|
ਲਗਾਤਾਰ ਵੱਧਦੇ ਨਾਜਾਇਜ ਕਬਜਿਆਂ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕੇ ਪ੍ਰਸ਼ਾਸ਼ਨ
ਮੁਹਾਲੀ ਵਾਸੀਆਂ ਨੂੰ ਜਿਹੜੀ ਸਮੱਸਿਆ ਸਭ ਤੋਂ ਜਿਆਦਾ ਪਰੇਸ਼ਾਨ ਕਰਦੀ ਹੈ ਉਹ ਹੈ ਥਾਂ ਥਾਂ ਤੇ ਹੋਏ ਨਾਜਾਇਜ ਕਬਜਿਆਂ ਦੀ ਕਾਰਵਾਈ ਅਤੇ ਸ਼ਹਿਰਵਾਸੀਆਂ ਵਲੋਂ ਅਕਸਰ ਲਗਾਤਾਰ ਵੱਧਦੇ ਇਹਨਾਂ ਨਾਜਾਇਜ ਕਬਜਿਆਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਪਰੰਤੂ ਇਹ ਸਮੱਸਿਆ ਅਜਿਹੀ ਹੈ ਜਿਹੜੀ ਸਮੇਂ ਦੇ ਨਾਲ ਨਾਲ ਲਗਾਤਾਰ ਵੱਧਦੀ ਹੀ ਜਾਂਦੀ ਹੈ। ਪਿਛਲੇ ਸਾਲਾਂ ਦੌਰਾਨ ਜਿੱਥੇ ਸਾਡੇ ਸ਼ਹਿਰ ਨੇ ਤਰੱਕੀ ਦੇ ਕਈ ਪੜਾਅ ਪਾਰ ਕੀਤੇ ਹਨ ਉਥੇ ਇਹਨਾਂ ਨਾਜਾਇਜ ਕਬਜਿਆਂ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਰਿਹਾ ਹੈ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਰਹੀ ਹੈ। ਇਹ ਨਾਜਾਇਜ ਕਬਜੇ ਕਰਨ ਵਾਲੇ ਬੜੇ ਹੀ ਸ਼ਾਤਰ ਕਿਸਮ ਦੇ ਲੋਕ ਹੁੰਦੇ ਹਨ ਅਤੇ ਕਿਸੇ ਵੀ ਸਰਕਾਰੀ ਥਾਂ ਤੇ ਕਬਜਾ ਕਰਕੇ ਆਪਣਾ ਕਾਰੋਬਾਰ ਚਲਾਉਣਾ ਉਹ ਆਪਣਾ ਜਨਮਸਿੱਧ ਅਧਿਕਾਰ ਸਮਝਦੇ ਹਨ। ਅਜਿਹੇ ਲੋਕ ਸਥਾਨਕ ਨੇਤਾਵਾਂ, ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਤਕ ਵੀ ਪਹੁੰਚ ਰੱਖਦੇ ਹਨ ਅਤੇ ਇਸ ਕਾਰਣ ਛੇਤੀ ਕੀਤਿਆਂ ਇਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੁੰਦੀ। ਹਾਲਾਤ ਇਹ ਹਨ ਕਿ ਥਾਂ ਥਾਂ ਤੇ ਸਰਕਾਰੀ ਜਮੀਨ ਤੇ ਨਾਜਾਇਜ ਕਬਜਾ ਕਰਨ ਵਾਲਿਆਂ ਵਿੱਚ ਜਿਵੇਂ ਹੋੜ ਮਚੀ ਹੋਈ ਹੈ ਅਤੇ ਨਾਜਾਇਜ ਕਬਜੇ ਕਰਨ ਵਾਲੇ ਇਹ ਵਿਅਕਤੀ ਕਿਸੇ ਵੀ ਥਾਂ ਤੇ ਆਪਣਾ ਕਬਜਾ ਕਰਕੇ ਆਪਣਾ ਜਾਇਜ-ਨਾਜਾਇਜ ਕਾਰੋਬਾਰ ਸ਼ੁਰੂ ਕਰ ਲੈਂਦੇ ਹਨ। ਮੁਹਾਲੀ ਮਿਉਂਸਪਲ ਕੌਂਸਲ (ਜਿਸ ਉਪਰ ਸ਼ਹਿਰ ਵਿੱਚ ਹੁੰਦੇ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਦੀ ਜਿੰਮੇਵਾਰੀ ਹੈ) ਦੇ ਕਰਮਚਾਰੀ ਦਿਨੋਂ ਦਿਨ ਵੱਧਦੇ ਇਹਨਾਂ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਏ ਹਨ। ਇਹਨਾਂ ਦੀ ਇਸ ਮਾੜੀ ਕਾਰਗੁਜਾਰੀ ਤੋਂ ਦੁਖੀ ਸ਼ਹਿਰਵਾਸੀ ਅਕਸਰ ਇਹ ਇਲਜਾਮ ਲਗਾਉਂਦੇ ਹਨ ਕਿ ਸ਼ਹਿਰ ਵਿੱਚ ਲਗਾਤਾਰ ਵੱਧਦੇ ਇਹ ਨਾਜਾਇਜ ਕਬਜੇ ਮਿਉਂਸਪਲ ਕੌਂਸਲ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਅਮਲੇ ਫੈਲੇ ਦੀ ਮਿਲੀਭੁਗਤ ਨਾਲ ਹੀ ਅੰਜਾਮ ਦਿੱਤੇ ਜਾਂਦੇ ਹਨ ਅਤੇ ਇਹਨਾਂ ਨਾਜਾਇਜ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਲੰਬਾ ਚੌੜਾ ਕਾਰੋਬਾਰ ਚਲਦਾ ਹੈ। ਸ਼ਹਿਰਵਾਸੀ ਮਿਉਂਸਪਲ ਕੌਂਸਲ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਸਟਾਫ ਤੇ ਇਹ ਇਲਜਾਮ ਲਗਾਉਂਦੇ ਹਨ ਕਿ ਉਹਨਾਂ ਵਲੋਂ ਸ਼ਹਿਰ ਵਿੱਚ ਨਾਜਾਇਜ ਕਬਜੇ ਕਰਕੇ ਆਪਣਾ ਕਾਰੋਬਾਰ ਕਰਨ ਕਰਨ ਵਾਲੇ ਲੋਕਾਂ ਤੋਂ ਹਰ ਮਹੀਨੇ ਇੱਕ ਬੱਝਵੀ ਰਕਮ ਵਸੂਲ ਕੀਤੀ ਜਾਂਦੀ ਹੈ ਜਿਸਦੇ ਬਦਲੇ ਇਹ ਕਰਮਚਾਰੀ ਅਜਿਹੇ ਦੁਕਾਨਦਾਰਾਂ ਨੂੰ ਮਨਮਰਜੀ ਨਾਲ ਨਾਜਾਇਜ ਕਬਜੇ ਕਰਨ ਦੀ ਖੁੱਲ ਦੇ ਦਿੰਦੇ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ ਇਸ ਗੱਲ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਮਿਉਂਸਪਲ ਕੌਂਸਲ ਦੀਆਂ ਮੀਟਿੰਗਾਂ ਵਿੱਚ ਵੀ ਕੌਂਸਲ ਦੇ ਕਰਮਚਾਰੀਆਂ ਤੇ ਇਹਨਾਂ ਨਾਜਾਇਜ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦੇਣ ਦੇ ਇਲਜਾਮ ਲੱਗਦੇ ਰਹੇ ਹਨ ਪਰੰਤੂ ਇਹ ਸਮੱਸਿਆ ਫਿਰ ਵੀ ਬਰਕਰਾਰ ਹੈ ਬਲਕਿ ਇਸ ਵਿੱਚ ਸਮੇਂ ਦੇ ਨਾਲ ਹੋਰ ਵਾਧਾ ਹੋ ਰਿਹਾ ਹੈ। ਇਸ ਸਾਰੇ ਕੁੱਝ ਨਾਲ ਇਹ ਜਾਹਿਰ ਹੁੰਦਾ ਹੈ ਕਿ ਮਿਉਂਸਪਲ ਕੌਂਸਲ ਵਲੋਂ ਇਸ ਕੰਮ ਲਈ ਤੈਨਾਤ ਕੀਤੇ ਗਏ ਕਰਮਚਾਰੀ ਅਤੇ ਅਧਿਕਾਰੀ ਆਪਣੀ ਜਿੰਮੇਵਾਰੀ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਇਸ ਸੰਬੰਧੀ ਪਿਛਲੇ ਸਾਲ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਵੀ ਮਿਉਂਸਪਲ ਕੌਂਸਲ ਦੇ ਕੰਮਕਾਜ ਵਿੱਚ ਸੁਧਾਰ ਕਰਨ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰੰਤੂ ਪਰਨਾਲਾ ਉਥੇ ਦਾ ਉਥੇ ਹੀ ਹੈ। ਸ਼ਹਿਰ ਵਿੱਚ ਲਗਾਤਾਰ ਵੱਧਦੇ ਇਹਨਾਂ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਇਹ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਸਖਤ ਕਦਮ ਚੁੱਕੇ ਜਾਣ ਅਤੇ ਇਹਨਾਂ ਨਾਜਾਇਜ ਕਬਜਿਆਂ ਨੂੰ ਖਤਮ ਕਰਨ ਲਈ ਅਸਰਦਾਰ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਇਸਦੇ ਨਾਲ ਨਾਲ ਮਿਉਂਸਪਲ ਕੌਂਸਲ ਦੇ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਕਿ ਉਹ ਇਹਨਾਂ ਨਾਜਾਇਜ ਕਬਜਿਆਂ ਨੂੰ ਮੁੜ ਨਾ ਹੋਣ ਦੇਣ ਅਤੇ ਜਿਹੜਾ ਕਰਮਚਾਰੀ ਇਹਨਾਂ ਨਾਜਾਇਜ ਕਬਜਿਆਂ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਆਪਣੇ ਨਿੱਜੀ ਹਿੱਤਾਂ ਦਾ ਵਧੇਰੇ ਧਿਆਨ ਰੱਖੇ ਉਸਦੇ ਖਿਲਾਫ ਬਣਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ। ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਏ ਇਹਨਾਂ ਨਾਜਾਇਜ ਕਬਜਿਆਂ ਨੂੰ ਖਤਮ ਕਰਵਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰਵਾਸੀਆਂ ਨੂੰ ਇਹਨਾਂ ਨਾਜਾਇਜ ਕਬਜਿਆਂ ਕਾਰਣ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਨਿਜਾਜਤ ਮਿਲ ਸਕੇ।
|
|