66 ਫੁੱਟੀ ਉੱਚੀ ਚੱਟਾਨ ਤੋਂ ਹੇਠਾਂ ਡਿੱਗਣ ਦੇ ਬਾਵਜੂਦ ਵੀ ਜਿਊਂਦਾ ਬਚਿਆ ਵਿਅਕਤੀ

ਸਿਡਨੀ, 20 ਫਰਵਰੀ (ਸ.ਬ.) ਬੀਤੀ ਰਾਤ ਸ਼ਹਿਰ ਦੇ ਝਾੜੀਆਂ ਵਾਲੇ ਇੱਕ ਇਲਾਕੇ ਵਿੱਚ 66 ਫੁੱਟ (20 ਮੀਟਰ) ਉੱਚੀ ਚੱਟਾਨ ਤੋਂ ਇੱਕ ਵਿਅਕਤੀ ਡਿੱਗ ਹੇਠਾਂ ਗਿਆ| ਇੰਨੀ ਉੱਚੀ ਚੱਟਾਨ ਤੋਂ ਡਿੱਗਣ ਦੇ ਬਾਅਦ ਵੀ ਉਕਤ ਵਿਅਕਤੀ ਜਿਊਂਦਾ ਬਚ ਗਿਆ ਅਤੇ ਉਸ ਦੇ ਮੋਢੇ ਤੇ ਛਾਤੀ ਤੇ ਸੱਟਾਂ ਲੱਗੀਆਂ ਹਨ| ਇਸ ਕਾਰਨ ਲੋਕ ਇਸ ਪੂਰੀ ਘਟਨਾ ਨੂੰ ਇੱਕ ਚਮਤਕਾਰ ਕਰਾਰ ਰਹੇ ਹਨ|
ਮਿਲੀਆਂ ਖ਼ਬਰਾਂ ਮੁਤਾਬਕ ਪੀੜਤ ਵਿਅਕਤੀ ਬੋਨਟ ਬੇਅ ਇਲਾਕੇ ਵਿੱਚ ਸਥਿਤ ਆਪਣੇ ਮਾਪਿਆਂ ਦੇ ਘਰ ਆਇਆ ਹੋਇਆ ਸੀ| ਇਸ ਦੌਰਾਨ ਐਤਵਾਰ ਅੱਧੀ ਰਾਤ ਨੂੰ ਉਹ ਘਰ ਦੇ ਪਿਛਲੇ ਪਾਸੇ ਇੱਕ ਚੱਟਾਨ ਤੇ ਘੁੰਮ ਰਿਹਾ ਸੀ| ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਸੰਘਣੀਆਂ ਝਾੜੀਆਂ ਵਿੱਚ ਜਾ ਡਿੱਗਾ| ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੰਕਟਕਾਲੀਨ ਅਮਲੇ ਦੇ ਮੈਂਬਰਾਂ ਨੇ ਇੱਕ ਬਚਾਅ ਆਪਰੇਸ਼ਨ ਚਲਾਇਆ ਅਤੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ| ਨਿਊ ਸਾਊਥ ਵੇਲਜ਼ ਪੁਲੀਸ ਦੇ ਸਾਰਜੈਂਟ ਪੀਟਰ ਮੈਕਮਾਫ ਨੇ ਦੱਸਿਆ ਕਿ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ| ਉਨ੍ਹਾਂ ਕਿਹਾ ਕਿ ਉਸ ਦੀਆਂ ਸੱਟਾਂ ਖ਼ਤਰਨਾਕ ਨਹੀਂ ਹਨ| ਸ਼੍ਰੀ ਪੀਟਰ ਮੁਤਾਬਕ ਇਹ ਚਮਤਕਾਰ ਹੀ ਸੀ ਕਿ ਇੰਨੀ ਉਚਾਈ ਤੋਂ ਡਿੱਗਣ ਦੇ ਬਾਅਦ ਵੀ ਵਿਅਕਤੀ ਜੀਊਂਦਾ ਬਚ ਗਿਆ|

Leave a Reply

Your email address will not be published. Required fields are marked *