|
ਪੀਣ ਵਾਲੇ ਪਾਣੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਏ ਪ੍ਰਸ਼ਾਸ਼ਨ
ਜਿਵੇਂ ਜਿਵੇਂ ਗਰਮੀਆਂ ਦਾ ਮੌਸਮ ਨਜਦੀਕ ਆ ਰਿਹਾ ਹੈ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਪ੍ਰਭਾਵਿਤ ਹੋਣ ਲੱਗ ਪਿਆ ਹੈ। ਮੌਸਮ ਵਿੱਚ ਵੱਧਦੀ ਗਰਮੀ ਦੇ ਨਾਲ ਨਾਲ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਟੂਟੀਆਂ ਵਿੱਚ ਪਾਣੀ ਦਾ ਪ੍ਰੈਸ਼ਰ ਘਟਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਤੀਜੀ ਮੰਜਿਲ ਤੇ ਰਹਿਣ ਵਾਲੇ ਲੋਕਾਂ ਲਈ ਪਾਣੀ ਦੀ ਕਮੀ ਦਾ ਦੌਰ ਇੱਕ ਵਾਰ ਫਿਰ ਆਰੰਭ ਹੋ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀਆਂ ਨੂੰ ਹਰ ਸਾਲ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਗੰਭੀਰ ਸਮੱਸਿਆ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਜਨਸਿਹਤ ਵਿਭਾਗ ਦੇ ਲੱਖ ਦਾਅਵਿਆਂ ਦੇ ਬਾਵਜੂਦ ਹਰ ਸਾਲ ਪੇਸ਼ ਆਉਣ ਵਾਲੀ ਪੀਣ ਵਾਲੇ ਪਾਣੀ ਦੀ ਭਾਰੀ ਕਿਲੱਤ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਸ਼ਹਿਰ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਇੱਥੇ ਹੋਣ ਵਾਲੇ ਆਬਾਦੀ ਵਿਚਲੇ ਵਾਧੇ ਦੀ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਕਰਨ ਵਿੱਚ ਜਨਸਿਹਤ ਵਿਭਾਗ ਪੂਰੀ ਤਰ੍ਹਾਂ ਨਾਕਾਮ ਹੀ ਸਾਬਿਤ ਹੋਇਆ ਹੈ ਅਤੇ ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਸ਼ਹਿਰ ਦੀ ਆਬਾਦੀ ਵੰਧਦੀ ਜਾ ਰਹੀ ਹੈ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਸੰਕਟ ਵੀ ਵੱਧਦਾ ਹੀ ਜਾ ਰਿਹਾ ਹੈ। ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਇਸ ਕਿਲੱਤ ਦਾ ਮੁੱਖ ਕਾਰਣ ਸ਼ਹਿਰ ਵਿੱਚ ਪਾਣੀ ਦੀ ਲੋੜ ਅਤੇ ਉਸਦੀ ਉਪਲਬਧਤਾ ਵਿੱਚ ਵੱਡੇ ਖੱਪੇ ਦਾ ਹੋਣਾ ਹੈ ਅਤੇ ਪਾਣੀ ਦੀ ਉਪਲਬਤਾ ਵਿੱਚ ਵਾਧਾ ਕੀਤੇ ਬਿਨਾ ਇਸ ਸਮੱਸਿਆ ਨੂੰ ਹਲ ਨਹੀਂ ਕੀਤਾ ਜਾ ਸਕਦਾ। ਸਰਦੀਆਂ ਦੇ ਮੌਸਮ ਵਿੱਚ ਕਿਉਂਕਿ ਪਾਣੀ ਦੀ ਖਪਤ ਆਮ ਨਾਲੋਂ ਘੱਟ ਹੁੰਦੀ ਹੈ, ਇਸ ਲਈ ਕਿਸੇ ਤਰੀਕੇ ਕੰਮ ਚਲ ਜਾਂਦਾ ਹੈ ਪਰੰਤੂ ਗਰਮੀਆਂ ਵਿੱਚ ਤਾਂ ਪਾਣੀ ਦੀ ਲਾਗਤ ਵੀ ਆਪਣੇ ਸ਼ਿਖਰ ਤੇ ਪਹੁੰਚ ਜਾਂਦੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਸ਼ਹਿਰਵਾਸੀਆਂ ਲਈ ਲੋੜੀਂਦੀ ਪਾਣੀ ਦੀ ਸਪਲਾਈ ਦਾ ਪ੍ਰਬੰਧ ਨਾ ਕੀਤੇ ਜਾ ਸਕਣ ਕਾਰਣ ਲੋਕਾਂ ਨੂੰ ਬੂੰਦ ਬੂੰਦ ਪਾਣੀ ਲਈ ਤਰਸਣਾ ਪੈਂਦਾ ਹੈ। ਇਸ ਖੱਪੇ ਨੂੰ ਦੂਰ ਕਰਨ ਦੀ ਕਾਰਵਾਈ ਦੇ ਤਹਿਤ ਗਮਾਡਾ ਵਲੋਂ ਪਿਛਲੇ ਦਿਨੀਂ ਸ਼ਹਿਰ ਵਿੱਚ 10 ਨਵੇਂ ਟਿਊਬਵੈਲ ਲਗਵਾਉਣ ਦਾ ਫੈਸਲਾ ਕੀਤਾ ਗਿਆ ਸੀ ਪਰੰਤੂ ਇਹ ਟਿਊਬਵੈਲ ਕਦੋਂ ਲੱਗਣੇ ਸ਼ੁਰੂ ਹੋਣਗੇ ਅਤੇ ਕਦੋਂ ਇਹਨਾਂ ਟਿਊਬਵੈਲਾਂ ਤੋਂ ਨਿਕਲਣ ਵਾਲੇ ਪਾਣੀ ਦੀ ਸਪਲਾਈ ਸ਼ਹਿਰਵਾਸੀਆਂ ਨੂੰ ਹਾਸਿਲ ਹੋਵੇਗੀ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਵੈਸੇ ਇਹਨਾਂ ਟਿਊਬਵੈਲਾਂ ਦੇ ਲਗਣ ਦੇ ਬਾਵਜੂਦ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਖਤਮ ਹੋਣ ਵਾਲੀ ਨਹੀਂ ਹੈ ਅਤੇ ਸ਼ਹਿਰਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਦਿਨੋਂ ਦਿਨ ਵੱਧਦੀ ਲੋੜ ਨੂੰ ਪੂਰਾ ਕਰਨ ਲਈ ਇੱਥੇ ਬਦਲਵੇਂ ਪ੍ਰਬੰਧ ਕੀਤੇ ਜਾਣੇ ਜਰੂਰੀ ਹਨ। ਇਸ ਸੰਬੰਧੀ ਗਮਾਡਾ ਵਲੋਂ ਕਜੌਲੀ ਵਾਟਰ ਵਰਕਸ ਤੋਂ ਸ਼ਹਿਰ ਲਈ 40 ਐਮ ਜੀ ਡੀ ਪਾਣੀ ਲਿਆਉਣ ਲਈ ਪਾਈਆਂ ਜਾਣ ਵਾਲੀਆਂ ਪਾਈਪ ਲਾਈਨਾਂ ਦਾ ਪ੍ਰੋਜੈਕਟ ਹਾਲੇ ਵੀ ਲਮਕ ਬਸਤੇ ਵਿੱਚ ਹੀ ਪਿਆ ਹੋਇਆ ਹੈ ਅਤੇ ਜਦੋਂ ਤਕ ਇਹ ਪ੍ਰੋਜੈਕਟ ਨੂੰ ਸਿਰੇ ਨਹੀਂ ਚੜ੍ਹਾਇਆ ਜਾਂਦਾ ਸ਼ਹਿਰਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਜਨਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਸ਼ਹਿਰਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਘੱਟੋ ਘੱਟ 50 ਹੋਰ ਟਿਊਬਵੈਲ ਲਗਾਏ ਜਾਣੇ ਚਾਹੀਦੇ ਹਨ ਅਤੇ ਜਨਸਿਹਤ ਵਿਭਾਗ ਵਲੋਂ ਮਿਉਂਸਪਲ ਕੌਂਸਲ ਨੂੰ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਤਿੰਨ ਦਰਜਨ ਤੋਂ ਵੱਧ ਟਿਊਬਵੈਲ ਲਗਾਉਣ ਲਈ ਪਿਛਲੇ ਸਾਲ ਦੇ ਐਸਟੀਮੇਟ ਬਣਾ ਕੇ ਦਿੱਤੇ ਹੋਏ ਹਨ ਪਰੰਤੂ ਮਿਉਂਸਪਲ ਕੌਂਸਲ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਣ ਇਹ ਕੰਮ ਵੀ ਵਿਚਾਲੇ ਹੀ ਲਮਕ ਰਿਹਾ ਹੈ। ਪਿਛਲੇ ਸਾਲ ਵੀ ਗਰਮੀਆਂ ਦੇ ਮੌਸਮ ਵਿੱਚ ਸ਼ਹਿਰਵਾਸੀਆਂ ਨੇ ਭਾਰੀ ਕਿੱਲਤ ਹੰਢਾਈ ਸੀ ਅਤੇ ਹੁਣ ਇੱਕ ਵਾਰ ਫਿਰ ਗਰਮੀਆਂ ਦਾ ਮੌਸਮ ਸਿਰ ਤੇ ਆ ਗਿਆ ਹੈ। ਜੇਕਰ ਸ਼ਹਿਰ ਵਿੱਚ ਨਵੇਂ ਟਿਊਬਵੈਲ ਲਗਾਉਣ ਲਈ ਤੁਰੰਤ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਇਸ ਸਾਲ ਸ਼ਹਿਰਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਗੰਭੀਰ ਕਿਲੱਤ ਦਾ ਸਾਮ੍ਹਣਾ ਕਰਨਾ ਪੈਣਾ ਹੈ। ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀ ਇਸ ਸਭ ਤੋਂ ਅਹਿਮ ਲੋੜ ਨੂੰ ਪੂਰਾ ਕਰਨ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ। ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਜਨਸਿਹਤ ਵਿਭਾਗ ਵਲੋਂ ਤਜਵੀਜ ਕੀਤੇ ਗਏ ਖੇਤਰਾਂ ਵਿੱਚ ਟਿਊਬਵੈਲਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਤਾਂ ਜੋ ਗਰਮੀਆਂ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਕਮੀ ਕਾਰਣ ਹੋਣ ਵਾਲੀਆਂ ਤਕਲੀਫਾਂ ਨੂੰ ਘੱਟ ਕੀਤਾ ਜਾ ਸਕੇ। ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਟਿਊਬਵੈਲਾਂ ਦੀ ਉਸਾਰੀ ਸਮੇਂ ਸਿਰ ਮੁਕੰਮਲ ਹੋ ਸਕੇ ਅਤੇ ਲੋਕਾਂ ਨੂੰ ਪਾਣੀ ਦੀ ਲੋੜੀਂਦੀ ਸਪਲਾਈ ਮੁਹਈਆ ਕਰਵਾਈ ਜਾ ਸਕੇ।
|
|