|
ਬਰਸਾਤ ਨੇ ਮੌਸਮ ਤਾਂ ਖੁਸ਼ਗਵਾਰ ਕੀਤਾ ਪਰ ਲੋਕੀ ਘਰਾਂ ਵਿੱਚ ਡੱਕੇ
ਮੁਹਾਲੀ, 8 ਫਰਵਰੀ (ਸ.ਬ.) ਮੁਹਾਲੀ ਵਿੱਚ ਅੱਜ ਸਵੇਰੇ ਤੋਂ ਹੋ ਰਹੀ ਬਰਸਾਤ ਨੇ ਖੁਸ਼ਕ ਹੋਏ ਮੌਸਮ ਨੂੰ ਇੱਕ ਵਾਰ ਖੁਸ਼ਗਵਾਰ ਤਾਂ ਬਣਾ ਦਿੱਤਾ ਪਰ ਇਸ ਨਾਲ ਸਰਦੀ ਵਿੱਚ ਵੀ ਵਾਧਾ ਹੋ ਗਿਆ ਹੈ ਅਤੇ ਬਰਸਾਤ ਦੇ ਕਾਰਨ ਲੋਕਾਂ ਨੂੰ ਘਰ ਵਿੱਚ ਬੈਠਣ ਲਈ ਵੀ ਮਜਬੂਰ ਹੋਣਾ ਪਿਆ ਹੈ। ਬਹਿਰਹਾਲ ਸਿਹਤ ਮਾਹਿਰਾਂ ਅਨੁਸਾਰ ਇਸ ਬਰਸਾਤ ਦੇ ਨਾਲ ਮੁਹਾਲੀ ਵਿੱਚ ਹੈਲਦੀ ਸੀਜ਼ਨ ਆ ਜਾਵੇਗਾ। ਬੱਚਿਆਂ ਦੇ ਮਾਹਿਰ ਡਾਕਟਰ ਆਈ ਡੀ ਸਿੰਘ ਭਾਟੀਆ ਨੇ ਦੱਸਿਆ ਕਿ ਬਰਸਾਤ ਨਾਲ ਮੌਸਮ ਸਿਹਤ ਲਈ ਵਧੀਆ ਹੋ ਗਿਆ ਹੈ। ਇਸ ਨਾਲ ਜਿੱਥੇ ਪ੍ਰਦੂਸ਼ਣ ਘੱਟ ਗਿਆ ਹੈ ਉਸਦੇ ਨਾਲ ਨਾਲ ਵੈਸੇ ਵੀ ਇਹ ਮੌਸਮ ਸਿਹਤਮੰਦ ਬਣ ਗਿਆ ਹੈ। ਬਹਿਰਹਾਲ ਅੱਜ ਸਾਰਾ ਦਿਨ ਲੱਗੀ ਕਣੀ ਨੇ ਮੁਹਾਲੀ ਵਿੱਚ ਲੋਕਾਂ ਨੂੰ ਜਿੱਥੇ ਛਤਰੀਆਂ ਕੱਢਣ ਲਈ ਮਜਬੂਰ ਕੀਤਾ ਉ¤ਥੇ ਕਈ ਲੋਕਾਂ ਨੇ ਬਰਸਾਤ ਦੀਆਂ ਇਨ੍ਹਾਂ ਕਣੀਆਂ ਦਾ ਭਿੱਜ ਕੇ ਸੁਆਦ ਵੀ ਲਿਆ। ਛੋਟੇ ਛੋਟੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਵਾਪਿਸ ਲਿਆਉਣ ਵੇਲੇ ਮਾਵਾਂ ਛਤਰੀਆਂ ਦੇ ਨਾਲ ਉਨ੍ਹਾਂ ਨੂੰ ਕੱਜਦੀਆਂ ਦਿਖਾਈ ਦਿੱਤੀਆਂ। ਇਸ ਬਰਸਾਤ ਦੇ ਨਾਲ ਮੌਸਮ ਵਿੱਚ ਠੰਢਕ ਵੀ ਵੱਧ ਗਈ ਹੈ ਅਤੇ ਪਿਛਲੇ ਕੁੱਝ ਦਿਨਾਂ ਤੋਂ ਹਲਕਾ ਗਰਮ ਹੋਇਆ ਮੌਸਮ ਇੱਕ ਵਾਰ ਫਿਰ ਹਲਕੀ ਸਰਦੀ ਵਿੱਚ ਤਬਦੀਲ ਹੋ ਗਿਆ ਹੈ ਅਤੇ ਨੌਜਵਾਨ, ਜਿਨ੍ਹਾਂ ਨੇ ਸਵੈਟਰ ਆਦਿ ਵੀ ਲਾਹ ਦਿੱਤੇ ਸਨ, ਅੱਜ ਉਹਨਾਂ ਨੇ ਗਰਮ ਕੱਪੜੇ ਦੁਬਾਰਾ ਪਾ ਲਏ ਹਨ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਭਲਕੇ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਕਿਣਮਿਣ ਹੁੰਦੀ ਰਹੇਗੀ ਅਤੇ ਬੱਦਲ ਛਾਏ ਰਹਿਣਗੇ। ਬੁੱਧਵਾਰ ਨੂੰ ਦਿਨ ਵੇਲੇ ਤਾਂ ਸੂਰਜ ਦੇਵਤਾਂ ਦੇ ਦਰਸ਼ਨ ਹੋਣਗੇ ਪਰ ਰਾਤ ਨੂੰ ਮੁੜ ਬਰਸਾਤ ਹੋ ਸਕਦੀ ਹੈ। ਬਰਸਾਤ ਦੇ ਨਾਲ ਮੌਸਮ ਵੀ ਠੰਢਾ ਹੋਵੇਗਾ। ਅੱਜ ਦੁਪਹਿਰ ਵੇਲੇ ਵੀ ਤਾਪਮਾਨ 16 ਡਿਗਰੀ ਸੀ ਜਦੋਂ ਕਿ ਘੱਟੋ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
|
|