|
ਬੇਤਰਤੀਬ ਪਾਰਕਿੰਗ ਵਿਵਸਥਾ ਵਿੱਚ ਸੁਧਾਰ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ
ਸ਼ਹਿਰ ਵਿੱਚ ਥਾਂ ਥਾਂ ਤੇ ਬੇਤਰਤੀਬ ਢੰਗ ਨਾਲ ਖੜ੍ਹੀਆਂ ਹੋਣ ਵਾਲੀਆਂ ਗੱਡੀਆਂ ਦੀ ਸਮੱਸਿਆ ਅਜਿਹੀ ਹੈ ਜਿਹੜੀ ਇਸ ਵੇਲੇ ਸ਼ਹਿਰ ਵਾਸੀਆਂ ਨੂੰ ਸਭ ਤੋਂ ਵੱਧ ਪਰੇਸ਼ਾਨ ਕਰਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨੀ ਤਾਂ ਇੱਕ ਪਾਸੇ, ਇਸ ਪਾਸੇ ਧਿਆਨ ਤਕ ਨਹੀਂ ਦਿੱਤਾ ਜਾਂਦਾ ਜਿਸ ਕਾਰਣ ਇਹ ਸਮੱਸਿਆ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ। ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਸੜਕਾਂ ਦੇ ਦੋਵੇਂ ਪਾਸੇ ਗੱਡੀਆਂ ਖੜ੍ਹੀਆਂ ਨਜਰ ਆ ਜਾਂਦੀਆਂ ਹਨ। ਸੜਕਾਂ ਕਿਨਾਰੇ ਖੜ੍ਹੀਆਂ ਇਹਨਾਂ ਗੱਡੀਆਂ ਕਾਰਣ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਪਹਿਲਾਂ ਹੀ ਤੰਗ ਹਨ, ਹੋਰ ਵੀ ਤੰਗ ਹੋ ਜਾਂਦੀਆਂ ਹਨ ਅਤੇ ਇਸ ਕਾਰਣ ਟ੍ਰੈਫਿਕ ਦੀ ਭਾਰੀ ਸਮੱਸਿਆ ਪੇਸ਼ ਆਉਂਦੀ ਹੈ। ਫੇਜ਼ 7 ਵਿੱਚ ਬੈਂਕ ਸਕੁਆਇਰ ਵਜੋਂ ਜਾਣੀ ਜਾਂਦੀ ਮਾਰਕੀਟ ਦੇ ਸਾਮ੍ਹਣੇ ਪੈਂਦੀ ਮੁੱਖ ਸੜਕ ਦੇ ਕਿਨਾਰੇ ਖੜ੍ਹਣ ਵਾਲੀਆਂ ਇਹਨਾਂ ਗੱਡੀਆਂ ਕਾਰਣ ਉਥੇ ਹਰ ਵੇਲੇ ਜਾਮ ਲੱਗਣ ਦੀ ਨੌਬਤ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਵੱਖ ਵੱਖ ਫੇਜ਼ਾਂ ਵਿਚਲੀਆਂ ਬੀ ਸੜਕਾਂ ਤੇ ਵੀ ਲੋਕਾਂ ਵਲੋਂ ਸੜਕ ਦੇ ਕਿਨਾਰੇ ਤੇ ਹੀ ਆਪਣੀਆਂ ਗੱਡੀਆਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਅਤੇ ਰਹਿੰਦੀ ਕਸਰ ਇਹਨਾਂ ਲੋਕਾਂ ਦੇ ਘਰਾਂ ਵਿੱਚ ਆਉਣ ਵਾਲੇ ਮਹਿਮਾਨ ਪੂਰੀ ਕਰ ਦਿੰਦੇ ਹਨ ਜਿਸ ਕਾਰਣ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀ ਅੰਦਰੂਨੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਤਾਂ ਹੋਰ ਵੀ ਮਾੜੀ ਹੈ ਜਿੱਥੇ ਪ੍ਰਸ਼ਾਸ਼ਨ ਵਲੋਂ ਗੱਡੀਆਂ ਦੀ ਪਾਰਿਕੰਗ ਸੰਬੰਧੀ ਕੋਈ ਨਿਯਮ ਨਾ ਹੋਣ ਕਾਰਣ ਲੋਕ ਜਿੱਥੇ ਮਰਜੀ ਦਿਲ ਕਰਦਾ ਹੈ, ਆਪਣਾ ਵਾਹਨ ਖੜ੍ਹਾ ਕਰ ਦਿੰਦੇ ਹਨ। ਜਿਆਦਾਤਰ ਵਾਹਨ ਚਾਲਕ ਤਾਂ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਕਰਦੇ ਕਿ ਜਿਸ ਥਾਂ ਤੇ ਉਹਨਾਂ ਵਲੋਂ ਆਪਣੀ ਗੱਡੀ ਖੜ੍ਹੀ ਕੀਤੀ ਜਾ ਰਹੀ ਹੈ ਉਸਦੇ ਅੱਗੇ ਖੜ੍ਹੇ ਵਾਹਨ ਨੂੰ ਬਾਹਰ ਨਿਕਲਣ ਲਈ ਥਾਂ ਮਿਲੇਗੀ ਵੀ ਜਾਂ ਨਹੀਂ। ਪੁੱਛਣ ਤੇ ਇਹਨਾਂ ਦਾ ਰਟਿਆ ਰਟਾਇਆ ਜਵਾਬ ਹੁੰਦਾ ਹੈ ਕਿ ਉਹਨਾਂ ਨੇ ਸਿਰਫ ਦੋ ਮਿਨਟ ਵਿੱਚ ਵਾਪਸ ਆ ਜਾਣਾ ਹੈ ਅਤੇ ਆਪਣੀ ਗੱਡੀ ਲੈ ਕੇ ਲੰਘ ਜਾਣਾ ਹੈ। ਅਜਿਹੇ ਵਾਹਨ ਚਾਲਕਾਂ ਦੀ ਇਸ ਕਾਰਵਾਈ ਕਾਰਣ ਜਿੱਥੇ ਮਾਰਕੀਟਾਂ ਦੀਆਂ ਪਾਰਿਕੰਗਾਂ ਵਿੱਚ ਲੋਕਾਂ ਦੀਆਂ ਗੱਡੀਆਂ ਫਸ ਜਾਣ ਕਾਰਣ ਜਾਮ ਲੱਗ ਜਾਂਦੇ ਹਨ ਉਥੇ ਕਈ ਵਾਰ ਵਾਹਨ ਚਾਲਕਾਂ ਵਿੱਚ ਝਗੜੇ ਦੀ ਨੌਬਤ ਵੀ ਆ ਜਾਂਦੀ ਹੈ। ਵੈਸੇ ਵੀ ਇਹਨਾਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿਚਲੀ ਥਾਂ ਮਾਰਕੀਟਾਂ ਵਿੱਚ ਆਉਣ ਵਾਲੀਆਂ ਗੱਡੀਆਂ ਦੀ ਗਿਣਤੀ ਦੇ ਹਿਸਾਬ ਨਾਲ ਪਹਿਲਾਂ ਹੀ ਬਹੁਤ ਘੱਟ ਹੈ ਅਤੇ ਲੋਕਾਂ ਵਲੋਂ ਬੇਤਰਤੀਬ ਢੰਗ ਨਾਲ ਗੱਡੀਆਂ ਖੜ੍ਹਾਉਣ ਕਾਰਣ ਇਹ ਥਾਂ ਹੋਰ ਵੀ ਘੱਟ ਹੋ ਜਾਂਦੀ ਹੈ ਜਿਸ ਕਾਰਣ ਲੋਕਾਂ ਨੂੰ ਮਾਰਕੀਟਾਂ ਵਿੱਚ ਜਾਣ ਆਉਣ ਵੇਲੇ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ। ਪ੍ਰਸ਼ਾਸ਼ਨ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਵਾਹਨ ਖੜ੍ਹੇ ਕਰਨ ਸੰਬੰਧੀ ਨਾ ਤਾਂ ਕੋਈ ਨਿਯਮ ਕਾਨੂੰਨ ਲਾਗੂ ਕੀਤੇ ਗਏ ਹਨ ਅਤੇ ਨਾ ਹੀ ਇਹਨਾਂ ਪਾਰਕਿੰਗਾਂ ਵਿੱਚ ਵਾਹਨ ਖੜ੍ਹਾਉਣ ਲਈ ਕੋਈ ਨਿਸ਼ਾਨੀਆਂ (ਲਾਈਨਾਂ ਆਦਿ) ਲਗਵਾਈਆਂ ਗਈਆਂ ਹਨ। ਰਹਿੰਦੀ ਕਸਰ ਸਾਡੇ ਸ਼ਹਿਰ ਦੇ ਵਸਨੀਕ ਪੂਰੀ ਕਰ ਦਿੰਦੇ ਹਨ ਜਿਹੜੇ ਆਪਣਾ ਵਾਹਨ ਖੜ੍ਹਾਉਣ ਵੇਲੇ ਇਸ ਗੱਲ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਕਿ ਬੇਤਰਤੀਬ ਢੰਗ ਨਾਲ ਖੜ੍ਹਾਇਆ ਗਿਆ ਉਹਨਾਂ ਦਾ ਵਾਹਨ ਹੋਰਨਾਂ ਲੋਕਾਂ ਲਈ ਪਰੇਸ਼ਾਨੀ ਦਾ ਕਾਰਣ ਬਣ ਸਕਦਾ ਹੈ। ਸ਼ਹਿਰ ਵਿੱਚ ਚਲਦੇ ਵਾਹਨਾਂ ਲਈ ਤਰਤੀਬਵਾਰ ਪਾਰਕਿੰਗ ਦਾ ਪ੍ਰਬੰਧ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਬਣਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਣ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਅਤੇ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰਵਾਸੀਆਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਦੇ ਹਲ ਲਈ ਟ੍ਰੈਫਿਕ ਪੁਲੀਸ, ਮਿਉਂਸਪਲ ਕੌਂਸਲ, ਗਮਾਡਾ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਅਤੇ ਇਸ ਸਮੱਸਿਆ ਦੇ ਹਲ ਲਈ ਯੋਜਨਾਬੱਧ ਢੰਗ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰਵਾਸੀਆਂ ਨੂੰ ਇਸ ਕਾਰਣ ਹੋਣ ਵਾਲੀ ਪਰੇਸ਼ਾਨੀ ਤੋਂ ਰਾਹਤ ਮਿਲੇ ਅਤੇ ਲੰਬੇ ਸਮੇਂ ਤੋਂ ਚਲ ਰਹੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ।
|
|