Punjabi News:::Sky Hawk Times daily Punjabi News Paper from Mohali Punjab


ਹਿੰਦੀ ਦੀ ਭਲਾਈ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਖੁਦ ਹਿੰਦੀ ਲਈ ਕਿੰਨੇ ਫਿਕਰਮੰਦ ਹਨ

ਐਨ ਬੀ ਟੀ ਲਈ ਕੰਮ ਕਰਨ ਵਾਲੇ ਕਿਸੇ ਵੀ ਲੇਖਕ ਜਾਂ ਪੱਤਰਕਾਰ ਦੇ ਬੱਚੇ ਹਿੰਦੀ ਮੀਡੀਅਮ ਸਕੂਲਾਂ ਵਿੱਚ ਨਹੀਂ ਪੜ੍ਹਦੇ। ਪਿਛਲੇ ਦਿਨੀਂ ਐਨ ਬੀ ਟੀ ਨੇ ਆਪਣੇ ਹੀ ਵਿਭਾਗ ਵਿੱਚ ਇੱਕ ਸਰਵੇ ਕੀਤਾ, ਜਿਸ ਦਾ ਉਦੇਸ਼ ਇਹ ਜਾਨਣਾ ਸੀ ਕਿ ਹਿੰਦੀ ਮੀਡੀਅਮ ਨਾਲ ਕੰਮ ਕਰਨ ਵਾਲੇ ਲੋਕ ਅਪਣੇ ਬੱਚਿਆਂ ਦੀ ਸਿਖਿਆ ਕਿਹੜੇ ਸਕੂਲਾਂ ਵਿੱਚ ਕਰਵਾ ਰਹੇ ਹਨ ਅਤੇ ਨੌਕਰੀ ਦੇ ਮਾਧਿਅਮ ਨਾਲ ਹਿੰਦੀ ਦੀ ਸੇਵਾ ਕਰਨ ਤੋਂ ਇਲਾਵਾ ਆਪਣੀ ਨਿਜੀ ਜਿੰਦਗੀ ਵਿੱਚ ਹਿੰਦੀ ਭਾਸ਼ਾ ਦੀ ਤਰੱਕੀ ਲਈ ਉਹ ਹੋਰ ਕੀ ਕੀ ਕਰਦੇ ਹਨ।
ਇਸ ਸਰਵੇ ਲਈ ਦੋ ਬੇਹੱਦ ਸਾਧਾਰਣ ਜਿਹੇ ਸਵਾਲ ਪੁੱਛੇ ਗਏ। ਇੱਕ, ਤੁਸੀਂ ਆਪਣੀ ਪੜ੍ਹਾਈ ਕਿਸ ਤਰ੍ਹਾਂ ਦੇ ਸਕੂਲ ਵਿੱਚ ਕੀਤੀ ਹੈ, ਸਰਕਾਰੀ ਜਾਂ ਪ੍ਰਾਈਵੇਟ, ਹਿੰਦੀ ਮੀਡੀਅਮ ਵਾਲੇ ਜਾਂ ਇੰਗਲਿਸ਼ ਮੀਡੀਅਮ ਵਾਲੇ? ਅਤੇ ਦੂਜਾ, ਤੁਹਾਡੇ ਬੱਚੇ ਕਿਸ ਮੀਡੀਅਮ ਨਾਲ ਪੜ੍ਹਾਈ ਕਰ ਰਹੇ ਹਨ?
