|
ਮਿਊਂਸਪਲ ਕਰਮਚਾਰੀਆਂ ਨੂੰ ਅਤਿ ਜਰੂਰੀ ਡਿਊਟੀ ਵਿੱਚ ਮਾਪਦੰਡ ਅਪਨਾਉਣ, ਮਾਣ-ਭੱਤਾ ਦੇਣ ਦੀ ਮੰਗ
ਮੁਹਾਲੀ, 2 ਫਰਵਰੀ (ਸ.ਬ.) ਮਿਊਂਸਪਲ ਇੰਪਲਾਈਜ਼ ਯੂਨੀਅਨ ਮੁਹਾਲੀ ਨੇ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮਿਉਂਸਪਲ ਕੌਂਸਲ ਦੇ ਕਰਮਚਾਰੀਆਂ ਦੀਆਂ ਅਤਿ ਲਾਜਮੀ ਡਿਊਟੀਆਂ ਜਿਵੇਂ ਵੋਟਰ ਸੁਧਾਈ, ਆਟਾ ਦਾਲ, ਪੈਂਸ਼ਨਾਂ, ਬੇਰੋਜਗਾਰ ਸਰਵੇ ਅਤੇ ਮਰਦਮਸ਼ੁਮਾਰੀ ਵੇਲੇ ਕੋਈ ਮਾਪਦੰਡ ਨਹੀਂ ਅਪਣਾਇਆ ਜਾਂਦਾ ਅਤੇ ਲੰਮਾਂ ਸਮਾਂ ਚੋਣ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਅਦਾਇਗੀ ਜਾਂ ਮਾਣ ਭੱਤਾ ਵੀ ਨਹੀਂ ਦਿੱਤਾ ਜਾਂਦਾ। ਯੂਨੀਅਨ ਦੇ ਪ੍ਰਧਾਨ ਸ੍ਰੀ ਕਿਸ਼ਨ ਲਾਲ ਸੈਣੀ ਅਤੇ ਜਨ. ਸਕੱਤਰ ਹਰਮੇਸ਼ ਸਿੰਘ ਹੰਡੇਸਰਾ ਦੇ ਦਸਤਖਤਾਂ ਹੇਠ ਜਾਰੀ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁਹਾਲੀ ਦੇ ਵਸਣ ਤੋਂ ਲੈ ਕੇ ਹੁਣ ਤੱਕ ਕੋਈ ਚੋਣ ਡਿਊਟੀ ਹੋਵੇ, ਕੌਂਸਲ ਕਰਮਚਾਰੀਆਂ ਦੀ ਡਿਊਟੀ ਲਗਣ ਕਾਰਨ ਸਾਰਾ ਕੌਂਸਲ ਦਫਤਰ ਕਰਮਚਾਰੀਆਂ ਤੋਂ ਖਾਲੀ ਹੋ ਜਾਂਦਾ ਹੈ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਨਾ ਹੋਣ ਕਾਰਨ ਕੌਂਸਲ ਦੀ ਬਦਨਾਮੀ ਹੁੰਦੀ ਹੈ। ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਦੂਜੇ ਮਹਿਕਮਿਆਂ ਤੋ ਵੀ ਕੌਂਸਲ ਦੇ ਕਰਮਚਾਰੀਆਂ ਦੇ ਅਨੁਪਾਤ ਅਨੁਸਾਰ ਡਿਊਟੀਆਂ ਕਰਵਾਈਆਂ ਜਾਣ ਅਤੇ ਅਤਿ ਜਰੂਰੀ ਕੰਮਾਂ ਵਿੱਚ ਲੱਗੇ ਕਰਮਚਾਰੀਆਂ ਨੂੰ ਇਸ ਡਿਊਟੀ ਤੋਂ ਛੋਟ ਦਿੰਤੀ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਉਪ ਮੰਡਲ ਮੈਜਿਸਟ੍ਰੇਟ ਤੋਂ ਮੰਗੀ ਗਈ ਸੂਚਨਾ ਅਧਿਕਾਰ ਤਹਿਤ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਊਟੀ ਕਰਨ ਵਾਲੇ ਮੁਲਾਜਮਾਂ ਨੂੰ ਮਾਣ ਭੱਤਾ ਦੇਣ ਦੀ ਵਿਵਸਥਾ ਹੈ ਪਰ ਜੋ ਕਰਮਚਾਰੀ ਇਸ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਲਈ ਲਿਖਾ ਪੜ੍ਹੀ ਚੱਲ ਰਹੀ ਹੈ। ਇਸ ਜਾਣਕਾਰੀ ਵਿੱਚ ਇਹ ਵੀ ਸਪਸ਼ਟ ਹੈ ਕਿ ਫਾਇਰ ਬ੍ਰਿਗੇਡ ਮੁਲਾਜਮਾਂ ਦੀ ਚੋਣ ਸਬੰਧੀ ਡਿਊਟੀ ਨਹੀਂ ਲਗਾਈ ਜਾਵੇਗੀ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸਦੇ ਬਾਵਜੂਦ ਫਾਇਰ ਬ੍ਰਿਗੇਡ ਦੇ ਟੈਲੀਫੋਨ ਆਪਰੇਟਰ ਅਸ਼ੋਕ ਕੁਮਾਰ ਬਾਂਸਲ ਤੇ ਦੋ ਹੋਰ ਕਰਮਚਾਰੀ ਸੁਖਵਿੰਦਰ ਸਿੰਘ ਅਤੇ ਰਮੇਸ਼ ਦੀ ਡਿਊਟੀ ਚੋਣਾਂ ਵਿੱਚ ਲਗਾਈ ਗਈ ਹੈ ਅਤੇ ਇੱਕ ਸਾਲ ਬੀਤਣ ਦੇ ਬਾਵਜੂਦ ਉਨ੍ਹਾਂ ਨੂੰ ਡਿਊਟੀ ਤੋਂ ਫਾਰਗ ਨਹੀਂ ਕੀਤਾ ਗਿਆ ਸਗੋਂ ਸੁਖਵਿੰਦਰ ਸਿੰਘ ਡ੍ਰਾਈਵਰ ਦੀ ਡਿਊਟੀ ਵੀ ਵਿਧਾਨਸਭਾ ਚੋਣਾਂ ਵਿੱਚ ਲਗਾ ਦਿੱਤੀ ਗਈ ਹੈ ਜਦੋਂ ਕਿ ਇਸ ਚੋਣ ਵਿੱਚ ਹਾਲੇ ਦੋ ਸਾਲ ਰਹਿੰਦੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਕੋਈ ਮਾਣ ਭੱਤਾ ਨਹੀਂ ਦਿੱਤਾ ਗਿਆ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਕਰਮਚਾਰੀਆਂ ਦਾ ਮਾਣ ਭੱਤਾ ਦਿਵਾਇਆ ਜਾਵੇ ਅਤੇ ਮਾਪਦੰਡ ਅਨੁਸਾਰ ਹੀ ਉਨ੍ਹਾਂ ਦੀ ਚੋਣ ਡਿਊਟੀ ਲਗਾਈ ਜਾਵੇ।
|
|