|
ਇੰਦੌਰ: ਇਨਾਮੀ ਡਕੈਤ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ
ਇੰਦੌਰ, 8 ਫਰਵਰੀ (ਸ.ਬ.) ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਬੀਤੀ ਦੇਰ ਰਾਤ ਪੁਲੀਸ ਨੇ ਇੱਕ ਇਨਾਮੀ ਡਕੈਤ ਨੂੰ ਮੁਕਾਬਲੇ ਵਿੱਚ ਮਾਰ ਸੁੱਟਿਆ ਜਦੋਂਕਿ ਉਸ ਦਾ ਇੱਕ ਸਾਥੀ ਮੌਕੇ ਤੋਂ ਭੱਜ ਨਿਕਲਿਆ। ਐਸ ਐਸ ਪੀ ਡੀ ਸ੍ਰੀਨਿਵਾਸ ਰਾਓ ਨੇ ਅੱਜ ਦੱਸਿਆ ਕਿ ਸ਼ਹਿਰ ਦੇ ਆਸਾਰਾਮ ਬਾਪੂਚੌਰਾਹੇ ਦੇ ਕੋਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ ਮਨੋਜ ਬੱਚੂ ਸਿੰਘ ਬੈਂਕ ਡਕੈਤੀ ਦੀਆਂ ਛੇ ਵਾਰਦਾਤਾਂ ਵਿੱਚ ਦੋਸ਼ੀ ਸੀ। ਪੁਲੀਸ ਨੂੰ ਬੀਤੀ ਰਾਤ ਮੁਖਬਿਰ ਤੋਂ ਸੂਚਨਾ ਮਿਲੀ ਕਿ ਮਨੋਜ ਆਪਣੇ ਇੱਕ ਸਾਥੀ ਦੇ ਨਾਲ ਇੱਕ ਢਾਬੇ ਵਿੱਚ ਮੌਜੂਦ ਹੈ। ਪੁਲੀਸ ਦਲ ਮੌੇਕ ਤੇ ਪਹੁੰਚਿਆ ਤਾਂ ਉਹ ਮੋਟਰ ਸਾਈਕਲ ਰਾਹੀਂ ਭੱਜ ਨਿਕਲਿਆ। ਉਹਨਾਂ ਦੱਸਿਆ ਕਿ ਮੋਟਰ ਸਾਈਕਲ ਦਾ ਪਿੱਛਾ ਕਰਦੇ ਹੋਏ ਉਸ ਨੂੰ ਰੁਕਣ ਨੂੰ ਕਿਹਾ ਗਿਆ ਤਾਂ ਉਸ ਨੇ ਪੁਲੀਸ ਦਲ ਤੇ ਗੋਲੀ ਦਾਗ ਦਿੱਤੀ। ਜਵਾਬੀ ਕਾਰਵਾਈ ਵਿੱਚ ਮਨੋਜ ਨੂੰ ਢੇਰ ਕਰ ਦਿੱਤਾ ਗਿਆ ਜਦੋਂਕਿ ਉਸ ਦਾ ਇੱਕ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਪੁਲੀਸ ਨੇ ਮੌਕੇ ਤੋਂ ਦੇਸ਼ੀ ਪਿਸਤੌਲ ਅਤੇ ਬਗੈਰ ਨੰਬਰ ਦੀ ਮੋਟਰ ਸਾਈਕਲ ਬਰਾਮਦ ਕੀਤੀ। ਮੁਕਾਬਲੇ ਵਿੱਚ ਕੋਈ ਪੁਲੀਸ ਵਾਲਾ ਜ਼ਖਮੀ ਨਹੀਂ ਹੋਇਆ। ਡਕੈਤਾਂ ਦੀਆਂ ਗੋਲੀਆਂ ਨਾਲ ਹਾਲਾਂਕਿ ਪੁਲੀਸ ਵਾਹਨ ਨੂੰ ਨੁਕਸਾਨ ਪਹੁੰਚਿਆ। ਉਹਨਾਂ ਕਿਹਾ ਕਿ ਮੂਲ ਰੂਪ ਨਾਲ ਬਿਹਾਰ ਨਾਲ ਸਬੰਧ ਰੱਖਣ ਵਾਲਾ ਮਨੋਜ ਇੱਥੇ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਆਇਆ ਸੀ ਪਰ ਉਸ ਨੇ ਆਪਣਾ ਗਿਰੋਹ ਬਣਾ ਲਿਆ ਸੀ। ਇਸ ਗਿਰੋਹ ਨੇ ਕਥਿਤ ਰੂਪ ਨਾਲ ਸਾਲ 2008 ਤੋਂ ਸਾਲ 2009 ਦੇ ਵਿਚਾਲੇ ਇੰਦੌਰ ਜਿਲ੍ਹੇ ਵਿੱਚ ਸਿਲਸਿਲੇਵਾਰ ਢੰਗ ਨਾਲ ਬੈਂਕ ਡਕੈਤੀ ਦੀਆਂ ਛੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਉਹਨਾਂ ਕਿਹਾ ਕਿ ਉਸ ਨੂੰ ਇਹਨਾਂ ਮਾਮਲਿਆਂ ਵਿੱਚ ਸਾਲ 2008 ਵਿੱਚ ਫੜਿਆ ਗਿਆ ਸੀ। ਪਰ ਉਹ 11 ਸਤੰਬਰ 2009 ਨੂੰ ਇੱਕ ਸਥਾਨਕ ਜੇਲ੍ਹ ਤੋਂ ਅਦਾਲਤ ਵਿੱਚ ਪੇਸ਼ੀ ਤੇ ਲਿਜਾਂਦੇ ਸਮੇਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਸ ਤੇ ਦਸ ਹਜਾਰ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਸੀ।
|
|