|
ਮਨੁੱਖਤਾ ਦੀ ਉਨਤੀ ਦਾ ਮੁੱਖ ਦੁਆਰ ਹੈ ਅਧਿਆਤਮਿਕਤਾ : ਬਾਂਸਲ
ਮੁਹਾਲੀ, 8 ਫਰਵਰੀ (ਸ.ਬ.) ਸੰਸਦੀ ਮਾਮਲਿਆਂ ਅਤੇ ਜਲ ਸੰਸਾਧਨ ਕੇਂਦਰੀ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਹੈ ਕਿ ਅਧਿਆਤਮਿਕਤਾ ਮਨੁੱਖਤਾ ਦੀ ਉਨਤੀ ਦਾ ਮੁੱਖ ਆਧਾਰ ਹੈ ਅਤੇ ਇਸ ਨਾਲ ਹੀ ਮਨੁੱਖ ਨੂੰ ਪਵਿੱਤਰ ਬਣਨ ਦੀ ਸ਼ਕਤੀ ਅਤੇ ਦਿਸ਼ਾ ਮਿਲਦੀ ਹੈ। ਸ੍ਰੀ ਬਾਂਸਲ ਮੁਹਾਲੀ ਦੇ ਫੇਜ਼-7 ਵਿੱਚ ਸਥਿਤ ਬ੍ਰਹਮਾਕੁਮਾਰੀਆਂ ਦੇ ਸੁਖ ਸ਼ਾਂਤੀ ਭਵਨ ਵਿਖੇ ਮਹਾਂ-ਸ਼ਿਵਰਾਤਰੀ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ। ਸ੍ਰੀ ਬਾਂਸਲ ਨੇ ਕਿਹਾ ਕਿ ਮਨੁੱਖਤਾ ਦਾ ਧਰਮ ਤਾਂ ਇਕ ਹੈ ਪਰ ਸਵਰਾਥਵਸ਼ ਲੋਕ ਇਸਨੂੰ ਵੰਡ ਲੈਂਦੇ ਹਨ। ਇਸ ਮੌਕੇ ਬ੍ਰਹਮਕੁਮਾਰੀਆਂ ਦੇ ਰਾਜਯੋਗ ਸਿੱਖਿਆ ਅਤੇ ਖੋਜ ਸੰਸਥਾ ਦੇ ਸਮਾਜ ਸੇਵਾ ਪ੍ਰਭਾਗ ਦੇ ਕੌਮੀ ਉਪ ਪ੍ਰਧਾਨ ਬੀ ਕੇ ਅਮੀਰ ਚੰਦ ਨੇ ਕਿਹਾ ਕਿ ਤਿਆਗ ਹੀ ਮਨੁੱਖ ਨੂੰ ਮਹਾਨ ਬਨਾਉਂਦਾ ਹੈ ਨਾ ਕਿ ਧਨ ਦੌਲਤ। ਉਨ੍ਹਾਂ ਕਿਹਾ ਕਿ ਤਿਆਗੀ ਹੀ ਸੰਤ ਅਤੇ ਮਹਾਪੁਰਖ ਕਹਾਉਂਦਾ ਹੈ। ਉਨ੍ਹਾਂ ਕਿਹਾ ਕਿ ਸ਼ਿਵਰਾਤਰੀ ਮਨੁੱਖ ਨੂੰ ਚੰਗੇਰਾ ਜੀਵਨ ਜੀਉਣ ਦੀ ਪ੍ਰੇਰਣਾ ਦਿੰਦੀ ਹੈ। ਇਸ ਮੌਕੇ ਮੁਹਾਲੀ ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਸ਼ਿਵਰਾਤਰੀ ਦੀ ਵਧਾਈ ਦਿੱਤੀ। ਵਿਸ਼ੇਸ਼ ਮਹਿਮਾਨ ਵਜੋਂ ਮੇਜਰ ਜਨ. ਰਿਟਾ. ਸ੍ਰੀ ਐਮ ਐਸ ਕਾਂਡਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੀ ਐਸ ਐਫ ਦੇ ਡੀ ਆਈ ਜੀ ਸ੍ਰੀ ਕੇ ਸੀ ਪਾਂਧੀ ਅਤੇ ਮੁਹਾਲੀ ਦੇ ਪੈਰਾਪਲੈਜਿਕ ਹੋਮ ਦੇ ਡਾਇਰੈਕਟਰ ਕਰਨਲ ਜਸਵੰਤ ਸਿੰਘ, ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰ ਦੀ ਸਹਿ ਸੰਚਾਲਕਾ ਬ੍ਰਹਮਾਕੁਮਾਰੀ ਰਮਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
|
|