ਸਰਵੇ ਵਿੱਚ ਪਾਇਆ ਗਿਆ ਕਿ ਇਸ ਹਿੰਦੀ ਅਖਬਾਰ ਦੇ ਸੰਪਾਦਕੀ ਵਿਭਾਗ ਵਿੱਚ ਕੰਮ ਕਰਨ ਵਾਲੇ 80 ਫੀਸਦੀ ਲੋਕਾਂ ਨੇ ਆਪਣੀ ਸਕੂਲੀ ਸਿਖਿਆ ਸਰਕਾਰੀ ਸਕੂਲਾਂ ਵਿੱਚ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਦਾ ਸਿੱਖਣ ਦਾ ਸ਼ੁਰੂਆਤੀ ਮਾਧਿਅਮ ਹਿੰਦੀ ਰਹੀ ਹੈ। ਜਿਨ੍ਹਾਂ ਲੋਕਾਂ ਨੇ ਅੰਗਰੇਜੀ ਮੀਡੀਅਮ ਨਾਲ ਪੜ੍ਹਾਈ ਕੀਤੀ ਹੈ, ਉਨ੍ਹਾਂ ਵਿਚੋਂ ਸਿਰਫ ਪੰਜ ਫੀਸਦੀ ਲੋਕ ਸੰਪਾਦਕੀ ਵਿਭਾਗ ਵਿੱਚ ਹਨ। ਇਹ ਨਵੇਂ ਪੱਤਰਕਾਰ ਹਨ, ਜਿਨ੍ਹਾਂ ਦੀ ਉਮਰ ਅਜੇ 25 ਸਾਲ ਤੋਂ ਘੱਟ ਹੈ ਅਤੇ ਇਨ੍ਹਾਂ ਦੀ ਸਕੂਲਿਗ ਹਿੰਦੀ ਪ੍ਰਦੇਸ਼ਾਂ ਦੀ ਰਾਜਧਾਨੀਆਂ ਜਾਂ ਛੋਟੇ ਸ਼ਹਿਰਾਂ ਵਿੱਚ ਹੋਈ ਹੈ। ਐਨ ਬੀ ਟੀ ਨਾਲ ਜੁੜੇ ਅਤੇ ਅੰਗਰੇਜੀ ਮੀਡੀਅਮ ਵਾਲੇ ਸਕੂਲਾਂ ਵਿੱਚ ਪੜ੍ਹੇ ਬਾਕੀ 15 ਫੀਸਦੀ ਵਰਕਰ ਜਾਂ ਤਾਂ ਇੰਜੀਨੀਅਰਿੰਗ ਅਤੇ ਡਿਜਾਈਨਿੰਗ ਵਾਲੇ ਕੰਮਕਾਜ ਨਾਲ ਜੁੜੇ ਹਨ ਜਾਂ ਦੂਜੇ ਟੈਕਨੀਕਲ ਕੰਮ ਕਾਜ ਨਾਲ।
ਇਸ ਸਰਵੇ ਵਿੱਚ ਸੰਪਾਦਕੀ ਵਿਭਾਗ ਤੋਂ ਇਲਾਵਾ ਇਸ ਅਖਬਾਰ ਨਾਲ ਜੁੜੀ ਇੰਜੀਨੀਅਰਿੰਗ, ਡਿਜਾਇਨਿੰਗ, ਫੋਟੋਗ੍ਰਾਫੀ ਅਤੇ ਪ੍ਰੋਡਕਸ਼ਨ ਵਰਗੀਆਂ ਯੂਨਿਟਾਂ ਨੂੰ ਵੀ ਰੱਖਿਆ ਗਿਆ ਕੀ ਹਿੰਦੀ ਮੀਡੀਅਮ ਨਾਲ ਪੜ੍ਹਾਈ ਕਰਕੇ ਆਏ ਲੋਕ ਹੁਣ ਆਪਣੇ ਬੱਚਿਆਂ ਨੂੰ ਹਿੰਦੀ ਮੀਡੀਅਮ ਵਾਲੇ ਸਕੂਲਾਂ ਵਿੱਚ ਭੇਜ ਰਹੇ ਹਨ? ਇਸ ਦਾ ਜਵਾਬ ਪੂਰੀ ਤਰ੍ਹਾਂ ਨਾਲ ‘ਨਾਂਹ’ ਵਿੱਚ ਮਿਲਦਾ ਹੈ। ਸਰਵੇ ਵਿੱਚ ਪਾਇਆ ਗਿਆ ਕਿ ਚਪੜਾਸੀ ਅਤੇ ਕਲਰਕ/ ਟਾਈਪਿਸਟ ਵੀ ਹੁਣ ਆਪਣੇ ਬੱਚਿਆਂ ਨੂੰ ਅੰਗਰੇਜੀ ਮੀਡੀਅਮ ਵਾਲੇ ਸਕੂਲਾਂ ਵਿੱਚ ਹੀ ਭੇਜ ਰਹੇ ਹਨ। ਨੌਕਰੀ ਵਿੱਚ ਆਉਣ ਨਾਲ ਜਿਨ੍ਹਾਂ ਲੋਕਾਂ ਦਾ ਇੰਪਾਵਰਮੈਂਟ ਹੋਇਆ ਹੈ, ਉਨ੍ਹਾਂ ਵਿਚੋਂ ਕਿਸੇ ਦਾ ਵੀ ਬੱਚਾ ਹਿੰਦੀ ਮੀਡੀਅਮ ਵਾਲੇ ਸਕੂਲਾਂ ਵਿੱਚ ਨਹੀਂ ਜਾਂਦਾ। ਇਸ ਸਰਵੇ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜੋ ਅੱਜ ਤੋਂ 25-30 ਸਾਲ ਪਹਿਲਾਂ ਨੌਕਰੀਆਂ ਵਿੱਚ ਆਏ ਸਨ। ਉਦੋਂ ਦੇਸ਼ ਵਿੱਚ ਉਦਾਰੀਕਰਣ ਦਾ ਦੌਰ ਪੂਰੀ ਤਰ੍ਹਾਂ ਨਾਲ ਸ਼ੁਰੂ ਨਹੀਂ ਹੋਇਆ ਸੀ। ਇਸ ਦਾ ਮਤਲਬ ਇਹ ਹੈ ਕਿ ਹਿੰਦੀ ਮੀਡੀਅਮ ਵਿੱਚ ਕੰਮ ਕਰਨ ਵਾਲੇ ਲੋਕ ਆਪਣੇ ਬੱਚਿਆਂ ਨੂੰ ਅੰਗਰੇਜੀ ਮੀਡੀਅਮ ਵਾਲੇ ਸਕੂਲਾਂ ਵਿੱਚ ਪੜ੍ਹਾਉਣ ਦੀ ਜਰੂਰਤ ਉਦਾਰੀਕਰਨ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ ਮਹਿਸੂਸ ਕਰ ਰਹੇ ਸਨ।
ਐਨ ਬੀ ਟੀ ਵਿੱਚ ਸਿਰਫ ਇੱਕ ਤਿਹਾਈ ਲੋਕ ਅਜਿਹੇ ਹਨ, ਜਿਨ੍ਹਾਂ ਦੇ ਬੱਚੇ ਫਿਲਹਾਲ ਪੜ੍ਹ ਰਹੇ ਹਨ ਜਾਂ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ। ਬਾਕੀ ਕਰਮਚਾਰੀਆਂ ਦਾ ਅਜੇ ਜਾਂ ਤਾਂ ਵਿਆਹ ਨਹੀਂ ਹੋਇਆ ਜਾਂ ਬੱਚੇ ਸਕੂਲ ਜਾਣ ਲਾਇਕ ਨਹੀਂ ਹੋਏ ਹਨ। ਅਜਿਹੇ ਛੋਟੇ ਬੱਚਿਆਂ ਵਾਲੇ ਇਹ ਮਾਤਾ ਪਿਤਾ ਸਪਸ਼ਟ ਰੂਪ ਨਾਲ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ ਅੰਗਰੇਜੀ ਮੀਡੀਅਮ ਵਾਲੇ ਸਕੂਲਾਂ ਵਿੱਚ ਹੀ ਪਾਉਣਗੇ।
ਐਨ ਬੀ ਟੀ ਨੇ ਆਪਣੇ ਹੀ ਬੈਡਰੂਮ ਤੋਂ ਪਰਦਾ ਕਿਉਂ ਚੁੱਕਿਆ? ਅਜਿਹਾ ਇਸ ਲਈ ਕੀਤਾ ਹੈ ਕਿ ਤਾਂ ਕਿ ਅਸੀਂ ਆਪਣੀ ਸੋਚ ਦੇ ਦੋਹਰੇਪਨ ਨੂੰ ਸਮਝ ਸਕੀਏ। ਇਹ ਛੋਟਾ ਜਿਹਾ ਸਰਵੇ ਕਿਸੇ ਵੀ ਹੋਰ ਦਫਤਰ ਵਿੱਚ ਕੀਤਾ ਜਾ ਸਕਦਾ ਹੈ। ਚਾਹੇ ਉਹ ਹਿੰਦੀ ਦੇ ਦੂਜੇ ਅਖਬਾਰ ਹੋਣ ਜਾਂ ਕਾਲਜਾਂ ਯੂਨੀਵਰਸਿਟੀਆਂ ਦੇ ਹਿੰਦੀ ਵਿਭਾਗ। ਹੋਰ ਵਿਭਾਗਾਂ ਵਿੱਚ ਵੀ ਹਿੰਦੀ ਦਾ ਕੋਈ ਲੈਕਚਰਾਰ ਜਾਂ ਸਕੂਲੀ ਅਧਿਆਪਕ ਅਨੁਵਾਦਕ ਆਪਣੇ ਬੱਚਿਆਂ ਨੂੰ ਹਿੰਦੀ ਮਾਧਿਅਮ ਨਾਲ ਪੜ੍ਹਾਉਣ ਵਿਚ ਸਹਿਜ ਨਹੀਂ ਮਹਿਸੂਸ ਕਰਦਾ। ਉਸਦਾ ਯਤਨ ਆਪਣੇ ਬੱਚਿਆਂ ਨੂੰ ਅੰਗਰੇਜੀ ਮੀਡੀਅਮ ਵਿੱਚ ਪੜ੍ਹਾਉਣ ਦਾ ਹੀ ਰਹਿੰਦਾ ਹੈ। ਅਜਿਹਾ ਉਹ ਹਿੰਦੀ ਦੇ ਪ੍ਰਤੀ ਆਪਣੇ ਪ੍ਰੇਮ ਦੇ ਘੱਟ ਹੋਣ ਦੇ ਕਾਰਨ ਨਹੀਂ , ਬਲਕਿ ਭਵਿੱਖ ਅਤੇ ਨੌਕਰੀ ਦੀਆਂ ਬਿਹਤਰ ਸੰਭਾਵਨਾਵਾਂ ਨੂੰ ਦੇਖਦੇ ਹੋਏ ਕਰਦਾ ਹੈ।
ਐਨ ਬੀ ਟੀ ਲੰਬੇ ਸਮੇਂ ਤੋਂ ਆਪਣੇ ਪਾਠਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਿੰਦੀ ਸਾਡੀ ਸਭਿਆਚਾਰਕ ਭਾਸ਼ਾ ਹੈ, ਪਰ ਇਸ ਦੇ ਪ੍ਰਤੀ ਆਪਣੇ ਕਈ ਭਾਵਨਾਤਮਕ ਲਗਾਓ ਦੇ ਬਾਵਜੂਦ ਫਿਊਚਰ ਟੂਲ ਦੇ ਰੂਪ ਵਿੱਚ ਸਾਡੇ ਲਈ ਅੰਗਰੇਜੀ ਸਿੱਖਣਾ ਜਰੂਰੀ ਹੈ। ਹਿੰਦੀ ਦੇ ਕਈ ਪ੍ਰਸਿੱਧ ਵਿਦਵਾਨ ਇਸ ਨਾਲ ਅਸਹਿਮਤੀ ਪ੍ਰਗਟ ਕਰਦੇ ਹਨ। ਉਹ ਕਹਿੰਦੇ ਹਨ ਕਿ ਇਹ ਬਾਜਾਰਵਾਦ ਦੇ ਸਮਰਥਨ ਵਿੱਚ ਕੀਤਾ ਗਿਆ ਤਰਕ ਹੈ। ਜਦੋਂ ਅੰਗਰੇਜੀ ਸਿੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਤਾਂ ਕਿ ਹਿੰਦੀ ਨੂੰ ਕਮਜੋਰ ਭਾਸ਼ਾ ਸਾਬਿਤ ਕੀਤਾ ਜਾ ਸਕੇ ਅਤੇ ਹੌਲੀ ਹੌਲੀ ਉਸ ਨੂੰ ਖਤਮ ਕਰ ਦਿੱਤਾ ਜਾਵੇ।
ਕੁਝ ਵਿਦਵਾਨ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦੇ ਹਨ। ਹਿੰਦੀ ਭਾਸ਼ਾ ਤੇ ਆਯੋਜਿਤ ਹੋਣ ਵਾਲੀਆਂ ਕਾਰਜਸ਼ਾਲਾਵਾਂ ਅਤੇ ਗੋਸ਼ਠੀਆਂ ਵਿੱਚ ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਇਹ ਇੱਕ ਅੰਤਰਰਾਸ਼ਟਰੀ ਸਾਜਿਸ਼ ਹੈ। ਹਿੰਦੀ ਨੂੰ ਕਮਜੋਰ ਬਣਾ ਕੇ ਦਰਅਸਲ ਸਾਡੀ ਸੰਸਕ੍ਰਿਤੀ ਦੀਆਂ ਜੜ੍ਹਾਂ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਇਸ ਪੂਰੇ ਖੇਤਰ ਨੂੰ ਨਵੇਂ ਕਿਸਮ ਦੇ ਉਪਨਿਵੇਸ਼ ਵਿੱਚ ਬਦਲਿਆ ਜਾ ਸਕੇ। ਪਰ ਇਹ ਸਮਝਣਾ ਮੁਸ਼ਕਿਲ ਹੈ ਕਿ ਇਹ ਗੱਲਾਂ ਉਹ ਕਿਸਦੇ ਲਈ ਕਹਿੰਦੇ ਹਨ, ਕਿਉਂਕਿ ਸਾਡੀ ਸੰਸਕ੍ਰਿਤੀ ਤਾਂ ਪਹਿਲਾਂ ਹੀ ਕਾਫੀ ਕੁਝ ਬਦਲ ਚੁੱਕੀ ਹੈ। ਹਿੰਦੀ ਦੇ ਪੱਖ ਵਿੱਚ ਅਜਿਹੇ ਭਾਸ਼ਣ ਦੇਣ ਵਾਲਿਆਂ ਵਿਚੋਂ ਹੁਣ ਸ਼ਾਇਦ ਹੀ ਕੋਈ ਧੋਤੀ ਕੁਰਤਾ ਪਹਿਨਦਾ ਹੋਵੇ ਜਾਂ ਆਪਣੇ ਬੈਕਿੰਗ ਆਪਰੇਸ਼ੰਸ ਹਿੰਦੀ ਦੇ ਮਾਧਿਅਮ ਨਾਲ ਚਲਾਉਂਦਾ ਹੋਵੇ।
ਜੇਕਰ ਕਿਸੇ ਦੀ ਨਿਜੀ ਜਾਂ ਪਰਿਵਾਰਿਕ ਜਿੰਦਗੀ ਵਿੱਚ ਹਿੰਦੀ ਦਾ ਹਿੱਸਾ ਘਟਦਾ ਜਾ ਰਿਹਾ ਹੈ, ਪਰ ਉਹ ਦੂਜਿਆਂ ਤੇ ਹਿੰਦੀ ਵਿਰੋਧੀ ਹੋਣ ਦਾ ਦੋਸ਼ ਲਗਾ ਰਿਹਾ ਹੋਵੇ ਤਾਂ ਲੱਗਦਾ ਹੈ ਕਿ ਅਜਿਹਾ ਉਹ ਆਪਣੇ ਅਹੁਦੇ ਅਤੇ ਪ੍ਰਤਿਸ਼ਠਤਾ ਦੇ ਬਚਾਅ ਲਈ ਕਰ ਰਿਹਾ ਹੈ, ਜੋ ਫਿਲਹਾਲ ਉਸ ਨੂੰ ਹਿੰਦੀ ਕਾਰਨ ਪ੍ਰਾਪਤ ਹੋਇਆ ਹੈ। ਹਿੰਦੀ ਦਾ ਮਹੱਤਵ ਵਧਾਉਣਾ ਉਸਦਾ ਅਸਲ ਮਿਸ਼ਨ ਨਹੀਂ ਹੈ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਭਾਸ਼ਾ ਦੇ ਪ੍ਰਤੀ ਭਾਵੁਕ ਬਣਾ ਕੇ ਉਸ ਨਵੀਂ ਪੀੜ੍ਹੀ ਨੂੰ ਵੀ ਗੁੰਮਰਾਹ ਕਰ ਰਿਹਾ ਹੈ, ਜਿਸ ਨੂੰ ਨੌਕਰੀਆਂ ਅਤੇ ਬਾਹਰੀ ਜਰੂਰਤਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਅਸੀਂ ਕਈ ਅਜਿਹੇ ਨੇਤਾਵਾਂ ਨੂੰ ਦੇਖਿਆ ਹੈ ਜਿਨ੍ਹਾਂ ਦੇ ਬੱਚੇ ਵਧੀਆ ਅੰਗਰੇਜੀ ਸਕੂਲਾਂ ਵਿੱਚ ਪੜ੍ਹੇ ਹਨ, ਪਰ ਜੋ ਆਪਣੇ ਭਾਸ਼ਣਾਂ ਵਿੱਚ ਅੰਗਰੇਜੀ ਹਟਾਉਣ ਦੀਆਂ ਗੱਲਾਂ ਕਰਦੇ ਹਨ ਜਾਂ ਸੱਤਾ ਵਿੱਚ ਆਉਣ ਤੇ ਵੋਟ ਰਾਜਨੀਤੀ ਲਈ ਸਕੂਲਾਂ ਵਿੱਚ ਅੰਗਰੇਜੀ ਦੇ ਬਦਲੇ ਹਿੰਦੀ ਲਾਗੂ ਕਰਾਉਂਦੇ ਹਨ।
ਐਨ ਬੀ ਟੀ ਨੇ ਇਹ ਪਹਿਲ ਇਸ ਲਈ ਕੀਤੀ ਹੈ ਤਾਂ ਕਿ ਅਸੀਂ ਸਭ ਆਪਣੇ ਆਪਣੇ ਅੰਦਰ ਝਾਂਕ ਕੇ ਦੇਖੀਏ। ਅਸੀਂ ਤੁਹਾਡੇ ਮਿੱਤਰ ਹਾਂ, ਉਪਦੇਸ਼ਕ ਨਹੀਂ। ਸਾਡਾ ਉਦੇਸ਼ ਆਪਣੇ ਪਾਠਕਾਂ ਦਾ ਸਾਹਮਣਾ ਸਚਾਈ ਨਾਲ ਕਰਵਾਉਣਾ ਹੈ। ਸਾਨੂੰ ਸ਼ੁਤਰਮੁਰਗ ਦੀ ਤਰ੍ਹਾਂ ਹਨੇਰੀ ਦੇਖ ਕੇ ਰੇਤ ਵਿੱਚ ਮੂੰਹ ਨਹੀਂ ਗੱਡਣਾ ਚਾਹੀਦਾ। ਕਿਸੇ ਦੇ ਵੀ ਹਿੰਦੀ ਪ੍ਰੇਮ ਨੂੰ ਉਥੇ ਆਂਕੀਏ ਜਿੱਥੇ ਉਸਦੇ ਨਿਜੀ ਜਾਂ ਪਰਿਵਾਰਿਕ ਹਿੱਤ ਇਸ ਨਾਲ ਪ੍ਰਭਾਵਿਤ ਹੁੰਦੇ ਹੋਣ। ਮੇਰੀਆਂ ਸੰਤਾਨਾਂ ਤਾਂ ਅੰਗਰੇਜੀ ਪੜ੍ਹਣ ਅਤੇ ਦੂਜਿਆਂ ਦੀਆਂ ਸੰਤਾਨਾਂ ਹਿੰਦੀ ਸੇਵੀ ਬਣੀਆਂ ਰਹਿਣ, ਇਹ ਸੋਚਣਾ ਠੀਕ ਨਹੀਂ ਹੋਵੇਗਾ।
ਬਾਲ ਮੁਕੁੰਦ



Designed & Maintained By www. tejinfo.com
Welcome! You are visitor No:
© 2008 Skyhawktimes.com