ਪਾਕਿਸਤਾਨ ਨਾਲ ਗੱਲਬਾਤ ਅੱਤਵਾਦ ਦੇ ਮੁੱਦੇ ਤੇ ਹੀ ਹੋਵੇ

ਪਾਕਿਸਤਾਨ ਦੇ ਅਸ਼ਾਂਤ ਕਵਾਇਲੀ ਫਾਟਾ ਇਲਾਕੇ ਵਿੱਚ ਤਾਲਿਬਾਨ ਦੇ ਹੱਥੋਂ ਦੋ ਸਿੱਖਾਂ ਦੇ ਕਤਲ ਦੀ ਖਬਰ ਅਜਿਹੇ ਮੌਕੇ ਤੇ ਆਈ ਹੈ, ਜਦੋਂ ਭਾਰਤ-ਪਾਕਿ ਦੇ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਵਾਰਤਾ ਸ਼ੁਰੂ ਹੋਣ ਵਾਲੀ ਹੈ। ਦੱਸਿਆ ਗਿਆ ਹੈ ਕਿ ਮਹੀਨਾ ਪਹਿਲਾਂ ਜਜੀਆ ਦੇਣ ਤੋਂ ਇਨਕਾਰ ਕਰਨ ਤੇ ਤਾਲਿਬਾਨ ਨੇ ਕਈ ਸਿੱਖਾਂ ਨੂੰ ਅਗਵਾ ਕਰ ਲਿਆ ਸੀ ਅਤੇ ਬਦਲੇ ਵਿੱਚ ਕਰੋੜਾਂ ਦੀ ਫਿਰੌਤੀ ਵੀ ਮੰਗੀ ਸੀ।
ਪਾਕਿ-ਤਾਲਿਬਾਨ ਨੇ ਅਗਵਾ ਕੀਤੇ ਸਿੱਖਾਂ ਦੇ ਸਾਹਮਣੇ ਇਸਲਾਮ ਧਰਮ ਕਬੂਲ ਕਰਨ ਜਾਂ ਮੌਤ ਸਵੀਕਾਰ ਕਰਨ ਦਾ ਬਦਲ ਰੱਖਿਆ ਸੀ। ਇਸ ਘਟਨਾ ਨਾਲ ਸਾਬਿਤ ਹੁੰਦਾ ਹੈ ਕਿ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਅੱਤਵਾਦੀ ਹੀ ਪ੍ਰਭਾਵਸ਼ਾਲੀ ਸਥਿਤੀ ਵਿੱਚ ਹਨ। ਉਨ੍ਹਾਂ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ, ਭਾਵੇਂ ਹੀ ਅਫਗਾਨ ਤਾਲਿਬਾਨੀ ਕਮਾਂਡਰ ਮੁੱਲਾ ਬਰਾਦਰ ਦੀ ਗ੍ਰਿਫਤਾਰੀ ਦੇ ਜੋਰ ਤੇ ਉਹ ਅੱਤਵਾਦੀਆਂ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦਾ ਭਾਵੇਂ ਜਿੰਨਾ ਵੱਡਾ ਦਾਅਵਾ ਕਰ ਲੈਣ।
ਵੈਸੇ ਤਾਂ ਖੁਦ ਪਾਕਿਸਤਾਨ ਵੀ ਅੱਤਵਾਦ ਤੋਂ ਬੁਰੀ ਤਰ੍ਹਾਂ ਤ੍ਰਸਤ ਹੈ। ਅੱਤਵਾਦੀ ਜਦੋਂ ਚਾਹੁੰਦੇ ਹਨ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵਾਰਦਾਤ ਕਰਨ ਵਿੱਚ ਸਫਲ ਹੋ ਜਾਂਦੇ ਹਨ, ਪਰ ਪਾਕਿਸਤਾਨ ਸਰਕਾਰ ਇਸ ਮਸਲੇ ਤੇ ਦੋਹਰਾ ਰਵੱਈਆ ਅਪਣਾਉਂਦੀ ਹੈ। ਉਹ ਇੱਕ ਪਾਸੇ ਤਾਂ ਅਮਰੀਕਾ ਤੋਂ ਅੱਤਵਾਦੀਆਂ ਦੇ ਖਿਲਾਫ ਜੰਗ ਦੇ ਬਦਲੇ ਭਾਰੀ ਮਦਦ ਹਾਸਿਲ ਕਰਦੀ ਹੈ ਪਰ ਜਦੋਂ ਭਾਰਤ ਉਸ ਨੂੰ ਅੱਤਵਾਦ ਦੇ ਮਸਲੇ ਤੇ ਗੱਲ ਕਰਨ ਲਈ ਕਹਿੰਦਾ ਤਾਂ ਇਸਦੀ ਥਾਂ ਉਸ ਨੂੰ ਜੰਮੂ ਕਸ਼ਮੀਰ ਮਸਲੇ ਦੀ ਸੁੱਝਣ ਲਗਦੀ ਹੈ। ਉਹ ਮੁੰਬਈ ਹਮਲੇ ਨਾਲ ਜੁੜੇ ਸਬੂਤਾਂ ਨੂੰ ਝੁਠਲਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਪਕੜ ਵਿੱਚ ਆਏ ਖਤਰਨਾਕ ਅੱਤਵਾਦੀਆਂ ਤੇ ਕਾਰਵਾਈ ਵਿੱਚ ਢਿੱਲ ਵਰਤਦੀ ਹੈ।
ਭਾਰਤ ਵਿੱਚ ਹੋਏ ਕਈ ਅੱਤਵਾਦੀ ਹਮਲਿਆਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਜਿਨ੍ਹਾਂ ਸੰਗਠਨਾਂ ਨੇ ਅੰਜਾਮ ਦਿੱਤਾ, ਉਸ ਦੇ ਪਿੱਛੇ ਪਾਕਿਸਤਾਨ ਸਥਿਤ ਅੱਤਵਾਦੀ ਨੈਟਵਰਕ ਦੀ ਭੂਮਿਕਾ ਹੈ। ਭਾਰਤ ਦੀ ਪੁਲੀਸ ਅਤੇ ਜਾਂਚ ਏਜੰਸੀਆਂ ਇਸ ਨਤੀਜੇ ਤੇ ਪਹੁੰਚੀਆਂ ਹਨ ਕਿ ਪਿਛਲੇ ਤਿੰਨ ਸਾਲ ਵਿੱਚ ਇੱਥੇ ਹੋਏ ਕਈ ਧਮਾਕਿਆਂ ਨਾਲ ਇੰਡੀਅਨ ਮੁਜਾਹੁਦੀਨ ਦਾ ਹੀ ਇੱਕ ਮੈਂਬਰ ਮੁਹੰਮਦ ਯਾਸਿਨ ਜੁੜਿਆ ਹੈ, ਜੋ ਇਸ ਸਮੇਂ ਕਰਾਚੀ ਵਿੱਚ ਹੋ ਸਕਦਾ ਹੈ। ਅਜਿਹੇ ਵਿੱਚ ਭਾਰਤ ਆਉਣ ਵਾਲੀ 25 ਫਰਵਰੀ ਦੀ ਗੱਲਬਾਤ ਅੱਤਵਾਦ ਦੇ ਮੁੱਦੇ ਤੇ ਕਿਉਂ ਨਾ ਕਰੇ?
ਇਸ ਤਰ੍ਹਾਂ ਹਰ ਵਾਰਤਾ ਨੂੰ ਵਿਵਾਦਮਈ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਦੇ ਪਿੱਛੇ ਉਸ ਦੀ ਕੀ ਚਾਲ ਹੁੰਦੀ ਹੈ, ਇਹ ਤਾਂ ਹੁਣ ਸਭ ਨੂੰ ਸਮਝ ਵਿੱਚ ਆ ਚੁੱਕਾ ਹੈ। ਉਹ ਆਪਣੀ ਜਮੀਨ ਤੇ ਪਨਪਦੇ ਅੱਤਵਾਦ ਨੂੰ ਕਸ਼ਮੀਰ ਦੀ ਆੜ ਵਿੱਚ ਢਕਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਇਰਾਦਾ ਨੇਕ ਹੋਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਤਾਲਿਬਾਨ ਨੂੰ ਆਪਣੇ ਹਿੱਤਾਂ ਲਈ ਪੋਸਣ ਤੋਂ ਪ੍ਰਹੇਜ ਕਰੇ ਅਤੇ ਜਮੀਨੀ ਅਸਲੀਅਤਾਂ ਨੂੰ ਪਹਿਚਾਣੇ।



Designed & Maintained By www. tejinfo.com
Welcome! You are visitor No:
© 2008 Skyhawktimes.com