸ਼ਲ ਮੀਡੀਆ ਤੇ ਇਸ ਦੀ ਚਰਚਾ ਰਹੀ| ਜਿਸ ਤੋਂ ਬਾਅਦ ਚੀਨ ਦੀ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਐਕਸ਼ਨ ਲਿਆ ਅਤੇ ਵਾਂਗ ਦੀ ਵਾਪਸੀ ਲਈ ਭਾਰਤ ਨਾਲ ਮਿਲ ਕੇ ਸਹਿਯੋਗ ਕੀਤਾ| ਵਾਂਗ ਦੇ ਬੇਟੇ ਵਿਸ਼ਨੂੰ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਪਿਤਾ 1960 ਵਿੱਚ ਚੀਨੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਰਾਤ ਦੇ ਹਨ੍ਹੇਰੇ ਵਿੱਚ ਰਸਤਾ ਭਟਕ ਗਏ ਸਨ, ਜਿਸ ਕਾਰਨ ਉਹ ਭਾਰਤੀ ਸਰਹੱਦ ਪਾਰ ਕਰ ਗਏ| ਜਿੱਥੇ ਉਨ੍ਹਾਂ ਨੂੰ ਭਾਰਤੀ ਫੌਜ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ|

Leave a Reply

Your email address will not be published. Required fields are marked *