ਨੌਜਵਾਨ ਲੜਕੀ ਦੀ ਮੌਤ ਦੇ ਮਾਮਲੇ ਦੀ ਉਚ ਪੱਧਰੀ ਜਾਂਚ ਹੋਵੇ

ਮੁਹਾਲੀ ਦੇ ਫੇਜ਼ 1 ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਦਾਖਿਲ ਕਰਵਾਈ ਗਈ ਇੱਕ ਨੌਜਵਾਨ ਲੜਕੀ ਦੀ ਹਸਪਤਾਲ ਵਿੱਚ ਹੀ ਮੌਤ ਹੋਣ ਦਾ ਮਾਮਲਾ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਵਲੋਂ ਇਸ ਨਿੱਜੀ ਹਸਪਤਾਲ ਦੇ ਪ੍ਰਬੰਧਕਾਂ ਉਪਰ ਇਹ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਬੱਚੀ ਦੀ ਮੌਤ ਹਸਪਤਾਲ ਦੀ ਲਾਪਰਵਾਹੀ ਕਾਰਣ ਹੋਈ ਹੈ ਅਤੇ ਇਸ ਮੌਤ ਲਈ ਹਸਪਤਾਲ ਦੇ ਪ੍ਰਬੰਧਕ ਸਿੱਧੇ ਤੌਰ ਤੇ ਜਿੰਮੇਵਾਰ ਹਨ ਜਦੋਂਕਿ ਹਸਪਤਾਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਲੜਕੀ ਨੂੰ ਜਦੋਂ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਉਸ ਵੇਲੇ ਉਸਦੀ ਹਾਲਤ ਬਹੁਤ ਜਿਆਦਾ ਖਰਾਬ ਸੀ ਅਤੇ ਉਹਨਾਂ ਵਲੋਂ ਇਸ ਸੰਬੰਧੀ ਮਰੀਜ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਵੀ ਗਿਆ ਸੀ ਕਿ ਮਰੀਜ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਮਰੀਜ ਦੇ ਪਰਿਵਾਰਕ ਮੈਂਬਰਾਂ ਦੇ ਜੋਰ ਦੇਣ ਤੇ ਹੀ ਹਸਪਤਾਲ ਵਲੋਂ ਉਸਨੂੰ ਇੱਥੇ ਦਾਖਿਲ ਕੀਤਾ ਗਿਆ ਸੀ।
ਇਸ ਹਸਪਤਾਲ ਵਿੱਚ ਦਾਖਿਲ ਹੋਣ ਤੋਂ ਬਾਅਦ ਮੌਤ ਦਾ ਸ਼ਿਕਾਰ ਹੋਈ ਉਸ ਨੌਜਵਾਨ ਲੜਕੀ ਦੇ ਪਰਿਵਾਰ ਵਾਲਿਆਂ ਵਲੋਂ ਹਸਪਤਾਲ ਦੇ ਪ੍ਰਬੰਧਕਾਂ ਤੇ ਲਗਾਏ ਜਾਣ ਵਾਲੇ ਇਲਜਾਮਾਂ ਅਤੇ ਪ੍ਰਬੰਧਕਾਂ ਦੇ ਜਵਾਬੀ ਦਾਅਵੇ ਵਿੱਚੋਂ ਕੌਣ ਸੱਚਾ ਹੈ ਇਸ ਬਾਰੇ ਤਾਂ ਹੁਣੇ ਭਾਵੇਂ ਕੁੱਝ ਨਹੀਂ ਕਿਹਾ ਜਾ ਸਕਦਾ ਪਰੰਤੂ ਇਸ ਤਰੀਕੇ ਨਾਲ ਇੱਕ ਨੌਜਵਾਨ ਲੜਕੀ ਦੀ ਮੌਤ ਹੋਣ ਦੇ ਇਸ ਮਾਮਲੇ ਨੇ ਉਕਤ ਹਸਪਤਾਲ ਦੀ ਕਾਰਗੁਜਾਰੀ ਉਪਰ ਸਵਾਲੀਆ ਨਿਸ਼ਾਨ ਜਰੂਰ ਖੜ੍ਹਾ ਕਰ ਦਿੱਤਾ ਹੈ। ਮ੍ਰਿਤਕ ਮਰੀਜ ਦੇ ਪਰਿਵਾਰ ਵਾਲਿਆਂ ਦਾ ਤਾਂ ਕਹਿਣਾ ਹੈ ਕਿ ਹਸਪਤਾਲ ਵਿੱਚ ਉਹਨਾਂ ਦੀ ਲੜਕੀ ਦੀ ਠੀਕ ਢੰਗ ਨਾਲ ਦੇਖਭਾਲ ਹੀ ਨਹੀਂ ਕੀਤੀ ਗਈ। ਉਸਨੂੰ ਇੱਕ ਨਰਸ ਦੇ ਹਵਾਲੇ ਛੱਡ ਦਿੱਤਾ ਗਿਆ ਅਤੇ ਰਾਤ ਵੇਲੇ ਕੋਈ ਮਾਹਿਰ ਡਾਕਟਰ ਉਹਨਾਂ ਦੀ ਬੱਚੀ ਦੀ ਸਿਹਤ ਜਾਂਚ ਲਈ ਨਹੀਂ ਪਹੁੰਚਿਆ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਉਹਨਾਂ ਤੋਂ ਵੱਧ ਤੋਂ ਵੱਧ ਰਕਮ ਇਕੱਠੀ ਕਰਨ ਦੇ ਲਾਲਚ ਵਿੱਚ ਉਹਨਾਂ ਨੂੰ ਲੜਕੀ ਦੀ ਤਬੀਅਤ ਇੰਨੀ ਜਿਆਦਾ ਨਾਜੁਕ ਹੋਣ ਬਾਰੇ ਜਾਣਕਾਰੀ ਤਕ ਨਹੀਂ ਦਿੱਤੀ ਗਈ ਅਤੇ ਹਸਪਤਾਲ ਵਿੱਚ ਲੋੜੀਂਦੇ ਪ੍ਰਬੰਧ ਨਾ ਹੋਣ ਦੇ ਬਾਵਜੂਦ ਉਹਨਾਂ ਦੀ ਬੱਚੀ ਨੂੰ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਲਈ ਰੈਫਰ ਨਹੀਂ ਕੀਤਾ ਗਿਆ ਜਿਸ ਕਾਰਣ ਉਹਨਾਂ ਦੀ ਬੱਚੀ ਦੀ ਮੌਤ ਹੋਈ ਹੈ।
ਇਸਤੋਂ ਪਹਿਲਾਂ ਵੀ ਮੁਹਾਲੀ ਵਿੱਚ ਸਥਿਤ ਵੱਖ ਵੱਖ ਨਿੱਜੀ ਹਸਪਤਾਲਾਂ ਦੀ ਕਾਰਗੁਜਾਰੀ ਉਪਰ ਅਜਿਹੇ ਕਈ ਸਵਾਲ ਉਠਦੇ ਰਹੇ ਹਨ ਅਤੇ ਲੋਕਾਂ ਦੀ ਇਹ ਆਮ ਧਾਰਨਾ ਹੈ ਕਿ ਇਹਨਾਂ ਹਸਪਤਾਲਾਂ ਦੇ ਪ੍ਰਬੰਧਕਾਂ ਵਲੋਂ ਸਿਹਤ ਲਾਭ ਹਾਸਿਲ ਕਰਨ ਲਈ ਹਸਪਤਾਲ ਪਹੁੰਚਣ ਵਾਲੇ ਮਰੀਜਾਂ ਦਾ ਰੱਜ ਕੇ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਮਰੀਜਾਂ ਤੋਂ ਕਈ ਤਰ੍ਹਾਂ ਦੇ ਟੈਸਟਾਂ ਦੇ ਨਾਮ ਤੇ ਰਕਮ ਵਸੂਲਣ ਅਤੇ ਵੱਖ ਵੱਖ ਮਾਹਿਰ ਡਾਕਟਰਾਂ ਦੀ ਫੀਸ ਦੇ ਨਾਮ ਤੇ ਉਹਨਾਂ ਤੋਂ ਮੋਟੀਆਂ ਰਕਮਾਂ ਵਸੂਲਣ ਦੀਆਂ ਸ਼ਿਕਾਇਤਾਂ ਵੀ ਆਮ ਹਨ ਅਤੇ ਇਸ ਕਾਰਣ ਕਈ ਵਾਰ ਮਰੀਜ ਅਤੇ ਹਸਪਤਾਲ ਦੇ ਪ੍ਰਬੰਧਕਾਂ ਵਿਚਕਾਰ ਵਿਵਾਦ ਵੀ ਹੁੰਦਾ ਹੈ। ਇਸ ਸਭ ਤੇ ਬਾਵਜੂਦ ਲੋਕ ਇਹਨਾਂ ਹਸਪਤਾਲਾਂ ਵਿੱਚ ਇਲਾਜ ਲਈ ਪਹੁੰਚਦੇ ਹਨ ਅਤੇ ਸਰਕਾਰੀ ਹਸਪਤਾਲ ਦੇ ਮੁਕਾਬਲੇ ਕਈ ਗੁਨਾ ਵਾਧੂ ਰਕਮ ਖਰਚਣ ਲਈ ਵੀ ਤਿਆਰ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਤੋਂ ਬਿਹਤਰ ਇਲਾਜ ਹਾਸਿਲ ਹੋਵੇਗਾ ਪਰੰਤੂ ਜਦੋਂ ਉਹਨਾਂ ਦਾ ਮਰੀਜ ਹੀ ਨਾ ਬਚੇ ਤਾਂ ਉਹਨਾਂ ਵਲੋਂ ਅਜਿਹੇ ਹਸਪਤਾਲ ਦੇ ਪ੍ਰਬੰਧਨ ਤੇ ਇਲਜਾਮ ਲਗਾਉਣਾ ਸੁਭਾਵਿਕ ਹੀ ਹੈ।
