|
ਬਾਦਲ ਨੇ ਮੁਹਾਲੀ ਵਿੱਚ ਰਾਸ਼ਟਰੀ ਡਿਫੈਂਸ ਯੂਨੀਵਰਸਿਟੀ ਦੀ ਛੇਤੀ ਮੰਜੂਰੀ ਲਈ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ
ਚੰਡੀਗੜ੍ਹ, 8 ਫਰਵਰੀ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਏ ਕੇ ਐਂਟਨੀ ਨਾਲ ਉਨ੍ਹਾਂ ਦੇ ਦਿੱਲੀ ਸਥਿਤ ਘਰ ਵਿੱਚ ਮੁਲਾਕਾਤ ਕਰਕੇ ਮੁਹਾਲੀ ਵਿੱਚ ਬਣਾਈ ਜਾਣ ਵਾਲੀ ਰਾਸ਼ਟਰੀ ਡਿਫੈਂਸ ਯੂਨੀਵਰਸਿਟੀ ਨੂੰ ਛੇਤੀ ਕਲੀਅਰੈਂਸ ਦੇਣ ਦੀ ਮੰਗ ਕੀਤੀ। ਸ੍ਰ. ਬਾਦਲ ਨੇ ਰੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਖਲ ਦੇ ਕੇ ਇਹ ਸਹਿਮਤੀ ਦਿਵਾਉਣ। ਮੁੱਖ ਮੰਤਰੀ ਨੇ ਕੇਂਦਰੀ ਰੱਖਿਆ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਮੁਹਾਲੀ ਵਿੱਚ ਰਾਸ਼ਟਰੀ ਡਿਫੈਂਸ ਅਕੈਡਮੀ ਬਨਾਉਣ ਲਈ ਥਾਂ ਦੇਣ ਦੀ ਪਹਿਲਾਂ ਹੀ ਸਹਿਮਤੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਉਪਰੰਤ ਆਰਮੀ ਹੈਡਕੁਆਟਰ ਤੋਂ ਇੱਕ ਵਫਦ ਸੈਕਟਰ 92 ਵਿੱਚ 125 ਏਕੜ ਜਮੀਨ ਦਾ ਦੌਰਾ ਵੀ ਕਰ ਚੁੱਕਿਆ ਹੈ ਪਰ ਇਸ ਤੋਂ ਬਾਅਦ ਹੋਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦੀ ਤਲਵਾਰ ਵਾਲੀ ਬਾਂਹ ਹੈ ਅਤੇ ਇਹ ਸਨਮਾਨ ਵਾਲਾ ਪ੍ਰੋਜੈਕਟ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਰੱਖਿਆ ਮੰਤਰੀ ਤੋਂ ਇਹ ਵੀ ਮਗ ਕੀਤੀ ਕਿ ਪੰਜਾਬ ਵਿੱਚ ਐਨ ਸੀ ਸੀ ਦਾ ਰਿਮਾਉਂਟ ਅਤੇ ਵੈਟਰਨਰੀ ਕੋਰਪਸ (ਆਰ ਵੀ ਸੀ) ਸੁਕਾਰਡਨ ਅਤੇ ਨੇਵਲ ਵਿੰਗ ਸਥਾਪਿਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਐਨ ਸੀ ਸੀ ਵਿੱਚ ਸ਼ਾਮਿਲ ਹੋਣ ਅਤੇ ਉਨ੍ਹਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਜਾਗ੍ਰਿਤ ਹੋਵੇ। ਉਨ੍ਹਾਂ ਰੱਖਿਆ ਮੰਤਰੀ ਨੂੰ ਇਹ ਭਰੋਸਾ ਦਿੱਤਾ ਕਿ ਇਨ੍ਹਾਂ ਦੋਹਾਂ ਕੇਂਦਰਾਂ ਲਈ ਪੰਜਾਬ ਸਰਕਾਰ ਬੁਨਿਆਦੀ ਢਾਂਚਾ ਮੁਹਈਆ ਕਰਵਾਵੇਗੀ। ਮੁੱਖ ਮੰਤਰੀ ਨੇ ਇਸ ਮੌਕੇ ਰੱਖਿਆ ਮੰਤਰੀ ਤੋਂ 300 ਏਕੜ ਜਮੀਨ ਦੀ 1.5 ਕਰੋੜ ਰੁਪਏ ਦੇ ਮੁਆਵਜੇ ਦੀ ਮੰਗ ਕੀਤੀ ਜੋ ਕਿ ਫੌਜ ਵਲੋਂ ਰਾਣੀਆਂ ਅਤੇ ਅੰਮ੍ਰਿਤਸਰ ਵਿੱਚ ਰੱਖਿਆ ਕਾਰਜਾਂ ਲਈ ਅਕਵਾਇਰ ਕੀਤੀ ਹੈ। ਸ੍ਰੀ ਬਾਦਲ ਨੇ ਇਹ ਰਕਮ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ। ਰੱਖਿਆ ਮੰਤਰੀ ਨੇ ਇਸ ਮੌਕੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਸਾਰੇ ਮਸਲਿਆਂ ਸਬੰਧੀ ਵਿਭਾਗ ਤੋਂ ਤੁਰੰਤ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਸ੍ਰ. ਬਾਦਲ ਦੇ ਨਾਲ ਉਨ੍ਹਾਂ ਦੇ ਸਲਾਹਕਾਰ ਸ੍ਰੀ ਹਰਚਰਨ ਸਿੰਘ ਬੈਂਸ ਅਤੇ ਪ੍ਰਿੰਸੀਪਲ ਸਕੱਤਰ ਸ੍ਰੀ ਡੀ ਐਸ ਗੁਰੂ ਤੋਂ ਇਲਾਵਾ ਸਪੈਸ਼ਲ ਸਕੱਤਰ ਸ੍ਰੀ ਕੇ ਜੇ ਐਸ ਚੀਮਾ ਵੀ ਹਾਜਿਰ ਸਨ।
|
|