6 ਮੰਜਿਲਾ ਰਿਹਾਇਸ਼ੀ ਇਮਾਰਤ ਦੇ ਮਾਮਲੇ ਵਿੱਚ ਬੀ.ਐਮ.ਸੀ. ਵੱਲੋਂ ਸੋਨੂੰ ਸੂਦ ਦੇ ਖਿਲਾਫ ਸ਼ਿਕਾਇਤ ਦਰਜ


ਨਵੀਂ ਦਿੱਲੀ, 7 ਜਨਵਰੀ (ਸ.ਬ.) ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ ਵਿੱਚ ਭੰਨ-ਤੋੜ ਅਤੇ ਉਸ ਦੇ ਘਰ ਨੂੰ ਗੈਰ ਕਾਨੂੰਨੀ ਨਿਰਮਾਣ ਦੱਸਣ ਤੋਂ ਬਾਅਦ ਹੁਣ ਅਦਾਕਾਰ ਸੋਨੂੰ ਸੂਦ ਦੀਆਂ ਵੀ ਮੁਸ਼ਕਿਲਾਂ ਵਧ ਗਈਆਂ ਹਨ। ਬੀ. ਐਮ. ਸੀ. ਦੀ ਨਜ਼ਰ ਸੋਨੂੰ ਸੂਦ ਦੇ ਜੁਹੂ ਵਿੱਚ ਸਥਿਤ 6 ਮੰਜਿਲਾ ਉਸ ਰਿਹਾਇਸ਼ੀ ਇਮਾਰਤ ਤੇ ਹੈ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਨੇ ਇਸ ਨੂੰ ਤਬਦੀਲ ਕਰ ਲਿਆ।
ਬੀ. ਐਮ. ਸੀ. ਵਲੋਂ ਸੋਨੂੰ ਸੂਦ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਪੁਲੀਸ ਵਿੱਚ ਸ਼ਿਕਾਇਤ ਦਰਜ ਹੋ ਚੁੱਕੀ ਹੈ ਅਤੇ ਹੁਣ ਮਾਮਲੇ ਦੀ ਜਾਂਚ ਚਲੇਗੀ। ਸੋਨੂੰ ਸੂਦ ਲਈ ਰਾਹਤ ਦੀ ਗੱਲ ਇਹ ਹੈ ਕਿ ਹਾਲੇ ਤੱਕ ਪੁਲੀਸ ਨੇ ਕੋਈ ਐਫ. ਆਈ. ਆਰ. ਦਰਜ ਨਹੀਂ ਕੀਤੀ ਹੈ ਪਰ ਜੇਕਰ ਸੋਨੂੰ ਸੂਦ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਂਦੇ ਹਨ ਤਾਂ ਇਸ ਰਿਹਾਇਸ਼ੀ ਬਿਲਡਿੰਗ ਤੇ ਵੀ ਬੀ.ਐਮ. ਸੀ. ਧਾਵਾ ਬੋਲ ਸਕਦੀ ਹੈ।
ਜਿਕਰਯੋਗ ਹੈ ਕਿ ਸੋਨੂੰ ਸੂਦ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਿਹਾ ਗਿਆ ਹੈ ਕਿ ਅਦਾਕਾਰ ਨੇ ਰਿਹਾਇਸ਼ੀ ਇਮਾਰਤ ਨੂੰ ਹੋਟਲ ਵਿੱਚ ਤਬਦੀਲ ਕਰਨ ਤੋਂ ਪਹਿਲਾਂ ਕੋਈ ਮੰਜੂਰੀ ਨਹੀਂ ਲਈ ਸੀ। ਖ਼ਬਰਾਂ ਤਾਂ ਹਨ ਕਿ ਸੋਨੂੰ ਸੂਦ ਨੂੰ ਬੀ. ਐਮ. ਸੀ. ਵਲੋਂ ਨੋਟਿਸ ਭੇਜਿਆ ਗਿਆ ਸੀ ਪਰ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਉਸ ਇਮਾਰਤ ਦਾ ਨਿਰਮਾਣ ਫਿਰ ਵੀ ਜਾਰੀ ਰੱਖਿਆ ਸੀ। ਸੋਨੂੰ ਸੂਦ ਨੂੰ ਪਹਿਲਾ ਨੋਟਿਸ ਪਿਛਲੇ ਸਾਲ 27 ਅਕਤੂਬਰ ਨੂੰ ਦਿੱਤਾ ਗਿਆ ਸੀ। ਉਸ ਸਮੇਂ ਸੋਨੂੰ ਸੂਦ ਨੂੰ ਇਕ ਮਹੀਨੇ ਅੰਦਰ ਜਵਾਬ ਦੇਣ ਨੂੰ ਕਿਹਾ ਗਿਆ ਸੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਇਸੇ ਸਾਲ 4 ਜਨਵਰੀ ਨੂੰ ਦੋਬਰਾ ਬੀ. ਐਮ. ਸੀ. ਵਲੋਂ ਉਸੇ ਇਮਾਰਤ ਦਾ ਜਾਇਜਾ ਲਿਆ ਗਿਆ। ਅਧਿਕਾਰੀਆਂ ਮੁਤਾਬਕ, ਸੋਨੂੰ ਸੂਦ ਨੇ ਹੋਰ ਜ਼ਿਆਦਾ ਗੈਰ ਕਾਨੂੰਨੀ ਨਿਰਮਾਣ ਕਰਵਾ ਲਿਆ ਅਤੇ ਨੋਟਿਸ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ।
ਇਸੇ ਵਿਵਾਦ ਤੇ ਸੋਨੂੰ ਸੂਦ ਜਾਂ ਉਨ੍ਹਾਂ ਦੀ ਟੀਮ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਅਜਿਹੇ ਵਿੱਚ ਪੂਰੇ ਕੇਸ ਨੂੰ ਸਮਝਣ ਲਈ ਸੋਨੂੰ ਸੂਦ ਵਲੋਂ ਸਫ਼ਾਈ ਆਉਣੀ ਜ਼ਰੂਰੀ ਹੈ।

Leave a Reply

Your email address will not be published. Required fields are marked *