87 ਹਜਾਰ 281 ਵਿਅਕਤੀਆਂ ਨੂੰ ਵੰਡਿਆ ਗਿਆ ਦੁਪਿਹਰ ਦਾ ਸਸਤਾ ਖਾਣਾ : ਜਸਬੀਰ ਸਿੰਘ

ਐਸ਼.ਏ.ਐਸ.ਨਗਰ, 25  ਅਕਤੂਬਰ (ਸ.ਬ.) ਸਾਡੀ ਰਸੋਈ ਸਕੀਮ ਅਧੀਨ ਮਈ 2017 ਤੋਂ ਹੁਣ ਤੱਕ 87 ਹਜਾਰ 281 ਵਿਅਕਤੀਆਂ ਨੂੰ ਦੁਪਹਿਰ ਦਾ ਸਸਤਾ ਖਾਣਾ ਵੰਡਿਆ ਗਿਆ ਹੈ ਅਤੇ ਲੋੜਵੰਦਾਂ ਲਈ ਇਹ ਸਕੀਮ ਵਰਦਾਨ ਸਾਬਿਤ ਹੋ ਰਹੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋਂ ਰਾਜ ਦੇ  ਗਰੀਬਾਂ, ਬੇਘਰਿਆਂ ਅਤੇ ਲੋੜਵੰਦਾਂ ਨੂੰ ਸਸਤਾ ਖਾਣਾ ਮੁਹੱਈਆ ਕਰਾਉਣ ਦੇ ਮੱਦੇ ਨਜ਼ਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਮਾਜ ਸੇਵੀ ਸੰਸਥਾ ਇਸਤਰੀ ਸ਼ਕਤੀ ਦੇ ਸ਼ਹਿਯੋਗ ਨਾਲ ਸਸਤਾ ਭੋਜਨ ਸਕੀਮ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ, ਜੂਡੀਸੀਅਲ ਕੋਰਟ ਕੰਪਲੈਕਸ, ਸਿਵਲ ਹਸਪਤਾਲ ਫੇਜ਼-6 ਅਤੇ ਈ.ਐਸ. ਆਈ. ਹਸਪਤਾਲ ਵਿਖੇ ਸ਼ੁਰੂ ਕੀਤਾ ਹੋਇਆ ਹੈ|  ਜਿਸ ਤਹਿਤ ਲੋੜਵੰਦਾਂ ਨੂੰ 10 ਰੁਪਏ ਵਿੱਚ ਵਧੀਆ ਸਾਫ ਸੁਥਰਾ ਅਤੇ ਹਾਈਜੈਨਿਕ ਦੁਪਿਹਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ|
ਸਹਾਇਕ ਕਮਿਸ਼ਨਰ (ਜਨਰਲ) ਨੇ ਦੱਸਿਆ ਕਿ ਇਸ ਸਕੀਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ|  ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਾਡੀ ਰਸੋਈ ਸਕੀਮ ਦਾ ਮੁੱਖ ਮੰਤਵ  ਲੋੜਵੰਦ ਲੋਕਾਂ ਨੂੰ ਨਾ-ਮਾਤਰ ਭਾਅ ਤੇ ਦੁਪਹਿਰ ਦਾ ਖਾਣਾ ਮੁਹੱਈਆ ਕਰਾਉਣਾ ਹੈ| ਉਨ੍ਹਾਂ ਖਾਣਾ ਖਾਣ ਵਾਲੇ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣਾ ਖਾਣ ਤੋਂ ਬਾਅਦ ਖਾਲੀ ਪੈਕਟਾਂ ਨੂੰ ਕੇਵਲ ਕੂੜਾਦਾਨ ਵਿਚ ਹੀ ਸੁੱਟਣ ਤਾਂ ਜੋ ਆਲੇ ਦੁਆਲੇ ਸਾਫ-ਸਫਾਈ ਰੱਖੀ ਜਾ ਸਕੇ|  ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਕੀਮ ਨੂੰ ਸਬ-ਡਵੀਜਨ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਉੱਥੋਂ ਦੇ ਲੋੜਵੰਦ ਵਿਅਕਤੀ ਵੀ ਦੁਪਹਿਰ ਦਾ ਸਸਤਾ ਭੋਜਨ ਖਾ ਸਕਣ|
ਇਸ  ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਰਾਜਮੱਲ ਨੇ ਦੱਸਿਆ ਕਿ 3 ਅਕਤੂਬਰ ਹੁਣ ਤੱਕ ਕੋਰਟ ਕੰਪਲੈਕਸ ਵਿਖੇ 2840, ਸਿਵਲ ਹਸਪਤਾਲ ਮੁਹਾਲੀ ਵਿਖੇ 3109, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ 3600 ਅਤੇ ਈ.ਐਸ.ਆਈ. ਹਸਪਤਾਲ ਸਾਹਮਣੇ 3220 ਸਾਡੀ ਰਸੋਈ ਸਕੀਮ ਅਧੀਨ 10 ਰੁਪਏ ਪ੍ਰਤੀ ਖਾਣੇ ਦਾ ਪੈਕਟ ਲੋੜਵੰਦਾਂ ਨੂੰ ਦਿੱਤਾ ਗਿਆ|

Leave a Reply

Your email address will not be published. Required fields are marked *