9/11 ਹਮਲੇ ਨਾਲ ਕੰਬ ਉਠਿਆ ਸੀ ਅਮਰੀਕਾ, ਲੋਕਾਂ ਵਿੱਚ ਅੱਜ ਵੀ ਹੈ ਖੌਫ

ਵਾਸ਼ਿੰਗਟਨ, 11 ਸਤੰਬਰ (ਸ.ਬ.) 11 ਸਤੰਬਰ 2001 ਦਾ ਦਿਨ ਮਨੁੱਖੀ ਇਤਿਹਾਸ ਵਿਚ ਭੁੱਲਿਆ ਵੀ ਭੁਲਾਇਆ ਨਹੀਂ ਜਾ ਸਕਦਾ| 17 ਸਾਲ ਪਹਿਲਾਂ ਅਮਰੀਕਾ ਦਾ ਸਾਹਮਣਾ ਉਸ ਤ੍ਰਾਸਦੀ ਨਾਲ ਹੋਇਆ ਸੀ, ਜਿਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਸੀ| ਨਿਊਯਾਰਕ ਸ਼ਹਿਰ ਹੀ ਨਹੀਂ ਪੂਰੀ ਦੁਨੀਆ ਇਸ ਅੱਤਵਾਦੀ ਧਮਾਕੇ ਨਾਲ ਕੰਬ ਗਈ ਸੀ| ਅੱਤਵਾਦੀ ਸੰਗਠਨ ਅਲਕਾਇਦਾ ਨੇ ਅਮਰੀਕਾ ਵਿਚ 4 ਟਿਕਾਣਿਆਂ ਉਤੇ ਹਮਲੇ ਕੀਤੇ, ਜਿਸ ਕਾਰਨ ਹਜ਼ਾਰਾਂ ਵਿਅਕਤੀਆਂ ਦੀ ਮੌਤ ਹੋ ਗਈ| ਇਨ੍ਹਾਂ ਹਮਲਿਆਂ ਨੇ ਅਮਰੀਕਾ ਨੂੰ ਆਰਥਿਕ ਪੱਧਰ ਉਤੇ ਵੀ ਵੱਡਾ ਝਟਕਾ ਦਿੱਤਾ|
ਅਮਰੀਕਾ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਲਈ ਅੱਤਵਾਦੀਆਂ ਨੇ ਵਰਲਡ ਟਰੇਡ ਸੈਂਟਰ ਨੂੰ ਨਿਸ਼ਾਨਾ ਬਣਾਇਆ| ਇਸ ਅੱਤਵਾਦੀ ਹਮਲੇ ਵਿਚ ਅਰਬਾਂ ਡਾਲਰ ਦਾ ਨੁਕਸਾਨ ਹੋਇਆ| ਇਸ ਹਮਲੇ ਵਿਚ ਤਕਰੀਬਨ 3,000 ਵਿਅਕਤੀਆਂ ਨੇ ਜਾਨ ਗਵਾਈ| ਜਿਸ ਵਿਚ 400 ਪੁਲੀਸ ਕਰਮਚਾਰੀ ਅਤੇ ਫਾਇਰ ਬ੍ਰਿਗੇਡ ਦਸਤੇ ਦੇ ਸੁਰੱਖਿਆ ਕਰਮਚਾਰੀ ਵੀ ਸ਼ਾਮਲ ਸਨ| ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਅਤੇ ਪੈਂਟਾਗਨ ਉਤੇ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਵਿੱਚੋਂ ਤਕਰੀਬਨ 1,000 ਵਿਅਕਤੀਆਂ ਦੀ ਅਜੇ ਤਕ ਪਹਿਚਾਣ ਨਹੀਂ ਹੋਈ ਹੈ| ਡੀ. ਐਨ. ਏ. ਟੈਸਟ ਲਈ ਸਾਰੇ ਸੰਭਾਵਿਤ ਵਿਗਿਆਨਕ ਉਪਾਅ ਕੀਤੇ ਜਾ ਰਹੇ ਹਨ| ਲੈਬ ਦੇ ਇਕ ਸੀਨੀਅਰ ਵਿਗਿਆਨੀ ਨੇ ਦੱਸਿਆ ਕਿ ਹੱਡੀਆਂ ਦੇ ਬਚੇ ਹੋਏ ਅਵਸ਼ੇਸ਼ ਤੋਂ ਡੀ. ਐਨ. ਏ. ਤੈਅ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਕੰਮ ਹੈ|
11 ਸਤੰਬਰ 2001 ਦਾ ਦਿਨ ਹਮੇਸ਼ਾ ਲਈ ਇਤਿਹਾਸ ਦੇ ਪੰਨਿਆ ਵਿਚ ਦਰਜ ਹੋ ਗਿਆ| ਦਹਿਸ਼ਤ ਪੈਦਾ ਕਰਨ ਲਈ ਅੱਤਵਾਦੀ ਸੰਗਠਨ ਅਲਕਾਇਦਾ ਨੇ 4 ਅਮਰੀਕੀ ਜਹਾਜ਼ਾਂ ਨੂੰ ਅਗਵਾ ਕਰ ਕੇ ਦੋ ਜਹਾਜ਼ ਵਰਲਡ ਟਰੇਡ ਸੈਂਟਰ ਦੇ ਟਾਵਰ ਨਾਲ ਟਕਰਾਏ, ਤੀਜਾ ਜਹਾਜ਼ ਵਾਸ਼ਿੰਗਟਨ ਡੀ. ਸੀ. ਦੇ ਬਾਹਰ ਪੈਂਟਾਗਨ ਅਤੇ ਚੌਥਾ ਜਹਾਜ਼ ਪੇਨਸੀਲਵੇਨੀਆ ਦੇ ਖੇਤਾਂ ਵਿੱਚ ਡਿੱਗਿਆ| ਹਮਲੇ ਨੇ ਪੂਰੀ ਦੁਨੀਆ ਦੇ ਸਾਹਮਣੇ ਅੱਤਵਾਦ ਨਾਲ ਨਜਿੱਠਣ ਦੀ ਚੁਣੌਤੀ ਰੱਖ ਦਿੱਤੀ| ਇਸ ਹਮਲੇ ਮਗਰੋਂ ਅਮਰੀਕਾ ਨੇ ਆਪਣੀਆਂ ਸਰਹੱਦਾਂ ਨੂੰ ਇੰਨਾ ਕੁ ਮਜ਼ਬੂਤ ਕਰ ਦਿੱਤਾ ਕਿ ਅੱਜ ਤਕ ਕੋਈ ਵੀ ਅੱਤਵਾਦੀ ਸੰਗਠਨ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਕਰ ਸਕਦਾ| ਅਮਰੀਕਾ ਨੇ ਇਨ੍ਹਾਂ ਹਮਲਿਆਂ ਦੇ ਤੁਰੰਤ ਬਾਅਦ ਅਲਕਾਇਦਾ ਦੇ ਮੁਖੀਆ ਓਸਾਮਾ ਬਿਨ ਲਾਦੇਨ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਲਈ 2.5 ਕਰੋੜ ਡਾਲਰ ਦਾ ਇਨਾਮ ਰੱਖਿਆ ਸੀ| 2 ਮਈ 2011 ਵਿੱਚ ਪਾਕਿਸਤਾਨ ਵਿਚ ਲੁਕੇ ਇਸ ਅੱਤਵਾਦੀ ਨੂੰ ਅਮਰੀਕੀ ਫੌਜ ਨੇ ਮਾਰ ਦਿੱਤਾ|

Leave a Reply

Your email address will not be published. Required fields are marked *