8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਤਿਆਰੀਆਂ ਮੁਕੰਮਲ, ਭਲਕੇ ਪੈਣਗੀਆਂ ਵੋਟਾਂ

ਚੰਡੀਗੜ, 13 ਫਰਵਰੀ (ਸ.ਬ.) ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਅਤੇ ਜਿਮਨੀ ਚੋਣਾਂ ਲਈ 14 ਫਰਵਰੀ ਨੂੰ ਸਵੇਰੇ 8.00 ਵਜੇ ਤੋ ਸ਼ਾਮ ਦੇ 4.00 ਵਜੇ ਤਕ ਵੋਟਾਂ ਪੈਣਗੀਆਂ ਜਿਸ ਸਬੰਧੀ ਪ੍ਰਸ਼ਾਸਨ ਵਲੋੇਂ ਮੁਕੰਮਲ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਰਾਜ ਚੋਣ ਕਮਿਸ਼ਨ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਕੁਲ 30 ਆਈ.ਏ.ਐਸ./ਪੀ.ਸੀ.ਐਸ ਅਫਸਰ ਬਤੌਰ ਆਬਜਰਵਰ ਨਿਯੁਕਤ ਕੀਤੇ ਗਏ ਹਨ। ਇਨਾਂ ਤੋਂ ਇਲਾਵਾ ਪੰਜਾਬ ਪੁਲੀਸ ਦੇ ਆਈ.ਜੀ/ ਡੀ.ਆਈ.ਜੀ ਰੈਂਕ ਦੇ ਪੁਲੀਸ ਆਬਜਰਵਰ ਵੀ ਤੈਨਾਤ ਕੀਤੇ ਹਨ ਜਿਨ੍ਹਾਂ ਵਿਚ ਮੁਹਾਲੀ, ਰੋਪੜ ਅਤੇ ਫਤਿਹਗੜ ਸਾਹਿਬ ਲਈ ਸ੍ਰੀ ਮੁੱਖਵਿੰਦਰ ਸਿੰਘ ਛੀਨਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਲਈ ਸ੍ਰੀ ਸੁਰਜੀਤ ਸਿੰਘ, ਬਠਿੰਡਾ, ਮਾਨਸਾ,ਫਰੀਦਕੋਟ ਲਈ ਸ੍ਰੀ ਬਲਜੋਤ ਸਿੰਘ ਰਾਠੌਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂ ਸਹਿਰ ਲਈ ਸ੍ਰੀ ਸੁਰਿੰਦਰ ਕੁਮਾਰ ਕਾਲੀਆ, ਫਿਰੋਜਪੁਰ, ਮੁਕਤਸਰ, ਮੋਗਾ ਅਤੇ ਫਾਜਿਲਕਾ ਲਈ ਸ੍ਰੀ ਹਰਬਾਜ ਸਿੰਘ ਅਤੇ ਪਟਿਆਲਾ, ਲੁਧਿਆਣਾ, ਬਰਨਾਲਾ ਅਤੇ ਸੰਗਰੂਰ ਲਈ ਸ੍ਰੀ ਗੁਰਿੰਦਰ ਸਿੰਘ ਢਿਲੋਂ ਨੂੰ ਨਿਯੁਕਤ ਕੀਤਾ ਗਿਆ ਹੈ।

ਵੋਟਾਂ ਪੈਣ ਦਾ ਕਾਰਜ ਵੋਟਿੰਗ ਮਸ਼ੀਨਾਂ ਰਾਹੀਂ ਹੋਵੇਗਾ ਜਿਸ ਲਈ 7000 ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਾਂ ਦੇ ਕਾਰਜ ਨੂੰ ਨਿਰਵਿਘਨ ਨੇਪਰੇ ਚਾੜਨ ਲਈ 20510 ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਸ ਤੋ. ਇਲਾਵਾ ਲਗਭਗ 19000 ਪੁਲੀਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ।

ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਉਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਰਾਜ ਵਿੱਚ ਕੁਲ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ 1708 ਸੈਂਸਟਿਵ ਬੂਥ ਅਤੇ 161 ਹਾਈਪਰ-ਸੈਂਸਟਿਵ ਬੂਥ ਹਨ।

ਬੁਲਾਰੇ ਨੇ ਸਪੱਸ਼ਟ ਕੀਤਾ ਕਿ ਜਿਹੜੇ ਵੋਟਰ ਸ਼ਾਮ 4.00 ਵਜੇ ਤੱਕ ਆਪਣੇ ਆਪਣੇ ਪੋਲਿੰਗ ਬੂਥਾਂ ਵਿਚ ਦਾਖਲ ਹੋ ਜਾਣਗੇ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਮਿਤੀ 14 ਫਰਵਰੀ, 2021 ਅਤੇ 17 ਫਰਵਰੀ, 2021 ਨੂੰ ਡਰਾਈ ਡੇਜ਼ ਘੋਸ਼ਿਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ 17 ਫਰਵਰੀ, 2021 ਨੂੰ ਸਵੇਰੇ 9.00 ਵਜੇ ਆਰੰਭ ਹੋਵੇਗੀ।

Leave a Reply

Your email address will not be published. Required fields are marked *