9 ਅਗਸਤ ਨੂੰ ਹੋਵੇਗਾ ਇਪਟਾ ਦੀਆਂ ਆਨ ਏਅਰ ਸਭਿਆਚਾਰਕ ਗਤੀਵਿਧੀਆਂ ਦਾ ਆਗਾਜ਼

ਐਸ.ਏ.ਐਸ.ਨਗਰ, 6 ਅਗਸਤ (ਸ.ਬ.) ਇਪਟਾ ਦੀਆਂ ਆਨ ਏਅਰ ਸਭਿਆਚਾਰਕ ਗਤੀਵਿਧੀਆਂ ਦਾ ਆਗਾਜ਼ 9 ਅਗਸਤ ਨੂੰ ਲੋਕ-ਗਾਇਕ ਅਤੇ ਇਪਟਾ ਪੰਜਾਬ ਦੇ ਮੁੱਢਲੇ ਕਾਰਕੁੰਨ ਅਮਰਜੀਤ ਗੁਰਦਾਸਪੁਰੀ ਦੇ ਸੀਰੀਜ਼ ਰੂ-ਬ-ਰੂ ਏ ਫਨਕਾਰ ਨਾਲ ਹੋਵੇਗਾ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਇੰਦਰਜੀਤ ਰੂਪਵਾਲੀ ਨੇ ਦੱਸਿਆ ਕਿ ਅਗਸਤ ਮਹੀਨੇ ਦੇ ਤਮਾਮ ਹਫਤਾਵਾਰੀ ਇਪਟਾ ਆਨ ਏਅਰ ਸਭਿਆਚਾਰਕ ਗਤੀਵਿਧੀਆਂ ਇਪਟਾ ਪੰਜਾਬ ਦੇ ਬਾਨੀ ਸਵਰਗੀ ਤੇਰਾ ਸਿੰਘ ਚੰਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਣਗੀਆਂ| ਇਸ ਸੀਰੀਜ਼  ਦੇ ਰੂ-ਬ-ਰੂ ਕਰਤਾ ਨਾਟ ਕਰਮੀ ਅਤੇ ਇਪਟਾ ਪੰਜਾਬ ਦੇ ਸੱਕਤਰ ਵਿੱਕੀ ਮਹੇਸ਼ਰੀ ਹੋਣਗੇ|
ਉਹਨਾਂ ਦੱਸਿਆ ਕਿ ਇਪਟਾ ਵਲੋਂ ਕੋਰੋਨਾ ਮਹਾਂਮਾਰੀ ਕਾਰਣ ਰੰਗਮੰਚੀ ਅਤੇ ਸਭਿਆਚਾਰਕ ਸਰਗਰਮੀਆਂ ਵਿੱਚ ਆਈ ਖੜੌਤ ਨੂੰ ਤੋੜਣ ਲਈ ਹਫਤਾਵਾਰੀ ਆਨ ਏਅਰ (ਫੇਸ-ਬੁੱਕ ਲਾਈਵ ਅਤੇ ਯੂ-ਟਿਊਬ) ਲੋਕ-ਹਿਤੈਸ਼ੀ ਰੰਗਮੰਚੀ ਅਤੇ ਸਭਿਆਚਰਕ ਗਤੀਵਿਧੀਆਂ ਆਰੰਭਣ ਦਾ ਯਤਨ ਕੀਤਾ ਗਿਆ ਹੈ| ਜਿਸ ਅਧੀਨ ਇਪਟਾ ਅਤੇ ਇਪਟਾ ਤੋਂ ਇਲਾਵਾ ਲੋਕਾਈ ਦੇ ਦੁੱਖਾਂ-ਦਰਦਾਂ ਦੀ ਬਾਤ ਪਾਉਂਦੇ ਫਨਕਾਰਾਂ ਨਾਲ ਰੂ-ਬ-ਰੂ ਤੋਂ ਇਲਾਵਾ ਇਪਟਾ ਦੀਆਂ ਰਵਾਇਤਾਂ ਤੇ ਮਿਆਰ ਮੁਤਾਬਿਕ ਲੋਕ-ਮਸਲੇ ਕਲਾਮਈ ਤਰੀਕੇ ਨਾਲ ਉਭਾਰਨ ਅਤੇ ਲੋਕ-ਕਲਾਕਾਰਾਂ ਦੀ ਕਲਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਤੋਂ ਇਲਾਵਾ ਭੱਖਦੇ ਸਮਾਜਿਕ ਸਰੋਕਾਰਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ|

Leave a Reply

Your email address will not be published. Required fields are marked *