ਇਸ ਮਾਮਲੇ ਵਿੱਚ ਹਸਪਤਾਲ ਦੇ ਪ੍ਰਬੰਧਕ ਭਾਵੇਂ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਵਲੋਂ ਇਸ ਨੌਜਵਾਨ ਲੜਕੀ ਦੀ ਮਾੜੀ ਹਾਲਤ ਬਾਰੇ ਉਸਦੇ ਪਰਿਵਾਰ ਵਾਲਿਆਂ ਨੂੰ ਜਾਣੂ ਕਰਵਾ ਦਿੱਤਾ ਸੀ ਪਰੰਤੂ ਉਹਨਾਂ ਦਾ ਇਹ ਦਾਅਵਾ ਵੀ ਹਜਮ ਨਹੀਂ ਹੁੰਦਾ। ਇਸਦਾ ਕਾਰਣ ਇਹ ਹੈ ਕਿ ਆਮ ਤੌਰ ਤੇ ਪ੍ਰਾਈਵੇਟ ਹਸਪਤਾਲਾਂ ਵਾਲੇ ਅਜਿਹੇ ਕਿਸੇ ਨਾਜੁਕ ਮਰੀਜ ਨੂੰ ਆਪਣੇ ਹਸਪਤਾਲ ਵਿੱਚ ਦਾਖਿਲ ਕਰਨ ਲਈ ਤਿਆਰ ਹੀ ਨਹੀਂ ਹੁੰਦੇ ਅਤੇ ਜੇਕਰ ਅਜਿਹੇ ਕਿਸੇ ਵੀ ਨਾਜੁਕ ਮਰੀਜ ਨੂੰ ਦਾਖਿਲ ਕੀਤਾ ਵੀ ਜਾਂਦਾ ਹੈ ਤਾਂ ਮਰੀਜ ਨੂੰ ਦਾਖਿਲ ਕਰਨ ਤੋਂ ਪਹਿਲਾਂ ਮਰੀਜ ਦੇ ਰਿਸ਼ਤੇਦਾਰਾਂ ਤੋਂ ਕਈ ਤਰ੍ਹਾਂ ਦੇ ਕਾਗਜਾਂ ਤੇ ਹਸਤਾਖਰ ਕਰਵਾ ਕੇ ਇਹ ਪੱਕਾ ਕਰ ਲਿਆ ਜਾਂਦਾ ਹੈ ਕਿ ਜੇਕਰ ਮਰੀਜ ਨੂੰ ਕੁੱਝ ਹੋ ਗਿਆ ਤਾਂ ਹਸਪਤਾਲ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਪਰੰਤੂ ਇਸ ਮਾਮਲੇ ਵਿੱਚ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਅਜਿਹਾ ਕੁੱਝ ਵੀ ਨਹੀਂ ਕੀਤਾ ਗਿਆ ਸੀ।
ਫੇਜ਼ 1 ਵਿਚਲੇ ਇਸ ਨਿੱਜੀ ਹਸਪਤਾਲ ਵਿੱਚ ਨੌਜਵਾਨ ਲੜਕੀ ਦੀ ਮੌਤ ਦਾ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਇਸ ਨਾਲ ਹਸਪਤਾਲ ਦੇ ਪ੍ਰਬੰਧਕਾਂ ਦੀ ਕਾਰਗੁਜਾਰੀ ਤੇ ਵੀ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਉਠ ਰਹੇ ਹਨ ਜਿਹਨਾਂ ਦਾ ਜਵਾਬ ਲੱਭਣ ਲਈ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਨੌਜਵਾਨ ਲੜਕੀ ਦੀ ਹਸਪਤਾਲ ਵਿੱਚ ਹੋਈ ਮੌਤ ਦੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਵਾਉਣ ਤਾਂ ਜੋ ਸੱਚਾਈ ਸਾਮ੍ਹਣੇ ਆਵੇ ਅਤੇ ਜੇਕਰ ਉਸ ਲੜਕੀ ਦੇ ਇਲਾਜ ਵਿੱਚ ਵਾਕਈ ਕੋਈ ਕੁਤਾਹੀ ਹੋਈ ਹੈ ਤਾਂ ਭਵਿੱਖ ਵਿੱਚ ਅਜਿਹੀ ਕਿਸੇ ਕੁਤਾਹੀ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।



Designed & Maintained By www. tejinfo.com
Welcome! You are visitor No:
© 2008 Skyhawktimes.com