6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਸਤੰਬਰ ਵਿੱਚ, 50 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਟੀਚਾ : ਚਰਨਜੀਤ ਸਿੰਘ ਚੰਨੀ

ਚੰਡੀਗੜ, 30 ਜੁਲਾਈ  (ਸ.ਬ.) ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਸਕੀਮ ‘ਘਰ ਘਰ ਰੋਜਗਾਰ ਯੋਜਨਾ’ ਤਹਿਤ ਸੂਬੇ ਭਰ ਵਿੱਚ 24 ਸਤੰਬਰ, 2020 ਤੋਂ 30 ਸਤੰਬਰ, 2020 ਤੱਕ 6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ           ਮੇਲਾ ਲਾਉਣ ਦਾ ਫੈਸਲਾ ਕੀਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਰੋਜ਼ਗਾਰ             ਮੇਲਿਆਂ ਰਾਹੀਂ ਸਾਰੇ ਜ਼ਿਲਿਆਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ| ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਸਾਲ ਇਨ੍ਹਾਂ ਰੋਜ਼ਗਾਰ                ਮੇਲਿਆਂ ਲਈ ਵਰਚੁਅਲ ਅਤੇ ਫਿਜ਼ੀਕਲ ਦੋਵੇਂ ਪਲੇਟਫਾਰਮ ਵਰਤੇ ਜਾਣਗੇ|
ਮੰਤਰੀ ਨੇ ਕਿਹਾ ਕਿ ਰੋਜ਼ਗਾਰ             ਮੇਲੇ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਿਰਫ ਅਜਿਹੇ ਸਥਾਨਾਂ ਦੀ ਚੋਣ ਕੀਤੀ ਜਾਏਗੀ, ਜਿੱਥੇ ਕੋਵਿਡ-19 ਸਬੰਧੀ ਜਾਰੀ ਪ੍ਰੋਟੋਕੋਲਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ| ਰੋਜਗਾਰ ਮੇਲੇ ਵਾਲੀ ਥਾਂ ਤੇ ਇੱਕ ਵਿਸ਼ੇਸ਼ ਸਮੇਂ ਤੇ ਮੌਜੂਦ ਰਹਿਣ ਵਾਲੇ ਉਮੀਦਵਾਰਾਂ/ਲੋਕਾਂ ਦੀ ਗਿਣਤੀ ਕੋਵਿਡ-19 ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਨਿਰਧਾਰਤ ਕੀਤੀ ਜਾਵੇਗੀ| ਜੇਕਰ ਕੋਵਿਡ-19 ਦੇ ਕਾਰਨ ਹਾਲਾਤ ਵਿਗੜਦੇ ਹਨ ਅਤੇ ਰੋਜ਼ਗਾਰ ਮੇਲਾ ਲਗਾਉਣਾ ਅਸੰਭਵ ਜਾਪਦਾ ਹੈ ਤਾਂ ਸ਼ੁਰੂਆਤੀ ਆਨਲਾਈਨ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਨੂੰ ਨਿੱਜੀ ਤੌਰ ਤੇ ਬੁਲਾਉਣ ਦੀ ਪ੍ਰਕਿਰਿਆ ਕੋਵਿਡ-19 ਸੰਕਟ ਟਲਣ ਤੋਂ ਬਾਅਦ ਵਿੱਚ ਕੀਤੀ ਜਾਵੇਗੀ|
ਸ੍ਰੀ ਚੰਨੀ ਨੇ ਦੱਸਿਆ ਕਿ ਵਿਭਾਗ ਨੂੰ ਇਸ ਸਾਲ ਕਰਵਾਏ ਜਾਣ ਵਾਲੇ ਰੋਜ਼ਗਾਰ ਮੇਲਿਆਂ ਲਈ 75,000 ਨੌਕਰੀਆਂ ਦੀ ਵਿਵਸਥਾ ਕਰਨ ਦੀ ਹਦਾਇਤ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਰਾਜ, ਹੋਰਨਾਂ ਰਾਜਾਂ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਿੱਜੀ                   ਖੇਤਰ ਵਿਚਲੇ ਨਿਯੋਜਕਾਂ ਤੱਕ ਪਹੁੰਚ ਕਰਨਗੇ| ਮੰਤਰੀ ਨੇ ਕਿਹਾ ਕਿ ਜ਼ਿਲਾ ਰੋਜ਼ਗਾਰ ਅਤੇ ਉੱਦਮ ਬਿਊਰੋ ਵੱਲੋਂ ਨੌਕਰੀ ਤਲਾਸ਼ ਰਹੇ ਘੱਟੋ ਘੱਟ 1,50,000  ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਵਿੱਚ ਸ਼ਾਮਲ ਹੋਣ ਸਬੰਧੀ ਵਿਭਾਗ ਦੇ ਪੋਰਟਲ ਤੇ ਰਜਿਸਟਰ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾਵੇਗਾ|
ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 28 ਅਗਸਤ, 2020 ਤੋਂ ਸੁਰੂ ਹੋਵੇਗੀ| ਇਸ ਸਬੰਧੀ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ 15 ਸਤੰਬਰ, 2020 ਹੈ| ਉਨ੍ਹਾਂ ਕਿਹਾ ਕਿ ਨੌਕਰੀ ਤਲਾਸ਼ ਰਹੇ ਨੌਜਵਾਨਾਂ ਅਤੇ ਨਿਯੋਜਕਾਂ ਪਾਸੋਂ ਇਕੱਤਰ ਕੀਤੇ ਨੌਕਰੀਆਂ ਦੇ ਸਾਰੇ ਵੇਰਵੇ ਪੋਰਟਲ ਤੇ ਉਪਲਬਧ ਕਰਵਾਏ ਜਾਣਗੇ|

Leave a Reply

Your email address will not be published. Required fields are marked *